15.8 C
Toronto
Tuesday, September 30, 2025
spot_img
Homeਪੰਜਾਬਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਨੇੜਲੇ ਖੇਤਰ ਦੀ ਪਵਿੱਤਰਤਾ ਕਾਇਮ ਰੱਖਣ 'ਤੇ ਜ਼ੋਰ

ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਨੇੜਲੇ ਖੇਤਰ ਦੀ ਪਵਿੱਤਰਤਾ ਕਾਇਮ ਰੱਖਣ ‘ਤੇ ਜ਼ੋਰ

ਟਰੱਸਟ ਦੇ ਚੇਅਰਮੈਨ ਵੱਲੋਂ ਵਣ ਵਿਭਾਗ ਉੱਤਰਾਖੰਡ ਦੇ ਮੁਖੀ ਨਾਲ ਮੁਲਾਕਾਤ
ਅੰਮ੍ਰਿਤਸਰ/ਬਿਊਰੋ ਨਿਊਜ਼ : ਸ੍ਰੀ ਹੇਮਕੁੰਟ ਸਾਹਿਬ ਮੈਨੇਜਮੈਂਟ ਟਰੱਸਟ ਅਤੇ ਉੱਤਰਾਖੰਡ ਜੰਗਲਾਤ ਵਿਭਾਗ ਵੱਲੋਂ ਹੇਮਕੁੰਟ ਸਾਹਿਬ ਵਾਲੇ ਇਲਾਕੇ ‘ਚ ਪੈਂਦੀ ਫੁੱਲਾਂ ਦੀ ਘਾਟੀ ਦੀ ਸੁੰਦਰਤਾ ਅਤੇ ਸ੍ਰੀ ਹੇਮਕੁੰਟ ਸਾਹਿਬ ਯਾਤਰਾ ਦੀ ਅਧਿਆਤਮਿਕਤਾ ਨੂੰ ਬਰਕਰਾਰ ਰੱਖਣ ਵਾਸਤੇ ਮਿਲ ਕੇ ਕੰਮ ਕੀਤਾ ਜਾਵੇਗਾ। ਇਹ ਜਾਣਕਾਰੀ ਸ੍ਰੀ ਹੇਮਕੁੰਟ ਸਾਹਿਬ ਮੈਨੇਜਮੈਂਟ ਟਰੱਸਟ ਦੇ ਚੇਅਰਮੈਨ ਨਰਿੰਦਰਜੀਤ ਸਿੰਘ ਬਿੰਦਰਾ ਨੇ ਦਿੱਤੀ।
ਉਨ੍ਹਾਂ ਹਾਲ ਹੀ ਵਿੱਚ ਉੱਤਰਾਖੰਡ ਦੇ ਨਵ-ਨਿਯੁਕਤ ਜੰਗਲਾਤ ਵਿਭਾਗ ਦੇ ਮੁਖੀ ਸਮੀਰ ਸਿਨਹਾ ਨਾਲ ਮੁਲਾਕਾਤ ਕੀਤੀ ਹੈ। ਉਨ੍ਹਾਂ ਦੱਸਿਆ ਕਿ ਵਿਸ਼ਵ ਵਿਰਾਸਤ ਦਾ ਦਰਜਾ ਪ੍ਰਾਪਤ ਫੁੱਲਾਂ ਦੀ ਘਾਟੀ ਅਤੇ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਇੱਕੋ ਇਲਾਕੇ ਵਿੱਚ ਹਨ। ਉਨ੍ਹਾਂ ਕਿਹਾ ਕਿ ਪ੍ਰਬੰਧਕੀ ਟਰੱਸਟ ਇਸ ਖੇਤਰ ਦੀ ਪਵਿੱਤਰਤਾ ਅਤੇ ਕੁਦਰਤੀ ਸੁੰਦਰਤਾ ਨੂੰ ਕਾਇਮ ਰੱਖਣ ਵਾਸਤੇ ਉੱਤਰਾਖੰਡ ਜੰਗਲਾਤ ਵਿਭਾਗ ਨਾਲ ਮਿਲ ਕੇ ਕੰਮ ਕਰਨ ਲਈ ਵਚਨਬੱਧ ਹੈ।
ਉਨ੍ਹਾਂ ਦੱਸਿਆ ਕਿ ਦੋਵਾਂ ਵਿਚਾਲੇ ਹੋਈ ਮੀਟਿੰਗ ਦੌਰਾਨ ਸਿਨਹਾ ਨੇ ਖੇਤਰ ਵਿੱਚ ਵਧ ਰਹੀ ਸੈਲਾਨੀਆਂ ਦੀ ਗਿਣਤੀ ਦੇ ਪ੍ਰਬੰਧਨ ਅਤੇ ਇਸ ਦੇ ਵਾਤਾਵਰਣ ‘ਤੇ ਪੈ ਰਹੇ ਪ੍ਰਭਾਵ ਨੂੰ ਘਟਾਉਣ ਸਬੰਧੀ ਉਪਾਵਾਂ ਬਾਰੇ ਵਿਸਥਾਰ ਨਾਲ ਚਰਚਾ ਕੀਤੀ। ਉਨ੍ਹਾਂ ਨੇ ਫੁੱਲਾਂ ਦੀ ਘਾਟੀ ਅਤੇ ਸ੍ਰੀ ਹੇਮਕੁੰਟ ਸਾਹਿਬ ਦੀ ਕੁਦਰਤੀ ਅਤੇ ਅਧਿਆਤਮਿਕ ਵਿਰਾਸਤ ਨੂੰ ਸੁਰੱਖਿਤ ਰੱਖਣ ਵਾਸਤੇ ਵਿਕਲਪਕ ਰਸਤੇ, ਬਿਹਤਰ ਬੁਨਿਆਦੀ ਢਾਂਚਾ ਅਤੇ ਵਾਤਾਵਰਣ ਅਨੁਕੂਲ ਕਾਰਜਾਂ ਨੂੰ ਅਪਣਾਉਣ ‘ਤੇ ਜ਼ੋਰ ਦਿੱਤਾ ਹੈ।
ਉਨ੍ਹਾਂ ਆਖਿਆ ਕਿ ਫੁੱਲਾਂ ਦੀ ਘਾਟੀ ਨੂੰ ਯੂਨੈਸਕੋ ਵੱਲੋਂ ਵਿਸ਼ਵ ਵਿਰਾਸਤ ਦਾ ਦਰਜਾ ਪ੍ਰਾਪਤ ਹੈ। ਇਹ ਘਾਟੀ ਵਿਲੱਖਣ ਜੈਵ ਵਿਭਿੰਨਤਾ ਅਤੇ ਦੁਰਲੱਭ ਫੁੱਲਾਂ ਲਈ ਜਾਣੀ ਜਾਂਦੀ ਹੈ। ਇਸ ਦੇ ਨਾਲ ਹੀ ਸਮੁੰਦਰ ਤਲ ਤੋਂ ਲਗਪਗ 4632 ਮੀਟਰ ਦੀ ਉੱਚਾਈ ‘ਤੇ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਸਥਿਤ ਹੈ। ਜਿੱਥੇ ਹਰ ਸਾਲ ਲੱਖਾਂ ਦੀ ਗਿਣਤੀ ‘ਚ ਸ਼ਰਧਾਲੂ ਨਤਮਸਤਕ ਹੋਣ ਲਈ ਪੁੱਜਦੇ ਹਨ। ਇਹ ਦੋਵੇਂ ਅਸਥਾਨ ਆਪਣੀ ਅਧਿਆਤਮਿਕਤਾ ਅਤੇ ਕੁਦਰਤੀ ਸੁੰਦਰਤਾ ਲਈ ਪੂਰੀ ਦੁਨੀਆ ‘ਚ ਮਸ਼ਹੂਰ ਹਨ।
ਬਿੰਦਰਾ ਨੇ ਦੱਸਿਆ ਕਿ ਇਸ ਮੀਟਿੰਗ ਦੌਰਾਨ ਫੁੱਲਾਂ ਦੀ ਘਾਟੀ ਅਤੇ ਹੇਮਕੁੰਟ ਸਾਹਿਬ ਯਾਤਰਾ ਦੇ ਪ੍ਰਬੰਧਨ ਅਤੇ ਸੰਭਾਲ ਨਾਲ ਸਬੰਧਤ ਅਹਿਮ ਮੁੱਦਿਆਂ ਤੇ ਧਿਆਨ ਕੇਂਦਰਿਤ ਕੀਤਾ ਗਿਆ ਸੀ। ਜ਼ਿਕਰਯੋਗ ਹੈ ਕਿ ਮਈ ਦੇ ਆਖ਼ਰੀ ਹਫ਼ਤੇ ਵਿੱਚ ਸ਼ੁਰੂ ਹੋਈ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਦੌਰਾਨ ਹੁਣ ਤੱਕ ਹਜ਼ਾਰਾਂ ਸ਼ਰਧਾਲੂ ਗੁਰੂਘਰ ‘ਚ ਨਤਮਸਤਕ ਹੋ ਚੁੱਕੇ ਹਨ।

RELATED ARTICLES
POPULAR POSTS