ਅਕਾਲੀ ਆਗੂ ਵੱਲੋਂ ਕਾਰਵਾਈ ਬਦਲੇ ਦੀ ਭਾਵਨਾ ਕਰਾਰ
ਮੁਹਾਲੀ/ਬਿਊਰੋ ਨਿਊਜ਼ : ਪੰਜਾਬ ਵਿਜੀਲੈਂਸ ਬਿਊਰੋ ਦੇ ਏਆਈਜੀ ਸਵਰਨਦੀਪ ਸਿੰਘ ਦੇ ਬਿਆਨਾਂ ਉੱਤੇ ਵਿਜੀਲੈਂਸ ਬਿਊਰੋ ਦੇ ਮੁਹਾਲੀ ਸਥਿਤ ਮੁੱਖ ਦਫ਼ਤਰ ‘ਚ ਐੱਫਆਈਆਰ ਨੰਬਰ 22 ਤਹਿਤ ਬੁੱਧਵਾਰ ਤੜਕੇ 4 ਵਜ ਕੇ 40 ਮਿੰਟ ਉੱਤੇ ਸਾਬਕਾ ਅਕਾਲੀ ਮੰਤਰੀ ਬਿਕਰਮ ਸਿੰਘ ਮਜੀਠੀਆ ਖ਼ਿਲਾਫ਼ ਪੀਬੀਐਕਟ 1988 ਅਤੇ ਅਮੈਂਡਮੈਂਟ ਐਕਟ 2018 ਦੇ ਸੈਕਸ਼ਨ 13(1) ਬੀ, ਰ/ਵ 13(2) ਅਧੀਨ ਮੁਕੱਦਮਾ ਦਰਜ ਕੀਤਾ ਗਿਆ। ਮਜੀਠੀਆ ਨੂੰ ਅੰਮ੍ਰਿਤਸਰ ਤੋਂ ਗ੍ਰਿਫ਼ਤਾਰ ਕਰਕੇ ਸ਼ਾਮ ਚਾਰ ਵਜ ਕੇ ਪੰਜ ਮਿੰਟ ਉੱਤੇ ਵਿਜੀਲੈਂਸ ਬਿਊਰੋ ਦੇ ਫੇਜ਼-8 ਵਿਚਲੇ ਮੁੱਖ ਦਫ਼ਤਰ ਵਿਖੇ ਲਿਆਂਦਾ ਗਿਆ। ਐੱਸਪੀ ਰਮਨਦੀਪ ਸਿੰਘ, ਡੀਐੱਸਪੀ ਹਰਸਿਮਰਨ ਸਿੰਘ ਬੱਲ ਸਮੇਤ ਵੱਡੀ ਗਿਣਤੀ ਵਿਚ ਪੁਲਿਸ ਅਧਿਕਾਰੀ ਅਤੇ ਕਰਮਚਾਰੀ ਵਿਜੀਲੈਂਸ ਭਵਨ ਦੇ ਬਾਹਰ ਤਾਇਨਾਤ ਸਨ ਅਤੇ ਸਮੁੱਚਾ ਖੇਤਰ ਪੁਲਿਸ ਛਾਉਣੀ ਵਿਚ ਤਬਦੀਲ ਕੀਤਾ ਹੋਇਆ ਸੀ। ਮਜੀਠੀਆ ਖ਼ਿਲਾਫ਼ 2021 ਵਿਚ ਦਰਜ ਐੱਫਆਈਆਰ ਦੀ ਸਿੱਟ ਅਤੇ ਵਿਜੀਲੈਂਸ ਬਿਊਰੋ ਵੱਲੋਂ ਕੀਤੀ ਜਾਂਚ ਦੇ ਆਧਾਰ ਉੱਤੇ ਤਾਜ਼ਾ ਕੇਸ ਦਰਜ ਕੀਤਾ ਗਿਆ ਹੈ। ਕੇਸ ਵਿਚ ਜਾਂਚ ਟੀਮ ਵੱਲੋਂ ਮਜੀਠੀਆ ਖ਼ਿਲਾਫ਼ ਸਰੋਤਾਂ ਤੋਂ ਵੱਧ ਜਾਇਦਾਦ ਬਣਾਉਣ ਅਤੇ ਵੱਡੀ ਪੱਧਰ ‘ਤੇ ਮਨੀ ਲਾਂਡਰਿੰਗ ਕਰਨ ਦਾ ਦਾਅਵਾ ਕੀਤਾ ਗਿਆ ਹੈ। ਉਨ੍ਹਾਂ ਸਰਾਇਆ ਇੰਡਸਟਰੀਜ਼ ਦੇ ਲੈਣ-ਦੇਣ ਵਿਚ ਪ੍ਰਾਪਤ ਹੋਈ ਵੱਡੀ ਰਾਸ਼ੀ ਦਾ ਵੀ ਪਰਚੇ ਵਿਚ ਜ਼ਿਕਰ ਕੀਤਾ ਹੈ। ਐੱਫਆਈਆਰ ਵਿੱਚ ਬਿਕਰਮ ਮਜੀਠੀਆ ਦੇ ਕੰਟਰੋਲ ਵਾਲੀਆਂ ਕੰਪਨੀਆਂ ਵਿਚ 161 ਕਰੋੜ ਦੀ ਨਕਦੀ, ਵਿਦੇਸ਼ੀ ਸੰਸਥਾਵਾਂ ਰਾਹੀਂ 141 ਕਰੋੜ ਦੇ ਲੈਣ-ਦੇਣ ਅਤੇ ਹੋਰ ਵਿੱਤੀ ਵੇਰਵਿਆਂ ਦੇ ਸਪੱਸ਼ਟੀਕਰਨ ਤੋਂ ਬਿਨਾਂ ਰਾਸ਼ੀ ਹੋਣ ਦਾ ਜ਼ਿਕਰ ਕੀਤਾ ਗਿਆ ਹੈ। ਵਿਜੀਲੈਂਸ ਬਿਊਰੋ ਵੱਲੋਂ ਦਰਜ ਐੱਫਆਈਆਰ ਵਿਚ ਮਜੀਠੀਆ ਵੱਲੋਂ 2007-08 ਅਤੇ 2011-12 ਦਰਮਿਆਨ ਭਰੀਆਂ ਗਈਆਂ ਆਮਦਨ ਕਰ ਰਿਟਰਨਾਂ ਅਤੇ ਚੋਣਾਂ ਲੜਨ ਸਮੇਂ ਦਰਸਾਈ ਗਈ ਆਮਦਨ ਵਿੱਚ ਵੱਡਾ ਫ਼ਰਕ ਅਤੇ ਆਮਦਨ ‘ਚ ਇਜ਼ਾਫ਼ਾ ਹੋਣ ਦੀ ਗੱਲ ਵੀ ਆਖੀ ਗਈ ਹੈ ਅਤੇ ਇਸ ਰਾਸ਼ੀ ਦੇ ਸਰੋਤਾਂ ਸਬੰਧੀ ਉਂਗਲ ਚੁੱਕੀ ਗਈ ਹੈ।
ਵਿਜੀਲੈਂਸ ਬਿਊਰੋ 540 ਕਰੋੜ ਤੋਂ ਵੱਧ ਦੀ ਰਾਸ਼ੀ ਦੀ ਜਾਂਚ ਕਰ ਰਹੀ ਹੈ। ਵਿਜੀਲੈਂਸ ਬਿਊਰੋ ਵੱਲੋਂ ਮਜੀਠੀਆ ਖ਼ਿਲਾਫ਼ ਵੱਖ-ਵੱਖ ਥਾਵਾਂ ਉੱਤੇ ਮਾਰੇ ਗਏ ਛਾਪਿਆਂ ਦੌਰਾਨ 30 ਤੋਂ ਵੱਧ ਮੋਬਾਈਲ ਫੋਨ, ਪੰਜ ਲੈਪਟਾਪ, ਤਿੰਨ ਆਈਪੈਡ, ਦੋ ਡੈਸਕਟਾਪ, ਕਈਂ ਡਾਇਰੀਆਂ ਅਤੇ ਹੋਰ ਦਸਤਾਵੇਜ਼ਾਂ ਨੂੰ ਵੀ ਕਬਜ਼ੇ ਵਿਚ ਲਏ ਜਾਣ ਦੀ ਸੂਚਨਾ ਹੈ।
ਅਦਾਲਤ ਨੇ ਮਜੀਠੀਆ ਨੂੰ 7 ਦਿਨਾਂ ਦੇ ਰਿਮਾਂਡ ‘ਤੇ ਭੇਜਿਆ
ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਅਦਾਲਤ ਨੇ 7 ਦਿਨਾਂ ਦੇ ਰਿਮਾਂਡ ‘ਤੇ ਭੇਜ ਦਿੱਤਾ ਹੈ। ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਵੀਰਵਾਰ ਨੂੰ ਮਜੀਠੀਆ ਨੂੰ ਮੁਹਾਲੀ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ ਅਤੇ ਵਿਜੀਲੈਂਸ ਬਿਊਰੋ ਨੇ ਅਦਾਲਤ ਕੋਲੋਂ ਮਜੀਠੀਆ ਦਾ 12 ਦਿਨਾਂ ਦਾ ਰਿਮਾਂਡ ਮੰਗਿਆ। ਲੰਬੀ ਚੱਲੀ ਬਹਿਸ ਤੋਂ ਬਾਅਦ ਅਦਾਲਤ ਨੇ ਮਜੀਠੀਆ ਨੂੰ 7 ਦਿਨਾਂ ਦੇ ਰਿਮਾਂਡ ‘ਤੇ ਭੇਜ ਦਿੱਤਾ ਅਤੇ ਇਸ ਮਾਮਲੇ ਦੀ ਅਗਲੀ ਸੁਣਵਾਈ 2 ਜੁਲਾਈ ਨੂੰ ਹੋਵੇਗੀ।
ਮਜੀਠੀਆ ਨੂੰ ਗ੍ਰਿਫਤਾਰ ਕਰਨਾ ਸਿਆਸੀ ਬਦਲਾਖੋਰੀ : ਧਾਮੀ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਖਿਲਾਫ ਵਿਜੀਲੈਂਸ ਵਿਭਾਗ ਦੀ ਕਾਰਵਾਈ ਦੀ ਨਿਖੇਧੀ ਕਰਦਿਆਂ ਇਸ ਨੂੰ ਪੰਜਾਬ ਸਰਕਾਰ ਦੀ ਬੁਖਲਾਹਟ ਤੇ ਸਿਆਸੀ ਦੁਸ਼ਮਣੀ ਤੋਂ ਪ੍ਰੇਰਿਤ ਕਦਮ ਕਰਾਰ ਦਿੱਤਾ ਹੈ। ਧਾਮੀ ਨੇ ਕਿਹਾ ਕਿ ਲੋਕਤੰਤਰ ‘ਚ ਕਿਸੇ ਵੀ ਜਨਤਕ ਆਗੂ ਨੂੰ ਧੱਕੇਸ਼ਾਹੀ ਨਾਲ ਗ੍ਰਿਫ਼ਤਾਰ ਕਰਨਾ ਬੇਹੱਦ ਨਿੰਦਣਯੋਗ ਹੈ। ਉਨ੍ਹਾਂ ਦੀ ਪਤਨੀ ਗਨੀਵ ਕੌਰ ਮਜੀਠੀਆ ਮੌਜੂਦਾ ਵਿਧਾਇਕ ਹਨ, ਜਿਸ ਦੇ ਬਾਵਜੂਦ ਮਜੀਠੀਆ ਪਰਿਵਾਰ ਦੇ ਘਰ ਬਿਨਾਂ ਕਿਸੇ ਨੋਟਿਸ ਦੇ ਘੁਸਪੈਠ ਕਰਨਾ ਸਰਕਾਰ ਦੀ ਘਟੀਆ ਸੋਚ ਦਾ ਪ੍ਰਤੀਕ ਹੈ।
ਬਦਲਾਖੋਰੀ ਤਹਿਤ ਕੀਤੀ ਕਾਰਵਾਈ ਨਾਲ ਸਹਿਮਤ ਨਹੀਂ: ਗਿਆਨੀ ਹਰਪ੍ਰੀਤ ਸਿੰਘ
ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਬਿਕਰਮ ਸਿੰਘ ਮਜੀਠੀਆ ਖਿਲਾਫ ਵਿਜੀਲੈਂਸ ਕਾਰਵਾਈ ਨਾਲ ਅਸਹਿਮਤੀ ਜਤਾਈ ਹੈ। ਗਿਆਨੀ ਹਰਪ੍ਰੀਤ ਸਿੰਘ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਪੋਸਟ ‘ਚ ਕਿਹਾ, ”ਮੈਂ ਬਦਲੇ ਦੀ ਭਾਵਨਾ ਨਾਲ ਕੀਤੀ ਕਿਸੇ ਵੀ ਕਾਰਵਾਈ ਨਾਲ ਸਹਿਮਤ ਨਹੀਂ। ਜੇ ਸਰਕਾਰ ਨੇ ਬਿਕਰਮ ਸਿੰਘ ਮਜੀਠੀਆ ਖਿਲਾਫ ਵਿਜੀਲੈਂਸ ਦੀ ਕਾਰਵਾਈ ਬਿਨਾਂ ਕਿਸੇ ਠੋਸ ਸਬੂਤ ਤੋਂ ਕੀਤੀ ਹੈ ਤਾਂ ਇਹ ਨੈਤਿਕ ਤੌਰ ‘ਤੇ ਵੀ ਸ਼ਰਮਸ਼ਾਰ ਕਰਨ ਵਾਲੀ ਘਟਨਾ ਹੈ। ਇਹ ਸਰਕਾਰ ਨੂੰ ਵੀ ਕਟਹਿਰੇ ਵਿੱਚ ਖੜ੍ਹਾ ਕਰਦੀ ਹੈ।”
ਡੇਢ ਸਾਲ ਬਾਅਦ ਹਰ ਗੱਲ ਦਾ ਲਿਆ ਜਾਵੇਗਾ ਹਿਸਾਬ : ਸੁਖਬੀਰ ਬਾਦਲ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਆਗੂ ਬਿਕਰਮ ਸਿੰਘ ਮਜੀਠੀਆ ਦੀ ਗ੍ਰਿਫਤਾਰੀ ਲਈ ਪੰਜਾਬ ਸਰਕਾਰ ਉੱਪਰ ਧੱਕੇਸ਼ਾਹੀ ਦੇ ਦੋਸ਼ ਲਗਾਏ। ਉਨ੍ਹਾਂ ਕਿਹਾ ਕਿ ਉਹ ਸ਼੍ਰੋਮਣੀ ਅਕਾਲੀ ਦਲ ਦਾ ਵਰਕਰ ਹੈ, ਜਿਸ ਨੇ ਸੰਘਰਸ਼ਾਂ ਦੌਰਾਨ 16 ਸਾਲ ਜੇਲ੍ਹ ਕੱਟੀ ਹੈ। ਉਨ੍ਹਾਂ ਕਿਹਾ ਕਿ ਉਹ ਇਸ ਕਾਰਵਾਈ ਤੋਂ ਡਰਨ ਵਾਲਾ ਨਹੀਂ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ‘ਸਰਕਾਰ ਦਾ ਸਿਰਫ ਡੇਢ ਸਾਲ ਬਾਕੀ ਰਹਿ ਗਿਆ ਹੈ, ਉਸ ਮਗਰੋਂ ਮਾਨ ਸਰਕਾਰ ਵੱਲੋਂ ਕੀਤੀ ਗਈਆਂ ਮਨਮਰਜ਼ੀਆਂ ਦਾ ਹਿਸਾਬ ਲਿਆ ਜਾਵੇਗਾ’।
ਭਗਵੰਤ ਮਾਨ ਨੇ ਮਜੀਠੀਆ ਦੀ ਗ੍ਰਿਫਤਾਰੀ ਨੂੰ ਦੱਸਿਆ ਸਹੀ
ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਮਾਨ ਨੇ ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਦੀ ਗ੍ਰਿਫ਼ਤਾਰੀ ਨੂੰ ਸਹੀ ਦੱਸਦਿਆਂ ਇਸ਼ਾਰਾ ਕੀਤਾ ਹੈ ਕਿ ਆਉਂਦੇ ਦਿਨਾਂ ਵਿੱਚ ਨਸ਼ਾ ਤਸਕਰੀ ਦੇ ਮਾਮਲਿਆਂ ‘ਚ ਹੋਰ ਵੱਡੇ ਸਿਆਸਤਦਾਨਾਂ ਅਤੇ ਅਫ਼ਸਰਾਂ ਨੂੰ ਹੱਥ ਪਵੇਗਾ। ਉਨ੍ਹਾਂ ਕਿਹਾ ਕਿ ਵਿਰੋਧੀ ਆਗੂ ਪਹਿਲਾਂ ਆਖਦੇ ਸਨ ਕਿ ‘ਵੱਡੇ ਮਗਰਮੱਛ’ ਨਸ਼ਾ ਤਸਕਰੀ ਕੇਸਾਂ ਵਿੱਚ ਫੜੇ ਨਹੀਂ ਜਾ ਰਹੇ ਹਨ ਅਤੇ ਹੁਣ ਜਦੋਂ ਪੰਜਾਬ ਸਰਕਾਰ ਨੇ ਇਨ੍ਹਾਂ ਨੂੰ ਹੱਥ ਪਾਇਆ ਹੈ ਤਾਂ ਵਿਰੋਧੀ ਪਲਟੀ ਖਾ ਗਏ ਹਨ ਕਿ ਇਹ ਐਕਸ਼ਨ ਸਰਕਾਰ ਨੇ ਗ਼ਲਤ ਕੀਤਾ ਹੈ। ਉਨ੍ਹਾਂ ਕਿਹਾ ਕਿ ਵਿਰੋਧੀ ਆਗੂ ਵੀ ਇਸ ਮਾਮਲੇ ਵਿੱਚ ਬੇਪਰਦ ਹੋ ਗਏ ਹਨ। ਉਨ੍ਹਾਂ ਇਹ ਵੀ ਸਾਫ਼ ਕੀਤਾ ਕਿ ਨਸ਼ਾ ਤਸਕਰੀ ਕਰਨ ਵਾਲਿਆਂ ‘ਤੇ ਕੋਈ ਤਰਸ ਨਹੀਂ ਕੀਤਾ ਜਾਵੇਗਾ ਅਤੇ ਨਾ ਹੀ ਕਿਸੇ ਸਿਫ਼ਾਰਸ਼ ਦੀ ਪ੍ਰਵਾਹ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਉਹ ਪੰਜਾਬੀਆਂ ਨੂੰ ਜਵਾਬਦੇਹ ਹਨ। ਮੁੱਖ ਮੰਤਰੀ ਨੇ ਕਿਹਾ ਕਿ ਲੋਕਾਂ ਦੇ ਘਰਾਂ ਵਿੱਚ ਸੱਥਰ ਵਿਛਾਉਣ ਵਾਲੇ ਬਖ਼ਸ਼ੇ ਨਹੀਂ ਜਾਣਗੇ।
Check Also
ਹੁਸ਼ਿਆਰਪੁਰ ਦੇ ਕਸਬਾ ਹਰਿਆਣਾ ’ਚ ਗਊਸ਼ਾਲਾ ਦਾ ਲੈਂਟਰ ਡਿੱਗਿਆ-20 ਤੋਂ ਵੱਧ ਗਊਆਂ ਦੀ ਮੌਤ
ਜ਼ਖਮੀ ਗਊਆਂ ਦਾ ਕੀਤਾ ਜਾ ਰਿਹੈ ਇਲਾਜ ਹੁਸ਼ਿਆਰਪੁਰ/ਬਿਊਰੋ ਨਿਊਜ਼ ਹੁਸ਼ਿਆਰਪੁਰ ਜ਼ਿਲ੍ਹੇ ਦੇ ਕਸਬਾ ਹਰਿਆਣਾ …