Breaking News
Home / ਪੰਜਾਬ / ਥਾਣੇਦਾਰ ਸਮੇਤ ਤਿੰਨ ਪੁਲਿਸ ਅਧਿਕਾਰੀਆਂ ਨੂੰ 7-7 ਸਾਲ ਦੀ ਸਜ਼ਾ

ਥਾਣੇਦਾਰ ਸਮੇਤ ਤਿੰਨ ਪੁਲਿਸ ਅਧਿਕਾਰੀਆਂ ਨੂੰ 7-7 ਸਾਲ ਦੀ ਸਜ਼ਾ

ਮੈਡੀਕਲ ਸਟੋਰਾਂ ਤੋਂ ਫਰਜ਼ੀ ਨਸ਼ੀਲਾ ਪਾਊਡਰ ਫੜਨ ਦਾ ਮਾਮਲਾ
ਮਾਨਸਾ/ਬਿਊਰੋ ਨਿਊਜ਼ : ਇੱਕ ਮੈਡੀਕਲ ਸਟੋਰ ਮਾਲਕ ਨੂੰ ਦੁਕਾਨ ਤੋਂ ਚੁੱਕ ਕੇ ਉਸ ਦੇ ਖਿਲਾਫ ਨਸ਼ੀਲੇ ਪਾਊਡਰ ਦਾ ਝੂਠਾ ਮਾਮਲਾ ਦਰਜ ਕਰਨ ਵਾਲੇ ਉਸ ਸਮੇਂ ਦੇ ਥਾਣਾ ਜੋਗਾ ਦੇ ਮੁਖੀ ਅਤੇ ਉਸ ਦੇ 2 ਪੁਲਿਸ ਕਰਮਚਾਰੀ ਸਾਥੀਆਂ ਨੂੰ ਮਾਨਸਾ ਦੀ ਅਦਾਲਤ ਨੇ 7-7 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ। ਸਾਰੇ ਦੋਸ਼ੀਆਂ ਨੂੰ ਜੇਲ੍ਹ ਭੇਜ ਦਿੱਤਾ ਗਿਆ ਹੈ। ਇਸ ਮਾਮਲੇ ਵਿੱਚ ਅਦਾਲਤ ਨੇ ਇੱਕ ਹੌਲਦਾਰ ਨੂੰ ਬਰੀ ਕਰ ਦਿੱਤਾ ਹੈ।
ਜਾਣਕਾਰੀ ਅਨੁਸਾਰ ਥਾਣਾ ਜੋਗਾ ਦੀ ਪੁਲਿਸ ਨੇ ਸਾਲ 2010 ਵਿੱਚ ਅਕਲੀਆ ਦੇ ਇੱਕ ਮੈਡੀਕਲ ਸਟੋਰ ਤੋਂ ਨਸ਼ੀਲੀਆਂ ਦਵਾਈਆਂ ਫੜਨ ਦਾ ਦਾਅਵਾ ਕੀਤਾ। ਇਸ ਮਾਮਲੇ ਵਿੱਚ ਪੁਲਿਸ ਨੇ ਮਾਨਸਾ ਮੈਡੀਕਲ ਸਟੋਰ ਮਾਨਸਾ ਦੇ ਮਾਲਕ ਰਮੇਸ਼ ਕੁਮਾਰ ਉਰਫ ਡੀਸੀ ਨੂੰ ਚੁੱਕਿਆ ਅਤੇ ਉਸ ਉਤੇ ਇਸ ਮਾਮਲੇ ਸਬੰਧੀ ਪਰਚਾ ਪਾ ਦਿੱਤਾ ਗਿਆ। ਅਦਾਲਤ ਦੇ ਬਾਹਰ ਰਮੇਸ਼ ਕੁਮਾਰ ਨੇ ਦੱਸਿਆ ਕਿ ਉਸ ਵੇਲੇ ਉਨ੍ਹਾਂ ਦੀ ਪਹਿਲਾਂ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਅਤੇ ਫਿਰ ਥਾਣਾ ਜੋਗਾ ਵਿਖੇ ਦਰਜ ਇੱਕ ਮਾਮਲੇ ਵਿੱਚ ਉਨ੍ਹਾਂ ਨੂੰ ਨਾਮਜ਼ਦ ਕਰਕੇ ਉਨ੍ਹਾਂ ‘ਤੇ ਨਸ਼ੀਲੇ ਪਾਊਡਰ ਦਾ ਕੇਸ ਪਾ ਦਿੱਤਾ ਗਿਆ।
ਦੱਸਿਆ ਗਿਆ ਹੈ ਕਿ ਪੁਲਿਸ ਨੇ ਇਸ ਮਾਮਲੇ ਨੂੰ ਲੈ ਕੇ ਅਦਾਲਤ ਵਿੱਚ ਨਸ਼ੀਲੇ ਪਾਊਡਰ ਦੇ ਜੋ ਨਮੂਨੇ ਪੇਸ਼ ਕੀਤੇ ਸਨ ਉਨ੍ਹਾਂ ਵਿੱਚੋਂ ਇੱਕ ਨਮੂਨਾ ਗਾਇਬ ਕਰ ਦਿੱਤਾ ਗਿਆ। ਇਸ ਸਾਰੇ ਮਾਮਲੇ ਨੂੰ ਚੁਣੌਤੀ ਦੇਣ ਅਤੇ ਪੁਲਿਸ ਦੀ ਕਹਾਣੀ ਨੂੰ ਮਨਘੜਤ ਦੱਸਣ ਵਾਸਤੇ ਰਮੇਸ਼ ਕੁਮਾਰ ਉਰਫ ਡੀਸੀ ਨੇ ਮਾਨਸਾ ਅਦਾਲਤ ਵਿੱਚ ਸਾਲ 2011 ਵਿੱਚ ਇਸਤਗਾਸਾ ਦਾਇਰ ਕੀਤਾ। 8 ਸਾਲ ਬਾਅਦ ਇਸ ਮਾਮਲੇ ‘ਤੇ ਫੈਸਲਾ ਸੁਣਾਉਂਦਿਆਂ ਐਡੀਸ਼ਨਲ ਸੈਸ਼ਨ ਜੱਜ ਮਾਨਸਾ ਦਲਜੀਤ ਸਿੰਘ ਰੱਲਣ ਨੇ ਉਸ ਸਮੇਂ ਦੇ ਥਾਣਾ ਜੋਗਾ ਦੇ ਮੁਖੀ ਸਬ ਇੰਸਪੈਕਟਰ ਗੁਰਦਰਸ਼ਨ ਸਿੰਘ (ਹੁਣ ਸੇਵਾ ਮੁਕਤ), ਸਬ ਇੰਸਪੈਕਟਰ ਯਾਦਵਿੰਦਰ ਸਿੰਘ (ਹੁਣ ਬਠਿੰਡਾ ਤਾਇਨਾਤ) ਤੇ ਏਐਸਆਈ ਅਜੈਬ ਸਿੰਘ (ਸੁਵਿਧਾ ਕੇਂਦਰ ਮਾਨਸਾ ਤਾਇਨਾਤ) ਨੂੰ 7 ਸਾਲ ਕੈਦ ਦੀ ਸਜ਼ਾ ਸੁਣਾਈ ਹੈ। ਇਸ ਮਾਮਲੇ ਵਿੱਚ ਹੌਲਦਾਰ ਮਲਕੀਤ ਸਿੰਘ ਨੂੰ ਬਰੀ ਕਰ ਦਿੱਤਾ ਗਿਆ ਹੈ। ਸਾਰੇ ਦੋਸ਼ੀਆਂ ਨੂੰ ਜੇਲ੍ਹ ਭੇਜ ਦਿੱਤਾ ਗਿਆ ਹੈ।

Check Also

ਮਹਾਰਾਸ਼ਟਰ ’ਚ ਭਾਜਪਾ ਗੱਠਜੋੜ ਦੀ ਅਤੇ ਝਾਰਖੰਡ ’ਚ ਇੰਡੀਆ ਗੱਠਜੋੜ ਸਰਕਾਰ ਬਣਨਾ ਤੈਅ

ਏਕਨਾਥ ਛਿੰਦੇ ਬੋਲੇ ਤਿੰਨੋਂ ਪਾਰਟੀਆਂ ਦੀ ਸਲਾਹ ਨਾਲ ਬਣੇਗਾ ਅਗਲਾ ਮੁੱਖ ਮੰਤਰੀ ਮੁੰਬਈ/ਬਿਊਰੋ ਨਿਊਜ਼ : …