ਐਨਆਰਆਈਜ਼ ਨੂੰ ਪਈ ਨੋਟਬੰਦੀ ਦੀ ਮਾਰ, ਲੋਕ ਕਰ ਰਹੇ ਕੇਂਦਰ ਸਰਕਾਰ ਦੀਆਂ ਨੀਤੀਆਂ ਦੀ ਨਿੰਦਾ
ਬਠਿੰਡਾ/ਬਿਊਰੋ ਨਿਊਜ਼
ਨੋਟਬੰਦੀ ਕਾਰਨ ਜਿੱਥੇ ਪੂਰੇ ਦੇਸ਼ ਦੇ ਲੋਕ ਖੱਜਲ ਖੁਆਰ ਹੋ ਰਹੇ ਹਨ, ਉਥੇ ਹੀ ਵਿਦੇਸ਼ੋਂ ਆਉਣ ਵਾਲੇ ਐਨਆਰਆਈਜ਼ ਕੇਂਦਰ ਸਰਕਾਰ ਤੇ ਰਿਜ਼ਰਵ ਬੈਂਕ ਆਫ ਇੰਡੀਆ ਦੇ ਅਧਿਕਾਰੀਆਂ ਦੀ ਅਣਗਹਿਲੀ ਕਾਰਨ ਪਰੇਸ਼ਾਨ ਹੀ ਨਹੀਂ ਹੋ ਰਹੇ ਸਗੋਂ ਉਨ੍ਹਾਂ ਕੋਲ ਜਮ੍ਹਾਂ ਭਾਰਤੀ ਕਰੰਸੀ ਮਿੱਟੀ ਹੋ ਰਹੀ ਹੈ। ਪੁਰਾਣੀ ਕਰੰਸੀ ਬਦਲਣ ਲਈ ਪਰਵਾਸੀ ਭਾਰਤੀ ਰਿਜ਼ਰਵ ਬੈਂਕ ਦੇ ਗੇੜੇ ਕੱਢ ਰਹੇ ਹਨ, ਪਰ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ। ਪਰਵਾਸੀ ਭਾਰਤੀਆਂ ਪ੍ਰਤੀ ਕੇਂਦਰ ਸਰਕਾਰ ਅਤੇ ਰਿਜ਼ਰਵ ਬੈਂਕ ਦੀਆਂ ਨੀਤੀਆਂ ਦੀ ਲੋਕ ਨਿੰਦਾ ਕਰ ਰਹੇ ਹਨ।
ਕੈਨੇਡਾ ਤੋਂ ਭਾਰਤ ਪਰਤੇ ਭਗਤਾ ਭਾਈਕਾ ਦੇ ਸ਼੍ਰੋਮਣੀ ਕਮੇਟੀ ਮੈਂਬਰ ਫੁੰਮਣ ਸਿੰਘ ਨੇ ਦੱਸਿਆ ਕਿ ਕੇਂਦਰ ਸਰਕਾਰ ਨੇ ਵਿਦੇਸ਼ਾਂ ਵਿਚੋਂ ਭਾਰਤ ਆਉਣ ਵਾਲੇ ਐਨਆਰਆਈਜ਼ ਲਈ 25 ਰੁਪਏ ਤੱਕ ਦੀ ਭਾਰਤੀ ਕਰੰਸੀ ਦੇ ਬੰਦ ਕੀਤੇ ਪੰਜ-ਪੰਜ ਸੌ ਤੇ ਹਜ਼ਾਰ ਰੁਪਏ ਦੇ ਨੋਟ ਬਦਲਣ ਸਿੱਧਾ ਦਿੱਲੀ ਦੀ ਰਿਜ਼ਰਵ ਬੈਂਕ ਪੁੱਜਾ ਤਾਂ ਨੋਟ ਬਦਲਾਉਣ ਲਈ ਕਥਿਤ ਡੇਢ ਸੌ ਐਨਆਰਆਈਜ਼ ਦੀ ਲਾਈਨ ਲੱਗੀ ਹੋਈ ਸੀ। ਉਹ ਵੀ ਨੋਟ ਬਦਲਣ ਲਈ ਲਾਈਨ ਵਿਚ ਲੱਗ ਗਿਆ। ਚਾਰ-ਪੰਜ ਘੰਟਿਆਂ ਬਾਅਦ ਜਦੋਂ ਉਸ ਦੀ ਵਾਰੀ ਆਈ ਤਾਂ ਬੈਂਕ ਅਧਿਕਾਰੀਆਂ ਨੇ ਕਰੰਸੀ ਬਦਲਣ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਬੈਂਕ ਅਧਿਕਾਰੀਆਂ ਨੇ ਉਨ੍ਹਾਂ ਨੂੰ ਕਿਹਾ ਕਿ ਪਹਿਲਾਂ ਉਹ ਕਸਟਮ ਅਧਿਕਾਰੀਆਂ ਤੋਂ ਫਾਰਮ ਭਰਵਾ ਕੇ ਲਿਆਉਣ ਜਿਸ ਤੋਂ ਬਾਅਦ ਉਨ੍ਹਾਂ ਨੂੰ ਨਿਰਾਸ਼ ਵਾਪਸ ਪਰਤਣਾ ਪਿਆ। ਫੁੰਮਣ ਸਿੰਘ ਦਾ ਕਹਿਣਾ ਸੀ ਕਿ ਐਨਆਰਆਈਜ਼ ਨੂੰ ਇਸ ਤਰ੍ਹਾਂ ਦੀ ਕੋਈ ਜਾਣਕਾਰੀ ਪਹਿਲਾਂ ਨਹੀਂ ਦਿੱਤੀ ਗਈ ਅਤੇ ਨਾ ਹੀ ਹਵਾਈ ਅੱਡੇ ‘ਤੇ ਇਸ ਸਬੰਧੀ ਕੋਈ ਨੋਟਿਸ ਲਾਇਆ ਗਿਆ ਹੈ, ਜਿਸ ਕਾਰਨ ਐਨ ਆਰ ਆਈਜ਼ ਕਸਟਮ ਅਧਿਕਾਰੀਆਂ ਕੋਲੋਂ ਫਾਰਮ ਭਰਵਾ ਕੇ ਨਹੀਂ ਲਿਆਉਂਦੇ। ਵਿਦੇਸ਼ੋਂ ਆਉਣ ਵਾਲੇ ਐਨਆਰਆਈਜ਼ ਕਾਹਲੀ ਵਿਚ ਲੈਣ ਆਏ ਆਪਣੇ ਪਰਿਵਾਰਕ ਮੈਂਬਰਾਂ ਨਾਲ ਪਿੰਡ ਆ ਜਾਂਦੇ ਹਨ ਜਦੋਂ ਉਹ ਬੈਂਕ ਵਿਚ ਜਾਂਦੇ ਹਨ ਤਾਂ ਉਨ੍ਹਾਂ ਨੂੰ ਪਤਾ ਲੱਗਦਾ ਹੈ ਕਿ ਕਰੰਸੀ ਬਦਲਣ ਲਈ ਉਨ੍ਹਾਂ ਨੂੰ ਕਸਟਮ ਅਧਿਕਾਰੀਆਂ ਦੁਆਰਾ ਭਰਿਆ ਫਾਰਮ ਲਿਆਉਣਾ ਪਵੇਗਾ। ਉਨ੍ਹਾਂ ਦੱਸਿਆ ਕਿ ਇਸ ਤਰ੍ਹਾਂ ਹੋਰ ਬਹੁਤੇ ਐਨਆਰਆਈਜ਼ ਖੱਜਲ ਖੁਆਰ ਹੋ ਰਹੇ ਹਨ।
ਕੇਂਦਰ ਸਰਕਾਰ ਤੇ ਰਿਜ਼ਰਵ ਬੈਂਕ ਦੀ ਗਲਤੀ ਕਾਰਨ ਉਨ੍ਹਾਂ ਦੇ ਪੈਸੇ ਮਿੱਟੀ ਬਣ ਗਏ ਹਨ। ਫੁੰਮਣ ਸਿੰਘ ਨੇ ਕਿਹਾ ਕਿ ਇਕ ਪਾਸੇ ਸਰਕਾਰ ਐਨਆਰਆਈਜ਼ ਨੂੰ ਵਧੇਰੇ ਸਹੂਲਤਾਂ ਦੇਣ ਦੇ ਵਾਅਦੇ ਕਰ ਰਹੀ ਹੈ, ਪਰ ਦੂਜੇ ਪਾਸੇ ਉਹ ਕਰੰਸੀ ਨਾ ਬਦਲੇ ਜਾਣ ਕਾਰਨ ਪਰੇਸ਼ਾਨ ਹਨ। ਇਸ ਤਰ੍ਹਾਂ ਹੀ ਸਿੰਗਾਪੁਰ ਤੋਂ ਵਾਪਸ ਪਰਤੇ ਜ਼ਿਲ੍ਹੇ ਦੇ ਪਿੰਡ ਸਿਰੀਏਵਾਲਾ ਦੇ ਨੌਜਵਾਨ ਯਾਦਵਿੰਦਰ ਸਿੰਘ ਨੇ ਦੱਸਿਆ ਕਿ ਉਹ ਹਵਾਈ ਅੱਡੇ ਤੋਂ ਸਿੱਧਾ ਆਪਣੇ ਪਿੰਡ ਆ ਗਿਆ।
ਕੁਝ ਦਿਨਾਂ ਬਾਅਦ ਜਦੋਂ ਉਸ ਨੂੰ ਪੈਸਿਆਂ ਦੀ ਜ਼ਰੂਰਤ ਪਈ ਤਾਂ ਉਹ ਨੇੜਲੇ ਭਗਤਾ ਭਾਈਕਾ ਤੇ ਫਿਰ ਬਠਿੰਡਾ ਦੀਆਂ ਬੈਂਕਾਂ ਵਿਚ ਪੈਸੇ ਕਢਵਾਉਣ ਲਈ ਗਿਆ ਪਰ ਪੈਸੇ ਨਹੀਂ ਮਿਲੇ। ਜਿਸ ਤੋਂ ਬਾਅਦ ਉਸ ਕੋਲ ਰੱਖੀ 8 ਹਜ਼ਾਰ ਦੀ ਭਾਰਤੀ ਕਰੰਸੀ ਦੀ ਆਈ ਤਾਂ ਉਹ ਨੋਟ ਬਦਲਣ ਲਈ ਰਿਜ਼ਰਵ ਬੈਂਕ ਵਿਚ ਗਿਆ ਪਰ ਉਸ ਨਾਲ ਵੀ ਫੁੰਮਣ ਸਿੰਘ ਵਾਲੀ ਹੀ ਹੋਈ। ਬੈਂਕ ਅਧਿਕਾਰੀਆਂ ਨੇ ਇਹ ਕਹਿ ਕੇ ਕਰੰਸੀ ਬਦਲਣ ਤੋਂ ਇਨਕਾਰ ਕਰ ਦਿੱਤਾ ਕਿ ਉਹ ਪਹਿਲਾਂ ਕਸਟਮ ਅਧਿਕਾਰੀਆਂ ਦੁਆਰਾ ਭਰਿਆ ਫਾਰਮ ਲੈ ਕੇ ਆਉਣ। ਯਾਦਵਿੰਦਰ ਸਿੰਘ ਦਾ ਕਹਿਣਾ ਸੀ ਕਿ ਕੇਂਦਰ ਸਰਕਾਰ ਦਾ ਰਿਜ਼ਰਵ ਬੈਂਕ ਹਵਾਈ ਅੱਡਿਆਂ ‘ਤੇ ਐਨਆਰਆਈਜ਼ ਦੀ ਜਾਣਕਾਰੀ ਲਈ ਨੋਟਿਸ ਬੋਰਡ ਲਾਉਣ ਤਾਂ ਜੋ ਉਹ ਖੱਜਲ ਖੁਆਰੀ ਤੋਂ ਬਚ ਸਕਣ।
Check Also
ਗਿਆਨੀ ਰਘਬੀਰ ਸਿੰਘ ਨਾਲ ਸੰਸਦ ਮੈਂਬਰ ਸਰਬਜੀਤ ਸਿੰਘ ਖਾਲਸਾ ਨੇ ਕੀਤੀ ਮੁਲਾਕਾਤ
ਪ੍ਰਕਾਸ਼ ਸਿੰਘ ਬਾਦਲ ਤੋਂ ਫਖਰ ਏ ਕੌਮ ਸਨਮਾਨ ਵਾਪਸ ਲੈਣ ਦੀ ਕੀਤੀ ਮੰਗ ਅੰਮਿ੍ਰਤਸਰ/ਬਿਊਰੋ ਨਿਊਜ਼ …