Breaking News
Home / ਪੰਜਾਬ / ਲੋਕ ਸਭਾ ਚੋਣਾਂ ‘ਚ ਕਦੇ ਵੱਡਿਆਂ ਦਾ ਮੁਕਾਬਲਾ ਹੋਇਆ ਸੀ ਵੱਡਿਆਂ ਨਾਲ

ਲੋਕ ਸਭਾ ਚੋਣਾਂ ‘ਚ ਕਦੇ ਵੱਡਿਆਂ ਦਾ ਮੁਕਾਬਲਾ ਹੋਇਆ ਸੀ ਵੱਡਿਆਂ ਨਾਲ

1977 ਵਿਚ ਗੁਰਚਰਨ ਸਿੰਘ ਟੌਹੜਾ ਨੇ ਕੈਪਟਨ ਅਮਰਿੰਦਰ ਨੂੰ ਅਤੇ ਬਸੰਤ ਸਿੰਘ ਖਾਲਸਾ ਨੇ ਬੂਟਾ ਸਿੰਘ ਨੂੰ ਹਰਾਇਆ ਸੀ
ਪਟਿਆਲਾ/ਬਿਊਰੋ ਨਿਊਜ਼ : 19 ਮਈ 2019 ਨੂੰ ਹੋਣ ਵਾਲ਼ੀਆਂ ਲੋਕ ਸਭਾ ਦੀਆਂ ਚੋਣਾਂ ਦੀ ਰਣਨੀਤੀ ਤਹਿਤ ਰਾਜਨੀਤਕ ਧਿਰਾਂ, ਖ਼ਾਸ ਕਰਕੇ ਸ਼੍ਰੋਮਣੀ ਅਕਾਲੀ ਦਲ-ਭਾਜਪਾ ਗੱਠਜੋੜ ਵੱਲੋਂ ਆਪਣੇ ਵੱਡੇ ਨੇਤਾਵਾਂ ਨੂੰ ਮੈਦਾਨ ਵਿਚ ਉਤਾਰ ਕੇ ਲੜਾਈ ਤਿੱਖੀ ਕਰਨ ‘ਤੇ ਵਿਚਾਰ ਕੀਤਾ ਜਾ ਰਿਹਾ ਹੈ। 1977 ਦੀ ਲੋਕ ਸਭਾ ਚੋਣ ਦੌਰਾਨ ਵੀ ਰਾਜਸੀ ਧਿਰਾਂ ਨੇ ਕੱਦਾਵਰ ਨੇਤਾਵਾਂ ਨੂੰ ਉਮੀਦਵਾਰ ਬਣਾਇਆ ਸੀ। ਇਸ ਦੌਰਾਨ ਜਿਥੇ ਕਈ ਵੱਡੇ ਅਕਾਲੀ ਨੇਤਾ ਚੋਣ ਰਣ ਫਤਿਹ ਕਰਨ ਵਿਚ ਸਫ਼ਲ ਰਹੇ ਸਨ, ਉੱਥੇ ਹੀ ਕਾਂਗਰਸ ਦੇ ਕਈ ਘਾਗ ਨੇਤਾਵਾਂ ਸਣੇ ਸਾਰੇ ਹੀ ਉਮੀਦਵਾਰ ਹਾਰ ਗਏ ਸਨ। ਉਦੋਂ ਜੇਤੂ ਰਹੇ ਬਹੁਤੇ ਉਮੀਦਵਾਰਾਂ ਦੀ ਲੀਡ ਇੱਕ ਇੱਕ ਲੱਖ ਦੇ ਕਰੀਬ ਵੀ ਰਹੀ ਸੀ। ਉਦੋਂ ਸ਼੍ਰੋਮਣੀ ਅਕਾਲੀ ਦਲ, ਜਨਤਾ ਦਲ ਅਤੇ ਸੀਪੀਐਮ ਦੇ ਚੋਣ ਗੱਠਜੋੜ ਨੇ ਸਾਰੀਆਂ ਸੀਟਾਂ ‘ਤੇ ਕਬਜ਼ਾ ਕੀਤਾ ਸੀ। ਇਨ੍ਹਾਂ ਧਿਰਾਂ ਨੇ ਤਰਤੀਬਵਾਰ ਨੌਂ, ਤਿੰਨ ਅਤੇ ਇੱਕ ਸੀਟ ਜਿੱਤੀ। ਕਾਂਗਰਸ ਖਾਤਾ ਵੀ ਨਹੀਂ ਸੀ ਖੋਲ੍ਹ ਸਕੀ। ਅਕਾਲੀ ਦਲ ਦੀ ਮੌਜੂਦਾ ਲੀਡਰਸ਼ਿਪ ਵੀ ਸ਼ਾਇਦ ਅਜਿਹੇ ਹੀ ਨਤੀਜਿਆਂ ਲਈ ਆਸ ਵਿਚ ਅਜਿਹਾ ਤਾਣਾ-ਬਾਣਾ ਬੁਣਨ ਲੱਗੀ ਹੋਈ ਹੈ।
1977 ਦੀ ਚੋਣ ਦੌਰਾਨ ਅਕਾਲੀ ਦਲ ਨੇ ਪ੍ਰਕਾਸ਼ ਸਿੰਘ ਬਾਦਲ, ਗੁਰਚਰਨ ਸਿੰਘ ਟੌਹੜਾ, ਮੋਹਣ ਸਿੰਘ ਤੁੜ, ਜਗਦੇਵ ਸਿੰਘ ਤਲਵੰਡੀ, ਸੁਰਜੀਤ ਸਿੰਘ ਬਰਨਾਲ਼ਾ, ਧੰਨਾ ਸਿੰਘ ਗੁਲਸ਼ਨ, ਬਸੰਤ ਸਿੰਘ ਖ਼ਾਲਸਾ, ਮਹਿੰਦਰ ਸਿੰਘ ਸਾਈਆਂਵਾਲ਼ਾ ਤੇ ਇਕਬਾਲ ਸਿੰਘ ਢਿੱਲੋਂ ਆਦਿ ਵੱਡੇ ਨੇਤਾਵਾਂ ਨੂੰ ਚੋਣ ਲੜਾਈ ਸੀ। ਦੂਜੇ ਪਾਸੇ, ਕਾਂਗਰਸ ਵੱਲੋਂ ਵੀ ਬੂਟਾ ਸਿੰਘ, ਦਰਬਾਰਾ ਸਿੰਘ, ਕੈਪਟਨ ਅਮਰਿੰਦਰ ਸਿੰਘ, ਮਹਿੰਦਰ ਸਿੰਘ ਗਿੱਲ, ਦਵਿੰਦਰ ਸਿੰਘ ਗਰਚਾ, ਰਘੂਨੰਦਨ ਲਾਲ ਭਾਟੀਆ ਤੇ ਗੁਰਦਿਆਲ ਸਿੰਘ ਢਿੱਲੋਂ ਵਰਗੇ ਕੱਦਾਵਰ ਨੇਤਾਵਾਂ ਨੂੰ ਚੋਣ ਪਿੜ ਵਿਚ ਉਤਾਰਿਆ ਸੀ।
ਪਟਿਆਲਾ ਸੀਟ ਤੋਂ ਅਕਾਲੀ ਦਲ ਨੇ ਜਥੇਦਾਰ ਗੁਰਚਰਨ ਸਿੰਘ ਟੌਹੜਾ ਨੂੰ ਮੈਦਾਨ ਵਿਚ ਉਤਾਰਿਆ। ਉਨ੍ਹਾਂ ਦੇ ਮੁਕਾਬਲੇ ਕਾਂਗਰਸ ਦੇ ਸ਼ਾਹੀ ਘਰਾਣੇ ਨਾਲ਼ ਸਬੰਧਿਤ ਕੈਪਟਨ ਅਮਰਿੰਦਰ ਸਿੰਘ ਨੂੰ ਚੋਣ ਪਿੜ ਵਿਚ ਉਤਾਰਿਆ, ਜੋ ਟੌਹੜਾ ਤੋਂ ਮਾਤ ਖਾ ਗਏ। ਇਸੇ ਤਰ੍ਹਾਂ ਅਕਾਲੀ ਦਲ ਵੱਲੋਂ ਫ਼ਰੀਦਕੋਟ ਤੋਂ ਮੈਦਾਨ ਵਿਚ ਉਤਾਰੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਮੁਕਾਬਲੇ ਕਾਂਗਰਸ ਦੇ ਅਵਤਾਰ ਸਿੰਘ ਨੇ ਚੋਣ ਲੜੀ, ਜੋ ਹਾਰ ਗਏ।
ਸੰਗਰੂਰ ਤੋਂ ਅਕਾਲੀ ਉਮੀਦਵਾਰ ਸੁਰਜੀਤ ਸਿੰਘ ਬਰਨਾਲ਼ਾ ਦੇ ਮੁਕਾਬਲੇ ਕਾਂਗਰਸ ਦੇ ਸਰਦਾਰ ਰਣਜੀਤ ਸਿੰਘ ਨੂੰ ਉਤਾਰਿਆ, ਜੋ ਬਰਨਾਲ਼ਾ ਤੋਂ ਹਾਰ ਗਏ। ਅਕਾਲੀ ਦਲ ਦੇ ਪ੍ਰਧਾਨ ਰਹੇ ਮੋਹਣ ਸਿੰਘ ਤੁੜ ਤੇ ਕਾਂਗਰਸ ਨੇਤਾ ਗੁਰਦਿਆਲ ਸਿੰਘ ਢਿੱਲੋਂ ਦਰਮਿਆਨ ਤਰਨ ਤਾਰਨ ਤੋਂ ਤੁੜ ਜੇਤੂ ਰਹੇ। ਅਕਾਲੀ ਦਲ ਦੇ ਘਾਗ ਨੇਤਾ ਜਗਦੇਵ ਸਿੰਘ ਤਲਵੰਡੀ ਅਤੇ ਕਾਂਗਰਸ ਨੇਤਾ ਦਵਿੰਦਰ ਸਿੰਘ ਗਰਚਾ ਦਰਮਿਆਨ ਲੁਧਿਆਣਾ ਹਲਕੇ ਵਿਚ ਚੋਣ ਜੰਗ ਹੋਈ ਤੇ ਤਲਵੰਡੀ ਭਾਰੂ ਰਹੇ। ਉਦੋਂ ਰੋਪੜ ਹਲਕੇ ਤੋਂ ਅਕਾਲੀ ਦਲ ਨੇ ਬਸੰਤ ਸਿੰਘ ਖ਼ਾਲਸਾ ਤੇ ਕਾਂਗਰਸ ਨੇ ਬੂਟਾ ਸਿੰਘ ਨੂੰ ਉਮੀਦਵਾਰ ਬਣਾ ਕੇ ਉਤਾਰਿਆ, ਪਰ ਅਕਾਲੀ ਉਮੀਦਵਾਰ ਜੇਤੂ ਰਹੇ। ਫ਼ਿਰੋਜ਼ਪੁਰ ਤੋਂ ਅਕਾਲੀ ਨੇਤਾ ਮਹਿੰਦਰ ਸਿੰਘ ਸਾਈਆਂਵਾਲ਼ਾ ਨੇ ਚੋਣ ਲੜਦਿਆਂ, ਕਾਂਗਰਸ ਪ੍ਰਧਾਨ ਮਹਿੰਦਰ ਸਿੰਘ ਗਿੱਲ ਨੂੰ ਚਿੱਤ ਕੀਤਾ। ਬਠਿੰਡਾ ਤੋਂ ਅਕਾਲੀ ਦਲ ਦੇ ਧੰਨਾ ਸਿੰਘ ਗੁਲਸ਼ਨ ਨੇ ਕਾਂਗਰਸ ਦੇ ਗੁਲਜ਼ਾਰ ਸਿੰਘ ਤੋਂ ਚੋਣ ਜਿੱਤੀ ਸੀ। ਜਲੰਧਰ ਹਲਕੇ ਤੋਂ ਕਾਂਗਰਸ ਦੇ ਸਵਰਨ ਸਿੰਘ ਨੂੰ ਹਰਾ ਕੇ ਅਕਾਲੀ ਦਲ ਦੇ ਇਕਬਾਲ ਸਿੰਘ ਢਿੱਲੋਂ ਜੇਤੂ ਹੋਏ ਸਨ।
ਇਸੇ ਤਰ੍ਹਾਂ ਹੁਸ਼ਿਆਰਪੁਰ ਤੋਂ ਕਾਂਗਰਸ ਦੇ ਦਰਬਾਰਾ ਸਿੰਘ ਨੂੰ ਜਨਤਾ ਦਲ ਦੇ ਚੌਧਰੀ ਬਲਬੀਰ ਸਿੰਘ ਨੇ ਹਰਾ ਦਿੱਤਾ ਸੀ। ਗੁਰਦਾਸਪੁਰ ਤੋਂ ਜਨਤਾ ਦਲ ਦੇ ਯੱਗਿਆ ਦੱਤ ਸ਼ਰਮਾ ਨੇ ਕਾਂਗਰਸ ਦੇ ਪ੍ਰਬੋਧ ਚੰਦਰ ਨੂੰ ਹਰਾਇਆ। ਇਸੇ ਤਰ੍ਹਾਂ ਅੰਮ੍ਰਿਤਸਰ ਤੋਂ ਜਨਤਾ ਦਲ ਦੇ ਬਲਦੇਵ ਪ੍ਰਕਾਸ਼ ਨੇ ਕਾਂਗਰਸ ਦੇ ਰਘੂਨੰਦਨ ਲਾਲ ਭਾਟੀਆ ਨੂੰ ਹਰਾਇਆ। ਸਾਂਝੇ ਗੱਠਜੋੜ ਦੌਰਾਨ ਹੀ ਫਿਲੌਰ ਤੋਂ ਸੀਪੀਐਮ ਦੇ ਭਗਤ ਰਾਮ ਦੇ ਮੁਕਾਬਲੇ ਕਾਂਗਰਸ ਵੱਲੋਂ ਮੈਦਾਨ ਵਿਚ ਉਤਾਰੇ ਗੁਰਚਰਨ ਦਾਸ ਵੀ ਮਾਤ ਖਾ ਗਏ ਸਨ।

Check Also

ਪਠਾਨਕੋਟ ਦਾ ਮਰਚੈਂਟ ਨੇਵੀ ਅਫਸਰ ਓਮਾਨ ਦੇ ਸਮੁੰਦਰ ’ਚ ਲਾਪਤਾ

ਪਿਛਲੇ ਦਿਨੀਂ ਓਮਾਨ ਦੇ ਸਮੁੰਦਰ ’ਚ ਪਲਟ ਗਿਆ ਸੀ ਤੇਲ ਵਾਲਾ ਸਮੁੰਦਰੀ ਟੈਂਕਰ ਨਵੀਂ ਦਿੱਲੀ/ਬਿਊਰੋ …