27.2 C
Toronto
Sunday, October 5, 2025
spot_img
Homeਪੰਜਾਬਸਾਬਕਾ ਫੌਜੀ ਵੀ ਲਗਾ ਰਹੇ ਹਨ ਕਿਸਾਨ ਏਕਤਾ ਜ਼ਿੰਦਾਬਾਦ ਦੇ ਨਾਅਰੇ

ਸਾਬਕਾ ਫੌਜੀ ਵੀ ਲਗਾ ਰਹੇ ਹਨ ਕਿਸਾਨ ਏਕਤਾ ਜ਼ਿੰਦਾਬਾਦ ਦੇ ਨਾਅਰੇ

ਕਿਸਾਨੀ ਧਰਨਿਆਂ ‘ਚ ਸਿਪਾਹੀ ਤੋਂ ਲੈ ਕੇ ਬ੍ਰਿਗੇਡੀਅਰ ਰੈਂਕ ਤੱਕ ਦੇ ਸੇਵਾਮੁਕਤ ਫੌਜੀ ਪਹੁੰਚੇ
ਨਵੀਂ ਦਿੱਲੀ/ਬਿਊਰੋ ਨਿਊਜ਼ : ਭਾਰਤੀ ਫ਼ੌਜ ਵਿੱਚ ਨੌਕਰੀ ਕਰਦੇ ਜ਼ਿਆਦਾਤਰ ਜਵਾਨ ਖੇਤੀ ਕਰਨ ਵਾਲੇ ਪਰਿਵਾਰਾਂ ਵਿੱਚੋਂ ਆਉਂਦੇ ਹਨ, ਜੋ ਨੌਕਰੀ ਪੂਰੀ ਕਰਕੇ ਆਪਣੇ ਖੇਤਾਂ ਵੱਲ ਪਰਤ ਜਾਂਦੇ ਹਨ। ਹੁਣ ਉਹੀ ਸੇਵਾਮੁਕਤ ਫ਼ੌਜੀ ਦੇਸ਼ ਵਿੱਚ ਚੱਲ ਰਹੇ ਕਿਸਾਨ ਅੰਦੋਲਨ ਵਿੱਚ ਸ਼ਾਮਲ ਹੋ ਰਹੇ ਹਨ। ਉਨ੍ਹਾਂ ਨੂੰ ਆਪਣੀਆਂ ਵਰਦੀਆਂ ਮੁੜ ਪਹਿਨ ਕੇ ਆਪਣੇ ਜਿੱਤੇ ਹੋਏ ਤਗ਼ਮੇ ਛਾਤੀ ‘ਤੇ ਸਜਾ ਕੇ ‘ਕਿਸਾਨ ਏਕਤਾ ਜ਼ਿੰਦਾਬਾਦ’, ‘ਜੈ ਜਵਾਨ ਜੈ ਕਿਸਾਨ’ ਦੇ ਨਾਅਰੇ ਲਗਾ ਕੇ ਕਿਸਾਨਾਂ ਨਾਲ ਇਕਜੁੱਟਤਾ ਦਾ ਪ੍ਰਗਟਾਵਾ ਕਰਦੇ ਹੋਏ ਦਿੱਲੀ ਦੇ ਕਿਸਾਨ ਧਰਨਿਆਂ ਵਿੱਚ ਆਮ ਦੇਖਿਆ ਜਾ ਸਕਦਾ ਹੈ। ਇਨ੍ਹਾਂ ਮੋਰਚਿਆਂ ‘ਚ ਸਿਪਾਹੀ ਤੋਂ ਲੈ ਕੇ ਬ੍ਰਿਗੇਡੀਅਰ ਰੈਂਕ ਤੱਕ ਦੇ ਸੇਵਾਮੁਕਤ ਫ਼ੌਜੀ ਦੇਖੇ ਜਾ ਸਕਦੇ ਹਨ। ਸਰਬ ਹਿੰਦ ਫ਼ੌਜੀ ਭਾਈਚਾਰਾ ਸੰਸਥਾ ਦੇ ਸੂਬਾ ਪ੍ਰਧਾਨ ਬ੍ਰਿਗੇਡੀਅਰ ਕੁਲਦੀਪ ਸਿੰਘ ਕਾਹਲੋਂ ਵੀ ਫ਼ੌਜੀ ਤਗ਼ਮੇ ਛਾਤੀ ‘ਤੇ ਸਜਾ ਕੇ ਦਿੱਲੀ ਦੇ ਕਿਸਾਨ ਮੋਰਚਿਆਂ ਵਿੱਚ ਸ਼ਾਮਲ ਹੋਏ ਤੇ ਮੋਰਚਿਆਂ ਦੇ ਪ੍ਰਬੰਧਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਇਸ ਘੋਲ ਪਿੱਛੇ ਮਹਿਲਾਵਾਂ ਦੀ ਖ਼ਾਸ ਭੂਮਿਕਾ ਹੈ ਤੇ ‘ਮਹਿਲਾ ਕਿਸਾਨ ਦਿਵਸ’ ਮੌਕੇ ਉਹ ਆਪਣੀ ਤਾਕਤ ਦਿਖਾਉਣਗੀਆਂ। ਕਾਹਲੋਂ ਨੇ ਦੱਸਿਆ ਕਿ ਫ਼ੌਜੀ ਪਰਿਵਾਰਾਂ ਦੀਆਂ ਮਹਿਲਾਵਾਂ ਵੀ ਕਿਸਾਨੀ ਸੰਘਰਸ਼ ਵਿੱਚ ਸ਼ਾਮਲ ਹੋਣਗੀਆਂ। ਉਨ੍ਹਾਂ 1965 ਦੀ ਜੰਗ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਦੋਂ ਕਿਸਾਨਾਂ ਨੇ ਅਗਲੇ ਮੋਰਚਿਆਂ ‘ਤੇ ਜਾ ਕੇ ਫ਼ੌਜੀਆਂ ਦੀ ਹਰ ਸੰਭਵ ਮਦਦ ਕੀਤੀ ਸੀ ਤੇ ਹੁਣ ਸੈਨਿਕ ਵਰਗ ਉਹੀ ਭੂਮਿਕਾ ਕਿਸਾਨ ਮੋਰਚਿਆਂ ਵਿੱਚ ਨਿਭਾਅ ਰਿਹਾ ਹੈ। ਚੇਤੇ ਰਹੇ ਕਿ ਖੇਤੀ ਕਾਨੂੰਨਾਂ ਖ਼ਿਲਾਫ਼ ਮੋਰਚੇ ਸ਼ੁਰੂ ਹੋਣ ਵੇਲੇ ਸਾਬਕਾ ਫ਼ੌਜੀਆਂ ਨੇ ਆਪਣੇ ਤਗ਼ਮੇ ਵਾਪਸ ਕਰਨ ਲਈ ਰਾਸ਼ਟਰਪਤੀ ਕੋਲ ਜਾਣ ਦੀ ਪੂਰੀ ਵਾਹ ਲਾਈ ਸੀ ਪਰ ਦਿੱਲੀ ਪੁਲਿਸ ਨੇ ਅਜਿਹਾ ਨਹੀਂ ਹੋਣ ਦਿੱਤਾ ਸੀ। ਹਜ਼ਾਰਾਂ ਸਾਬਕਾ ਫ਼ੌਜੀਆਂ ਨੇ ਆਪਣੇ ਤਗ਼ਮੇ ਕਿਸਾਨੀ ਘੋਲ ਦੇ ਹੱਕ ਵਿੱਚ ਵਾਪਸ ਕਰਨ ਦੀ ਮੁਹਿੰਮ ਚਲਾ ਕੇ ਕਿਸਾਨਾਂ ਦਾ ਸਾਥ ਦਿੱਤਾ ਸੀ।

RELATED ARTICLES
POPULAR POSTS