Breaking News
Home / ਪੰਜਾਬ / ਕਰਤਾਰਪੁਰ ਸਾਹਿਬ ਦੇ ਲਾਂਘੇ ਦਾ ਜਾਇਜ਼ਾ ਲੈਣ ਲਈ ਪਹੁੰਚੇ ਪੰਜਾਬ ਸਰਕਾਰ ਦੇ ਅਧਿਕਾਰੀ

ਕਰਤਾਰਪੁਰ ਸਾਹਿਬ ਦੇ ਲਾਂਘੇ ਦਾ ਜਾਇਜ਼ਾ ਲੈਣ ਲਈ ਪਹੁੰਚੇ ਪੰਜਾਬ ਸਰਕਾਰ ਦੇ ਅਧਿਕਾਰੀ

ਕਿਸਾਨਾਂ ਨੂੰ ਯੋਗ ਮੁਆਵਜ਼ਾ ਦੇਣ ਦਾ ਦਿੱਤਾ ਭਰੋਸਾ
ਬਟਾਲਾ/ਬਿਊਰੋ ਨਿਊਜ਼ : ਕਰਤਾਰਪੁਰ ਸਾਹਿਬ ਦੇ ਲਾਂਘੇ ਦਾ ਜਾਇਜ਼ਾ ਲੈਣ ਲਈ ਕੌਮਾਂਤਰੀ ਸੀਮਾ ‘ਤੇ ਪੰਜਾਬ ਸਰਕਾਰ ਦੇ ਲੋਕ ਨਿਰਮਾਣ ਵਿਭਾਗ ਦੇ ਸਕੱਤਰ ਹੁਸਨ ਲਾਲ ਵਿਸੇਸ਼ ਤੌਰ ‘ਤੇ ਪਹੁੰਚੇ। ਇਸ ਮੌਕੇ ਸਕੱਤਰ ਨੇ ਕੰਡਿਆਲੀ ਤਾਰ ਕੋਲ ਬਣੇ ਦਰਸ਼ਨ ਸਥਾਨ ‘ਤੇ ਜਾ ਕੇ ਦੂਰਬੀਨ ਰਾਹੀਂ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨ ਕੀਤੇ ਅਤੇ ਬਣਨ ਵਾਲੇ ਰੋਡ ਤੇ ਹੋਰ ਕੰਮ ਦਾ ਜਾਇਜ਼ਾ ਲਿਆ।
ਇਸੇ ਦੌਰਾਨ ਕਿਸਾਨਾਂ ਦਾ ਵਫ਼ਦ ਸਕੱਤਰ ਅਤੇ ਡੀਸੀ ਨੂੰ ਮਿਲਿਆ ਅਤੇ ਦੱਸਿਆ ਕਿ ਲਾਂਘੇ ਲਈ ਉਨ੍ਹਾਂ ਦੀ ਜੋ ਜ਼ਮੀਨ ਐਕੁਆਇਰ ਕੀਤੀ ਜਾ ਰਹੀ ਹੈ, ਉਸ ਦਾ ਯੋਗ ਮੁਆਵਜ਼ਾ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਜੋ ਮੁਆਵਜ਼ਾ ਦੇ ਰਹੀ ਹੈ, ਉਹ ਬਹੁਤ ਘੱਟ ਹੈ। ਸਕੱਤਰ ਨੇ ਕਿਸਾਨਾਂ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਨੂੰ ਕਾਨੂੰਨ ਅਨੁਸਾਰ ਯੋਗ ਮੁਆਵਜ਼ਾ ਦਿੱਤਾ ਜਾਵੇਗਾ। ਉਨ੍ਹਾਂ ਕਿਸਾਨਾਂ ਨੂੰ ਦੱਸਿਆ ਕਿ ਉਹ ਆਪਣੇ ਇਤਰਾਜ਼ ਲਿਖਤੀ ਰੂਪ ਵਿੱਚ ਦੇਣ। ਇਸ ਤੋਂ ਪਹਿਲਾਂ ਕਰਤਾਰਪੁਰ ਸਾਹਿਬ ਦੇ ਲਾਂਘੇ ਲਈ ਜੋ ਜ਼ਮੀਨ ਐਕੁਆਇਰ ਕੀਤੀ ਜਾ ਰਹੀ ਹੈ, ਉਸ ਜ਼ਮੀਨ ਦੇ ਮਾਲਕ ਕਿਸਾਨਾਂ ਦਾ ਵਫ਼ਦ ਐੱਸਡੀਐੱਮ ਡੇਰਾ ਬਾਬਾ ਨਾਨਕ ਦੀ ਗੈਰਹਾਜ਼ਰੀ ਵਿਚ ਨਾਇਬ ਤਹਿਸੀਲਦਾਰ ਨੂੰ ਮਿਲਿਆ। ਵਫ਼ਦ ਨੇ ਲਿਖਤੀ ਇਤਰਾਜ਼ ਦਿੱਤਾ ਕਿ ਕੇਂਦਰ ਤੇ ਪੰਜਾਬ ਦੇ ਅਧਿਕਾਰੀਆਂ ਨੇ ਲਾਂਘੇ ਲਈ ਭੂਮੀ ਗ੍ਰਹਿਣ ਕਰਨ ਸਬੰਧੀ ਹਾਲੇ ਤੱਕ ਮਾਲਕ ਕਿਸਾਨਾਂ ਨਾਲ ਕੋਈ ਰਾਬਤਾ ਤੱਕ ਨਹੀਂ ਬਣਾਇਆ। ਕਿਸਾਨਾਂ ਨੇ ਖ਼ਦਸ਼ਾ ਜ਼ਾਹਰ ਕੀਤਾ ਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਉਨ੍ਹਾਂ ਦੀ ਜ਼ਮੀਨ ਦੇ ਬਣਦੇ ਭਾਅ ਨਹੀਂ ਦਿੱਤੇ ਜਾਣਗੇ।
ਐੱਸਡੀਐੱਮ ਦਫ਼ਤਰ ਵਿਚ ਅਧਿਕਾਰੀ ਨਾਲ ਮੁਲਾਕਾਤ ਤੋਂ ਬਾਅਦ ਕਿਸਾਨ ਨਰੇਸ਼ ਮਹਾਜਨ ਤੇ ਗੁਰਪ੍ਰੀਤ ਸਿੰਘ ਡੇਰਾ ਬਾਬਾ ਨਾਨਕ ਨੇ ਦੱਸਿਆ ਕਿ ਸਰਕਾਰ ਪ੍ਰਤੀ ਏਕੜ ਕੁਲੈਕਟਰ ਰੇਟ 12 ਤੋਂ 13 ਲੱਖ ਰੁਪਏ ਦੇ ਰਹੀ ਹੈ ਅਤੇ ਹੋਰ ਭੱਤੇ ਪਾ ਕੇ 25 ਲੱਖ ਰੁਪਏ ਬਣਦਾ ਹੈ। ਕਿਸਾਨ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਕੇਂਦਰ ਸਰਕਾਰ ਕਿਸਾਨਾਂ ਨੂੰ ਜ਼ਮੀਨ ਐਕੁਆਇਰ ਕਰਨ ਲਈ ਭਰੋਸੇ ਵਿਚ ਨਹੀਂ ਲੈ ਰਹੀ। ਕਿਸਾਨਾਂ ਕੇਂਦਰ ਸਰਕਾਰ ‘ਤੇ ਜ਼ਮੀਨ ਦਾ ਰੇਟ ਬਹੁਤ ਘੱਟ ਦੇਣ ਦੀ ਗੱਲ ਕਰਦਿਆਂ ਦੱਸਿਆ ਕਿ ਗੁਜ਼ਾਰਾ ਭੱਤਾ ਸੰਤੁਸ਼ਟੀਜਨਕ ਮਿਲਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਕੇਂਦਰ ਸਰਕਾਰ ਤੋਂ ਨੈਸ਼ਨਲ ਹਾਈਵੇਅ ਅਥਾਰਿਟੀ, ਗ੍ਰਹਿ ਵਿਭਾਗ ਤੇ ਪੰਜਾਬ ਸਰਕਾਰ ਦੇ ਜਿਹੜੇ ਵੀ ਅਧਿਕਾਰੀ ਡੇਰਾ ਬਾਬਾ ਨਾਨਕ ਕੌਮਾਂਤਰੀ ਸੀਮਾ ‘ਤੇ ਆਏ, ਉਨ੍ਹਾਂ ਨੇ ਇੱਕ ਵਾਰ ਵੀ ਕਿਸਾਨਾਂ ਨਾਲ ਰਾਬਤਾ ਨਹੀਂ ਬਣਾਇਆ ਜਦੋਂ ਕਿ ਇਹ ਜ਼ਰੂਰੀ ਸੀ।

ਕਰਤਾਰਪੁਰ ਲਾਂਘੇ ਲਈ ਜ਼ਮੀਨ ਲੈਣ ਵਾਸਤੇ ਡੀਸੀ ਵੱਲੋਂ ਕਿਸਾਨਾਂ ਨਾਲ ਮੀਟਿੰਗ
ਗੁਰਦਾਸਪੁਰ/ਬਿਊਰੋ ਨਿਊਜ਼ : ਡਿਪਟੀ ਕਮਿਸ਼ਨਰ ਵਿਪੁਲ ਉਜਵਲ ਨੇ ਕਸਬਾ ਡੇਰਾ ਬਾਬਾ ਨਾਨਕ ਵਿੱਚ ਕਰਤਾਰਪੁਰ ਲਾਂਘੇ ਲਈ ਜ਼ਮੀਨ ਪ੍ਰਾਪਤ ਕਰਨ ਦੇ ਮਸਲੇ ਨੂੰ ਸੁਲਝਾਉਣ ਲਈ ਸਥਾਨਕ ਦਫ਼ਤਰ ਵਿੱਚ ਸਬੰਧਿਤ ਜ਼ਮੀਨ ਮਾਲਕ ਕਿਸਾਨਾਂ ਨਾਲ ਮੀਟਿੰਗ ਕੀਤੀ। ਉਨ੍ਹਾਂ ਜ਼ਮੀਨ ਮਾਲਕਾਂ ਦੇ ਇਤਰਾਜ਼ਾਂ ਨੂੰ ਵਿਸਥਾਰ ਨਾਲ ਸੁਣਿਆ ਅਤੇ ਉਨ੍ਹਾਂ ਨੂੰ ਇਸ ਕਾਰਜ ਲਈ ਅੱਗੇ ਆਉਣ ਦੀ ਅਪੀਲ ਕੀਤੀ। ਇਸ ਦੌਰਾਨ ਮੌਜੂਦ ਕਿਸਾਨਾਂ ਨੇ ਕਰਤਾਰਪੁਰ ਲਾਂਘੇ ਲਈ ਜ਼ਮੀਨ ਵਾਜ਼ਬ ਭਾਅ ‘ਤੇ ਦੇਣ ਦੀ ਸਹਿਮਤੀ ਪ੍ਰਗਟਾਈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਮੀਨ ਮਾਲਕਾਂ ਦੇ ਇਤਰਾਜ਼ ‘ਤੇ ਗੰਭੀਰਤਾ ਨਾਲ ਵਿਚਾਰ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜ਼ਮੀਨ ਮਾਲਕਾਂ ਨੂੰ ਜ਼ਮੀਨ ਦੀ ਵਾਜਬ ਕੀਮਤ ਦਿੱਤੀ ਜਾਵੇਗੀ, ਜਿਸ ਦੀ ਕਾਨੂੰਨੀ ਪ੍ਰਕਿਰਿਆ ਚੱਲ ਰਹੀ ਹੈ। ਜੇਕਰ ਕੋਈ ਭਾਅ ਤੋਂ ਸੰਤੁਸ਼ਟ ਨਹੀਂ ਹੋਵੇਗਾ ਤਾਂ ਮੁੜ ਇਤਰਾਜ਼ ਦੇ ਸਕਦਾ ਹੈ। ਹਾਲਾਂਕਿ ਮੀਟਿੰਗ ਦੌਰਾਨ ਮੌਜੂਦ ਕਿਸਾਨਾਂ ਨੇ ਕਿਹਾ ਹੈ ਕਿ ਉਹ ਪਹਿਲੀ ਪਾਤਸ਼ਾਹੀ ਗੁਰੂ ਨਾਨਕ ਦੇਵ ਜੀ ਦੇ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਲਾਂਘਾ ਖੁੱਲ੍ਹਣ ‘ਤੇ ਖੁਸ਼ ਹਨ ਅਤੇ ਜ਼ਮੀਨ ਦੇਣ ਵਿੱਚ ਕੋਈ ਇਤਰਾਜ਼ ਨਹੀਂ ਹਨ, ਪਰ ਵਾਜ਼ਬ ਭਾਅ ਜ਼ਰੂਰ ਚਾਹੁੰਦੇ ਹਨ। ਇਸ ਮੌਕੇ ਐੱਸਡੀਐੱਮ ਅਸ਼ੋਕ ਕੁਮਾਰ ਥਾਣੇਵਾਲ, ਸਹਾਇਕ ਕਮਿਸ਼ਨਰ ਰਮਨ ਕੋਛੜ ਵੀ ਹਾਜ਼ਰ ਸਨ।

Check Also

ਸੁਨੀਲ ਜਾਖੜ ਨੇ ਲੋਕ ਸਭਾ ਚੋਣਾਂ ਦੌਰਾਨ ਭਾਜਪਾ ਦੇ ਪ੍ਰਦਰਸ਼ਨ ਨੂੰ ਦੱਸਿਆ ਵਧੀਆ

ਕਿਹਾ : ਹੁਸ਼ਿਆਰਪੁਰ ਦੇ ਨਤੀਜੇ ਸਾਡੀ ਉਮੀਦ ਅਨੁਸਾਰ ਨਹੀਂ ਆਏ ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਭਾਜਪਾ …