Breaking News
Home / ਪੰਜਾਬ / ਵਿਦੇਸ਼ ਮੰਤਰਾਲੇ ਵੱਲੋਂ ਭੇਜੇ ਗਏ ਪੱਤਰ ‘ਚ ਇਸੇ ਸਾਲ ਪਾਕਿਸਤਾਨ ਦੀ ਜੇਲ੍ਹ ਤੋਂ ਰਿਹਾਅ ਕਰਵਾਉਣ ਦਾ ਦਿੱਤਾ ਭਰੋਸਾ

ਵਿਦੇਸ਼ ਮੰਤਰਾਲੇ ਵੱਲੋਂ ਭੇਜੇ ਗਏ ਪੱਤਰ ‘ਚ ਇਸੇ ਸਾਲ ਪਾਕਿਸਤਾਨ ਦੀ ਜੇਲ੍ਹ ਤੋਂ ਰਿਹਾਅ ਕਰਵਾਉਣ ਦਾ ਦਿੱਤਾ ਭਰੋਸਾ

7 ਸਾਲ ਦੀ ਉਮਰ ‘ਚ ਪਾਕਿ ਗਿਆ ਨਾਨਕ 40 ਸਾਲ ਦਾ ਹੋ ਕੇ ਵਾਪਸ ਘਰ ਪਰਤੇਗਾ
ਅੰਮ੍ਰਿਤਸਰ : ਪਾਕਿਸਤਾਨ ਦੀ ਕੋਟ ਲਖਪਤ ਜੇਲ੍ਹ ‘ਚ ਕੈਦ ਅੰਮ੍ਰਿਤਸਰ ਦੇ ਸਰਹੱਦੀ ਪਿੰਡ ਕੋਟਰਜਾਦਾ ਛੰਨਾ ਬੇਦੀ ਨਿਵਾਸੀ ਰਤਨ ਸਿੰਘ ਦੇ ਬੇਟੇ ਨਾਨਕ ਸਿੰਘ ਦੀ ਰਿਹਾਈ ਇਸੇ ਸਾਲ ਹੋਣ ਦੀ ਸੰਭਾਵਨਾ ਹੈ। ਕੇਂਦਰੀ ਵਿਦੇਸ਼ ਮੰਤਰਾਲੇ ਨੇ ਉਸ ਦੇ ਰਿਸ਼ਤੇਦਾਰਾਂ ਦੇ ਮਾਮਲੇ ਦੀ ਪੈਰਵੀ ਕਰ ਰਹੇ ਇੰਡੀਪੇਡੈਂਟ ਸਟੂਡੈਂਟ ਫੈਡਰੇਸ਼ਨ ਨੂੰ ਲੈਟਰ ਜਾਰੀ ਕਰਕੇ ਸਪੱਸ਼ਟ ਕੀਤਾ ਹੈ ਕਿ ਉਸ ਨੂੰ ਇਸੇ ਸਾਲ ਵਾਪਸ ਲਿਆਂਦਾ ਜਾਵੇਗਾ। ਉਸ ਦੇ ਨਾਲ ਹੀ ਪਾਕਿਸਤਾਨ ਦੀ ਜੇਲ੍ਹਾਂ ‘ਚ ਕੈਦ ਮੁੰਬਈ ਦੇ ਹਾਮਿਦ ਅੰਸਾਰੀ ਅਤੇ ਮੇਰਠ ਦੇ ਰਹਿਣ ਵਾਲੇ ਮੁਹੰਮਦ ਸਲਮਾਨ ਦੀ ਵਾਪਸੀ ਦੀ ਵੀ ਉਮੀਦ ਜਾਗ ਗਈ ਹੈ। ਨਾਨਕ ਸਿੰਘ ਅਤੇ ਫੈਡਰੇਸ਼ਨ ਦੇ ਅਹੁਦੇਦਾਰਾਂ ਨੇ ਕੇਸ਼ਵ ਕੋਹਲੀ ਅਤੇ ਅੱਦਿਤਿਆ ਸ਼ਰਮਾ ਨੇ ਦੱਸਿਆ ਕਿ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਦੀ ਪਹਿਲ ‘ਤੇ ਮੰਤਰਾਲੇ ਨੇ ਉਕਤ ਲੋਕਾਂ ਨੂੰ ਪੱਤਰ ਜਾਰੀ ਕਰਕੇ ਕਿਹਾ ਕਿ ਉਹ ਹੋਰ ਭਾਰਤੀ ਕੈਦੀਆਂ ਦੇ ਨਾਲ ਨਾਨਕ ਸਿੰਘ ਦੇ ਮਾਮਲੇ ਨੂੰ ਪਹਿਲ ਦੇ ਆਧਾਰ ‘ਤੇ ਲੈ ਰਿਹਾ ਹੈ। ਮੰਤਰਾਲੇ ਨੇ ਪਾਕਿਸਤਾਨ ਨਾਲ ਉਸ ਨਾਲ ਸਬੰਧਤ ਸਾਰੇ ਦਸਤਾਵੇਜ਼ ਮੰਗ ਲਏ ਹਨ।  ਰਤਨ ਸਿੰਘ ਨੇ ਦੱਸਿਆ ਕਿ ਖੇਤਾਂ ‘ਚ ਕੰਮ ਹੋ ਰਿਹਾ ਸੀ ਅਤੇ ਉਹ ਖੇਡਦਾ ਹੋਇਆ 24 ਅਗਸਤ 1984 ਨੂੰ ਜੰਗਲ ‘ਚ ਖੋ ਗਿਆ ਸੀ। ਇਸ ਦੇ ਇਕ ਮਹੀਨੇ ਬਾਅਦ ਪਤਾ ਚੱਲਿਆ ਕਿ ਫੇਸਿੰਗ ਨਾ  ਹੋਣ ਦੇ ਕਾਰਨ ਉਹ ਪਾਕਿਸਤਾਨ ਚਲਾ ਗਿਆ ਸੀ। ਕੋਹਲੀ ਨੇ ਦੱਸਿਆ ਕਿ ਮੰਤਰਾਲੇ ਨੇ ਸੰਕੇਤ ਦਿੱਤੇ ਕਿ ਅਗਸਤ ਤੱਕ ਉਸ ਨੂੰ ਹਰ ਹਾਲਤ ‘ਚ ਵਾਪਸ ਲਿਆਂਦਾ ਜਾਵੇਗਾ। ਰਤਨ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਬੇਟਾ ਫਿਲਹਾਲ ਇਸ ਵਕਤ 40 ਸਾਲ ਦਾ ਹੋ ਚੁੱਕਿਆ ਹੈ।
ਨਾਮ ਦੀ ਗਲਤੀ ਕਾਰਨ ਨਹੀਂ ਹੋ ਸਕੀ ਰਿਹਾਈ
ਕੋਹਲੀ ਨੇ ਦੱਸਿਆ ਕਿ ਨਾਨਕ ਸਿੰਘ ਦਾ ਨਾਮ ਗਲਤੀ ਨਾਲ ਪਾਕਿਸਤਾਨੀ ਦਸਤਾਵੇਜ਼ ‘ਚ ਕਨਕ ਲਿਖਿਆ ਗਿਆ ਹੈ ਅਤੇ ਇਸੇ ਕਾਰਨ ਹੀ ਉਸਦੀ ਰਿਹਾਈ ‘ਚ ਇੰਨਾ ਸਮਾਂ ਲੱਗਿਆ। ਉਨ੍ਹਾਂ ਦਾ ਕਹਿਣਾ ਹੈ ਕਿ ਉਸ ਦੇ ਪਰਿਵਾਰ ਵਾਲੇ ਆਰਥਿਕ ਰੂਪ ਤੋਂ ਕਾਫ਼ੀ ਕਮਜ਼ੋਰ ਹਨ ਜਿਸ ਦੇ ਕਾਰਨ ਕੋਈ ਉਨ੍ਹਾਂ ਦੀ ਮਦਦ ਲਈ ਵੀ ਅੱਗੇ ਨਹੀਂ ਆਇਆ ਪ੍ਰੰਤੂ ਉਨ੍ਹਾਂ ਦੀ ਸੰਸਥਾ ਨੇ ਰਿਹਾਈ ਦਾ ਸੰਕਲਪ ਲਿਆ ਅਤੇ ਸਾਲ ਭਰ ਦੀ ਮਿਹਨਤ ਤੋਂ ਬਾਅਦ ਸਫ਼ਲਤਾ ਮਿਲਣ ਜਾ ਰਹੀ ਹੈ।
ਨਾਨਕ ਸਿੰਘ ਸਮੇਤ 72 ਕੈਦੀ
ਕੋਹਲੀ ਨੇ ਦੱਸਿਆ ਕਿ ਵਿਦੇਸ਼ ਮੰਤਰਾਲੇ ਵੱਲੋਂ ਭੇਜੀ ਗਈ ਲਿਸਟ ਦੇ ਅਨੁਸਾਰ 72 ਭਾਰਤੀ ਹਨ ਜੋ ਗਲਤੀ ਨਾਲ ਉਧਰ ਗਏ। ਉਨ੍ਹਾਂ ਦੀ ਸਜ਼ਾ ਪੂਰੀ ਹੋਏ ਦਹਾਕੇ ਤੋਂ ਜ਼ਿਆਦਾ ਸਮਾਂ ਹੋ ਗਿਆ ਪਰ ਰਿਹਾਈ ਨਹੀਂ ਹੋ ਸਕੀ। ਇਸ ‘ਚ ਨਾਨਕ ਸਿੰਘ ਤੋਂ ਇਲਾਵਾ ਮੁੰਬਈ ਦੇ ਇੰਜੀਨੀਅਰ ਹਾਮਿਦ ਅੰਸਾਰੀ ਅਤੇ ਮੇਰਠ ਦੇ ਮੁਹੰਮਦ ਸਲਮਾਨ ਦਾ ਨਾਂ ਵੀ ਸ਼ਾਮਲ ਹੈ।

Check Also

ਕਿਸਾਨ ਅੰਦੋਲਨ ਦੌਰਾਨ ਸ਼ੰਭੂ ਅਤੇ ਖਨੌਰੀ ਬਾਰਡਰ ’ਤੇ ਕਿਸਾਨਾਂ ਅਤੇ ਹਰਿਆਣਾ ਪੁਲਿਸ ਦਰਮਿਆਨ ਟਕਰਾਅ

ਖਨੌਰੀ ਬਾਰਡਰ ਨੌਜਵਾਨ ਕਿਸਾਨ ਦੀ ਗਈ ਜਾਨ ਚੰਡੀਗੜ੍ਹ/ਬਿਊਰੋ ਨਿਊਜ਼ : ਲੰਘੀ 13 ਫਰਵਰੀ ਤੋਂ ਸ਼ੁਰੂ …