Breaking News
Home / ਪੰਜਾਬ / ਮੋਤੀ ਮਹਿਲ ਘੇਰਨ ਜਾਂਦੇ ਅਧਿਆਪਕਾਂ ‘ਤੇ ਲਾਠੀਚਾਰਜ

ਮੋਤੀ ਮਹਿਲ ਘੇਰਨ ਜਾਂਦੇ ਅਧਿਆਪਕਾਂ ‘ਤੇ ਲਾਠੀਚਾਰਜ

ਪੁਲਿਸ ਨੇ ਅਧਿਆਪਕਾਂ ‘ਤੇ ਛੱਡੀਆਂ ਪਾਣੀ ਦੀਆਂ ਬੁਛਾਰਾਂ – ਕਈ ਅਧਿਆਪਕਾਂ ਦੀਆਂ ਦਸਤਾਰਾਂ ਲੱਥੀਆਂ
ਪਟਿਆਲਾ : ਪਟਿਆਲਾ ਬੱਸ ਸਟੈਂਡ ਨੇੜੇ ਰੈਲੀ ਕਰਨ ਉਪਰੰਤ ਮੋਤੀ ਮਹਿਲ ਵੱਲ ਵਧਦੇ ਪੰਜਾਬ ਭਰ ਦੇ ਹਜ਼ਾਰਾਂ ਅਧਿਆਪਕਾਂ ‘ਤੇ ਪੁਲੀਸ ਨੇ ਐਤਵਾਰ ਨੂੰ ਲਾਠੀਚਾਰਜ ਕੀਤਾ ਤੇ ਪਾਣੀ ਦੀਆਂ ਬੁਛਾੜਾਂ ਨਾਲ ਉਨ੍ਹਾਂ ਦੇ ਪੈਰ ਉਖਾੜਨ ਦਾ ਯਤਨ ਕੀਤਾ। ਪੁਲਿਸ ਕਾਰਵਾਈ ਦੌਰਾਨ ਦੋ ਦਰਜਨ ਦੇ ਕਰੀਬ ਅਧਿਆਪਕ ਤੇ ਅਧਿਆਪਕਾਵਾਂ ਜ਼ਖ਼ਮੀ ਹੋ ਗਏ। ਇਸ ਦੌਰਾਨ ਵੱਡੀ ਗਿਣਤੀ ਮਹਿਲਾ ਅਧਿਆਪਕਾਂ ਦੀ ਖਿੱਚ ਧੂਹ ਵੀ ਕੀਤੀ ਗਈ। ਦੇਰ ਰਾਤ ਪ੍ਰਸ਼ਾਸਨ ਵਲੋਂ ਮੁੱਖ ਮੰਤਰੀ ਨਾਲ ਗੱਲਬਾਤ ਦਾ ਭਰੋਸਾ ਦੇਣ ਮਗਰੋਂ ਅਧਿਆਪਕਾਂ ਨੇ ਆਪਣਾ ਧਰਨਾ ਚੁੱਕ ਲਿਆ। ਦੋਹਾਂ ਧਿਰਾਂ ਵਿਚ ਸੰਘਰਸ਼ ਦੌਰਾਨ ਐਸ.ਪੀ.ਡੀ. ਹਰਵਿੰਦਰ ਸਿੰਘ ਵਿਰਕ ਸਮੇਤ 10 ਪੁਲਿਸ ਮੁਲਾਜ਼ਮ ਜ਼ਖ਼ਮੀ ਹੋ ਗਏ। ਵਿਰਕ ਦਾ ਮੋਢਾ ਵੀ ਫਰੈਕਚਰ ਹੋ ਗਿਆ।ਜਾਣਕਾਰੀ ਅਨੁਸਾਰ ਅਧਿਆਪਕ ਸੰਘਰਸ਼ ਕਮੇਟੀ ਦੇ ਸੱਦੇ ‘ਤੇ ਸੂਬੇ ਭਰ ਵਿਚੋਂ ਅਧਿਆਪਕ ਸਵੇਰ ਤੋਂ ਹੀ ਮੁੱਖ ਮੰਤਰੀ ਦੇ ਸ਼ਹਿਰ ਵਿੱਚ ਪੁੱਜਣੇ ਸ਼ੁਰੂ ਹੋ ਗਏ ਸਨ। ਇਨ੍ਹਾਂ ਅਧਿਆਪਕਾਂ ਨੇ ਪਹਿਲਾਂ ਬੱਸ ਸਟੈਂਡ ਕੋਲ ਵਿਸ਼ਾਲ ਰੈਲੀ ਕੀਤੀ। ਅਧਿਆਪਕ ਆਗੂਆਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ‘ਤੇ ਅਧਿਆਪਕਾਂ ਨੂੰ ਬੈਠਕ ਲਈ ਸਮਾਂ ਦੇ ਕੇ ਗੱਲਬਾਤ ਤੋਂ 10 ਵਾਰ ਮੁਕਰਨ ਦੇ ਦੋਸ਼ ਮੜਦਿਆਂ ਕੈਪਟਨ ਸਰਕਾਰ ‘ਤੇ ਪੈਰ ਪੈਰ ਉੱਤੇ ਵਾਅਦਿਖ਼ਲਾਫ਼ੀ ਦੇ ਦੋਸ਼ ਲਾਏ। ਢਾਈ ਘੰਟੇ ਚੱਲੀ ਰੋਸ ਰੈਲੀ ਦੌਰਾਨ ਅਧਿਆਪਕ ਸੰਘਰਸ਼ ਕਮੇਟੀ ਦੇ ਆਗੂਆਂ ਵੱਲੋਂ ਬਿਨਾ ਤਨਖ਼ਾਹ ਕਟੌਤੀ ਰੈਗੂਲਰ ਕਰਨ ਸਮੇਤ ਹੋਰ ਮੰਗਾਂ ਤੇ ਮਸਲੇ ਉਠਾਉਣ ਮਗਰੋਂ ਜਦੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਥਾਨਕ ਘਰ ‘ਨਿਊ ਮੋਤੀ ਮਹਿਲ’ ਵੱਲ ਜਲੂਸ ਦੀ ਸ਼ਕਲ ਵਿੱਚ ਵਧਣ ਦਾ ਐਲਾਨ ਕੀਤਾ ਤਾਂ ਪੁਲਿਸ ਨੂੰ ਹੱਥਾਂ ਪੈਰਾਂ ਦੀ ਪੈ ਗਈ। ਪੁਲਿਸ ਕਰਮੀਆਂ ਨੇ ਅਧਿਆਪਕਾਂ ਦੇ ਵੱਡੇ ਕਾਫ਼ਲੇ ਨੂੰ ਪਹਿਲਾਂ ਫੁਹਾਰਾ ਚੌਕ ਵਿਚ ਰੋਕਣ ਦੀ ਕੋਸ਼ਿਸ਼ ਕੀਤੀ, ਪਰ ਅਧਿਆਪਕ ਕਾਰਕੁਨ ਬੈਰੀਕੇਡ ਤੋੜ ਕੇ ਅੱਗੇ ਵਧਣ ਵਿਚ ਸਫਲ ਹੋ ਗਏ। ਮਗਰੋਂ ਜਦੋਂ ਮੋਦੀ ਕਾਲਜ ਚੌਕ ਵਿਚੋਂ ਕਾਫਲੇ ਨੇ ਮੋੜ ਕੱਟਦਿਆਂ ਮੋਤੀ ਮਹਿਲ ਵੱਲ ਜਾਣ ਲਈ ਵਾਈਪੀਐਸ ਚੌਕ ਵੱਲ ਮੁਹਾਰ ਘੱਤੀ ਤਾਂ ਅੱਗੇ ਬੈਰੀਕੇਡ ਲੱਗੇ ਹੋਣ ਕਰਕੇ ਅਧਿਆਪਕਾਂ ਦੀ ਪੁਲਿਸ ਨਾਲ ਝੜਪ ਹੋ ਗਈ। ਅਧਿਆਪਕਾਂ ਨੇ ਜਦੋਂ ਜਬਰੀ ਬੈਰੀਕੇਡ ਤੋੜ ਕੇ ਅੱਗੇ ਵਧਣ ਦੀ ਕੋਸ਼ਿਸ਼ ਕੀਤੀ ਤਾਂ ਪੁਲਿਸ ਬਲਾਂ ਨੇ ਪਾਣੀ ਦੀਆਂ ਬੁਛਾੜਾਂ ਦੇ ਅਧਿਆਪਕਾਂ ਵੱਲ ਮੂੰਹ ਖੋਲ੍ਹ ਦਿੱਤੇ ਤੇ ਲਾਠੀਚਾਰਜ ਵੀ ਕੀਤਾ। ਵੱਡੀ ਗਿਣਤੀ ਅਧਿਆਪਕ ਪੁਲਿਸ ਦੇ ਡੰਡਿਆਂ ਤੇ ਪਾਣੀ ਦੀਆਂ ਬੁਛਾੜਾਂ ਕਾਰਨ ਜ਼ਖ਼ਮੀ ਹੋ ਗਏ। ਕਈ ਅਧਿਆਪਕਾਂ ਦੀਆਂ ਪੱਗਾਂ ਲੱਥ ਗਈਆਂ ਜਦੋਂਕਿ ਮਹਿਲਾ ਅਧਿਆਪਕਾਂ ਦੀਆਂ ਚੁੰਨੀਆਂ ਲਹਿ ਗਈਆਂ। ਅਧਿਆਪਕ ਸੰਘਰਸ਼ ਕਮੇਟੀ ਦੇ ਬੁਲਾਰੇ ਗਗਨ ਰਾਣੂ ਮੁਤਾਬਿਕ 20 ਤੋਂ 25 ਅਧਿਆਪਕ ਕਾਰਕੁਨਾਂ ਨੂੰ ਸੱਟਾਂ ਵੱਜੀਆਂ ਹਨ।
ਸਰਕਾਰ ਮਸਲੇ ਦਾ ਸੁਖਾਵਾਂ ਹੱਲ ਕੱਢਣ ਲਈ ਵਚਨਬੱਧ : ਕੈਪਟਨ ਅਮਰਿੰਦਰ
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਦਰਸ਼ਨਕਾਰੀ ਅਧਿਆਪਕਾਂ ਅਤੇ ਹੋਰ ਮੁਲਾਜ਼ਮਾਂ ਨੂੰ ਅੰਦੋਲਨ ਦਾ ਰਾਹ ਤਿਆਗਣ ਅਤੇ ਥੋੜ੍ਹਾ ਸਬਰ ਰੱਖਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਅਧਿਆਪਕਾਂ ਦੀਆਂ ਬਕਾਇਆ ਮੰਗਾਂ ਦਾ ਸੁਖਾਵਾਂ ਹੱਲ ਲੱਭਣ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਰੋਸ ਪ੍ਰਦਰਸ਼ਨਾਂ ਨਾਲ ਕੋਈ ਉਸਾਰੂ ਹੱਲ ਨਹੀਂ ਨਿਕਲੇਗਾ ਅਤੇ ਮਸਲੇ ਦਾ ਹੱਲ ਕੱਢਣ ਲਈ ਛੇਤੀ ਹੀ ਗੱਲਬਾਤ ਹੋਵੇਗੀ।
ਅਧਿਆਪਕਾਂ ‘ਤੇ ਲਾਠੀਚਾਰਜ ਦੀ ਨਿਖੇਧੀ
ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ, ਆਮ ਆਦਮੀ ਪਾਰਟੀ, ਅਕਾਲੀ ਦਲ ਟਕਸਾਲੀ ਅਤੇ ਭਾਰਤੀ ਕਮਿਊਨਿਸਟ ਪਾਰਟੀ ਦੇ ਆਗੂਆਂ ਨੇ ਪਟਿਆਲਾ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਰਿਹਾਇਸ਼ ਦਾ ਘਿਰਾਓ ਕਰਨ ਜਾ ਰਹੇ ਅਧਿਆਪਕਾਂ ਉੱਤੇ ਪੁਲਿਸ ਵੱਲੋਂ ਕੀਤੇ ਲਾਠੀਚਾਰਜ ਦੀ ਸਖ਼ਤ ਨਿਖੇਧੀ ਕੀਤੀ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ, ਅਕਾਲੀ ਦਲ ਟਕਸਾਲੀ ਦੇ ਪ੍ਰਧਾਨ ਰਣਜੀਤ ਸਿੰਘ ਬ੍ਰਹਮਪੁਰਾ, ਆਮ ਆਦਮੀ ਪਾਰਟੀ ਦੇ ਆਗੂ ਹਰਪਾਲ ਸਿੰਘ ਚੀਮਾ ਅਤੇ ਸੀਪੀਆਈ ਪੰਜਾਬ ਦੇ ਸਕੱਤਰ ਬੰਤ ਸਿੰਘ ਬਰਾੜ ਨੇ ਕਿਹਾ ਕਿ ਅਧਿਆਪਕਾਂ ਉੱਤੇ ਲਾਠੀਚਾਰਜ ਅਤੇ ਪਾਣੀ ਦੀਆਂ ਤੋਪਾਂ ਨਾਲ ਹਮਲੇ ਨੇ ਤਾਨਾਸ਼ਾਹ ਰਾਜੇ ਦੀ ਹਕੂਮਤ ਦੇ ਦਿਨ ਚੇਤੇ ਕਰਵਾ ਦਿੱਤੇ ਹਨ।

Check Also

ਪੰਜਾਬ ਪੁਲਿਸ ਦੇ ਏਡੀਜੀਪੀ ਗੁਰਿੰਦਰ ਸਿੰਘ ਢਿੱਲੋਂ ਨੇ ਛੱਡੀ ਨੌਕਰੀ

ਕਿਹਾ : ਸਿਹਤ ਠੀਕ ਨਾ ਹੋਣ ਕਰਕੇ ਲਈ ਹੈ ਵੀਆਰਐਸ ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਪੁਲਿਸ …