Breaking News
Home / ਕੈਨੇਡਾ / ਪ੍ਰੋ. ਆਸ਼ਿਕ ਰਹੀਲ : ਬਰੈਂਪਟਨ ਦੀ ਅਜ਼ੀਮ ਅਦਬੀ ਸ਼ਖ਼ਸੀਅਤ

ਪ੍ਰੋ. ਆਸ਼ਿਕ ਰਹੀਲ : ਬਰੈਂਪਟਨ ਦੀ ਅਜ਼ੀਮ ਅਦਬੀ ਸ਼ਖ਼ਸੀਅਤ

ਪ੍ਰੋ. ਆਸ਼ਿਕ ਰਹੀਲ ਹੁਰਾਂ ਨਾਲ ਮੇਰੀ ਮੁਲਾਕਾਤ ਲੱਗਭੱਗ ਦਹਾਕਾ ਪਹਿਲਾਂ ‘ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ’ ਦੇ ਇਕ ਮਹੀਨਾਵਾਰ ਸਮਾਗ਼ਮ ਵਿਚ ਹੋਈ। ਇਹ ਗਰਮੀਆਂ ਦੇ ਦਿਨ ਸਨ। ਉਹ ਸਾਡੇ 10-12 ਦੋਸਤਾਂ ਵੱਲੋਂ ਮਿਲ ਕੇ ਪਿਛਲੇ 12 ਸਾਲਾਂ ਤੋਂ ਚਲਾਈ ਜਾ ਰਹੀ ਇਸ ਸਭਾ ਦੇ ਸਮਾਗ਼ਮ ਵਿਚ ਪਹਿਲੀ ਵਾਰ ਆਏ ਸਨ। ਪਤਲੇ ਜਿਹੇ ਇਕਹਿਰੇ ਛੀਟਕੇ ਸਰੀਰ ‘ਤੇ ਸਫ਼ੈਦ ਪਾਕਿਸਤਾਨੀ ਕੁੜਤੇ-ਪਜਾਮੇ ਉੱਪਰ ਕਾਲ਼ੀ ਜੈਕਟ ਪਾਈ ਉਹ ਬੜੇ ਜੱਚ ਰਹੇ ਸਨ ਅਤੇ ਸਮਾਗ਼ਮ ਵਿਚ ਹਾਜ਼ਰ ਕਵੀਆਂ ਤੇ ਸਰੋਤਿਆਂ ਲਈ ਖਿੱਚ ਦਾ ਕਾਰਨ ਬਣੇ ਹੋਏ ਹਨ।
ਸਮਾਗ਼ਮ ਸ਼ੁਰੂ ਹੋਣ ਵਿਚ ਅਜੇ ਕੁਝ ਸਮਾਂ ਰਹਿੰਦਾ ਸੀ ਅਤੇ ਉਨ੍ਹਾਂ ਸਮੇਤ ਸਾਰੇ ਮੈਂਬਰ ਤੇ ਮਹਿਮਾਨ ਗਰਮ ਗਰਮ ਚਾਹ, ਵੇਸਣ ਦੀ ਬਰਫ਼ੀ ਅਤੇ ਪਕੌੜਿਆਂ ਦਾ ਲੁਤਫ਼ ਲੈ ਰਹੇ ਸਨ। ਚਾਹ ਪੀਦਿਆਂ ਮੇਰੇ ਅੰਦਰ ਉਨ੍ਹਾਂ ਨੂੰ ਮਿਲਣ ਦੀ ਉਤਸੁਕਤਾ ਦਾ ਅਹਿਸਾਸ ਹੋਇਆ ਅਤੇ ਮੈਂ ਉਨ੍ਹਾਂ ਦੇ ਨੇੜੇ ਜਾ ਕੇ ‘ਅਸਲਾਮਾ-ਲੇਕਮ’ ਜਾ ਬੁਲਾਈ। ਅੱਗੋਂ ਉਨ੍ਹਾਂ ਨੇ ਇਸ ਦਾ ਮੈਨੂੰ ਬੜੇ ਹੀ ਤਪਾਕ ਨਾਲ ਠੇਠ ਪੰਜਾਬੀ ਵਿਚ ‘ਸਤਿ ਸ੍ਰੀ ਅਕਾਲ’ ਕਹਿ ਕੇ ਜੁਆਬ ਦਿੱਤਾ। ਮੈਂ ਜਦੋਂ ਆਪਣਾ ਨਾਂ ਦੱਸ ਕੇ ਉਨ੍ਹਾਂ ਦੇ ਬਾਰੇ ਜਾਨਣਾ ਚਾਹਿਆ ਤਾਂ ਉਨ੍ਹਾਂ ਬੜੇ ਬੇ-ਤੁਕੱਲਫ਼ ਹੋ ਕੇ ਦੱਸਿਆ ਕਿ ਉਹ ਲਾਹੌਰ ਤੋਂ ਹਨ ਅਤੇ ਇੱਥੇ ਬਰੈਂਪਟਨ ਰਹਿੰਦੇ ਆਪਣੇ ਬੇਟਿਆਂ ਕੋਲ ਆਏ ਹਨ। ਆਪਣੇ ਪਰਿਵਾਰ ਬਾਰੇ ਹੋਰ ਜਾਣਕਾਰੀ ਸਾਂਝੀ ਕਰਦਿਆਂ ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦੇ ਦੋ ਬੇਟੇ ਇੱਥੇ ਬਰੈਂਪਟਨ ਵਿਚ ਰਹਿੰਦੇ ਹਨ ਅਤੇ ਉਹ ਉਨ੍ਹਾਂ ਨੂੰ ਮਿਲਣ ਆਏ ਹਨ। ਵੱਡਾ ਬੇਟਾ ਰੀਅਲ-ਅਸਟੇਟ ਦੇ ਕਾਰੋਬਾਰ ਵਿਚ ਮਸਰੂਫ਼ ਹੈ ਅਤੇ ਉਸ ਦੀ ਬੇਗ਼ਮ ਇੱਥੇ ਡੈਂਟਿਸਟ ਹੈ। ਛੋਟਾ ਬੇਟਾ ਇੱਥੇ ਆਪਣਾ ਰੈੱਸਟੋਰੈਂਟ ਚਲਾ ਰਿਹਾ ਹੈ। ਤੀਸਰਾ ਬੇਟਾ ਅਮਰੀਕਾ ਦੇ ਸ਼ਹਿਰ ਨਿਊਯਾਰਕ ਵਿਚ ਹੈ ਅਤੇ ਚੌਥਾ ਸੱਭ ਤੋਂ ਛੋਟਾ ਲਾਹੌਰ ਰਹਿੰਦਾ ਹੈ। ਮੈਂ ਵੀ ਆਪਣੇ ਪਰਿਵਾਰ ਬਾਰੇ ਸੰਖੇਪ ਜਾਣਕਾਰੀ ਉਨ੍ਹਾਂ ਨਾਲ ਸਾਂਝੀ ਕੀਤੀ।
ਸਮਾਗ਼ਮ ਆਰੰਭ ਹੋਇਆ। ਇਸ ਦੇ ਪਹਿਲੇ ਸੈਸ਼ਨ ਵਿਚ ਇਕ ਪੁਸਤਕ ਲੋਕ-ਅਰਪਿਤ ਕੀਤੀ ਗਈ ਅਤੇ ਇਕ ਬੁਲਾਰੇ ਵੱਲੋਂ ਪੁਸਤਕ ਦੇ ਬਾਰੇ ਜਾਣਕਾਰੀ ਪਰਚੇ ਦੇ ਰੂਪ ਵਿਚ ਸਾਂਝੀ ਕੀਤੀ ਗਈ। ਦੂਸਰੇ ਸੈਸ਼ਨ ਵਿਚ ਕਵੀ-ਦਰਬਾਰ ਸੀ ਜਿਸ ਵਿਚ ਪੰਜ-ਛੇ ਕਵੀਆਂ ਤੋਂ ਬਾਅਦ ਪ੍ਰੋ. ਆਸ਼ਿਕ ਰਹੀਲ ਨੇ ਛੋਟੀ ਬਹਿਰ ਵਿਚ ਪੰਜਾਬੀ ਵਿਚ ਆਪਣੀ ਖ਼ੂਬਸੂਰਤ ਗ਼ਜ਼ਲ ਪੇਸ਼ ਕੀਤੀ ਜਿਸ ‘ਤੇ ਉਨ੍ਹਾਂ ਨੂੰ ਸਰੋਤਿਆਂ ਵੱਲੋਂ ਢੇਰ ਸਾਰੀ ਦਾਦ ਮਿਲੀ। ਇਸ ਤਰ੍ਹਾਂ ਸਭਾ ਦੇ ਸਮਾਗ਼ਮਾਂ ਵਿਚ ਉਨ੍ਹਾਂ ਨਾਲ ਮੁਲਾਕਾਤਾਂ ਦਾ ਇਹ ਸਿਲਸਿਲਾ ਕੁਝ ਮਹੀਨੇ ਚੱਲਦਾ ਰਿਹਾ ਅਤੇ ਫਿਰ ਅਚਾਨਕ ਬੰਦ ਹੋ ਗਿਆ। ਪਤਾ ਲੱਗਾ ਕਿ ਉਹ ਪਾਕਿਸਤਾਨ ਵਾਪਸ ਚਲੇ ਗਏ ਹਨ। ਅਗਲੀਆਂ ਗਰਮੀਆਂ ਵਿਚ ਉਹ ਫਿਰ ਇੱਥੇ ਬਰੈਂਪਟਨ ਰਹਿੰਦੇ ਬੇਟਿਆਂ ਕੋਲ ਆ ਗਏ ਅਤੇ ਸਾਡੀਆਂ ਮੁਲਾਕਾਤਾਂ ਦਾ ਸਿਲਸਿਲਾ ਮੁੜ ਤੋਂ ਬਹਾਲ ਹੋ ਗਿਆ। ਬਰੈਂਪਟਨ ਵਿਚ ਇਸ ਸਮੇਂ ਚਾਰ-ਪੰਜ ਸਾਹਿਤਕ ਸਭਾਵਾਂ ਸਰਗ਼ਰਮ ਹਨ ਅਤੇ ਉਹ ਲੱਗਭੱਗ ਸਾਰੀਆਂ ਹੀ ਸਭਾਵਾਂ ਦੇ ਸਮਾਗ਼ਮਾਂ ਵਿਚ ਸ਼ਿਰਕਤ ਕਰਦੇ ਹਨ। ਆਪਣੀਆਂ ਖੂਬਸੂਰਤ ਗ਼ਜ਼ਲਾਂ ਤੇ ਨਜ਼ਮਾਂ ਪੇਸ਼ ਕਰਦੇ ਹਨ ਅਤੇ ਸਰੋਤਿਆਂ ਕੋਲੋਂ ‘ਵਾਹ-ਵਾਹ’ ਖੱਟਦੇ ਹਨ। ਇਸ ਸਾਲ ਉਨ੍ਹਾਂ ਨੇ ਗਰਮੀਆਂ ਵਿਚ ਇੱਥੇ ਬਰੈਂਪਟਨ ਵਿਚ ਹੋਈਆਂ ਵਿਸ਼ਵ ਪੰਜਾਬੀ ਕਾਨਫ਼ਰੰਸਾਂ ਵਿਚ ਵੀ ਭਰਪੂਰ ਸ਼ਮੂਲੀਅਤ ਕੀਤੀ।
ਪ੍ਰੋ. ਆਸ਼ਿਕ ਰਹੀਲ ਗੌਰਮਿੰਟ ਕਾਲਜ ਲਾਹੌਰ ਜੋ ਹੁਣ ‘ਗੌਰਮਿੰਟ ਕਾਲਜ ਯੂਨੀਵਰਸਿਟੀ’ ਦੇ ਨਾਂ ਹੇਠ ਪੂਰੀ ਯੂਨੀਵਰਸਿਟੀ ਦਾ ਦਰਜਾ ਅਖ਼ਤਿਆਰ ਕਰ ਚੁੱਕਾ ਹੈ, ਵਿਚ ਮੈਥੇਮੈਟਿਕਸ (ਹਿਸਾਬ) ਦੇ ਪ੍ਰੋਫ਼ੈੱਸਰ ਰਹਿ ਚੁੱਕੇ ਹਨ। ਸਾਹਿਤ ਨਾਲ ਉਨ੍ਹਾਂ ਨੂੰ ਅੰਤਾਂ ਦਾ ਪ੍ਰੇਮ ਹੈ ਅਤੇ ਉਹ ਉਰਦੂ ਤੇ ਪੰਜਾਬੀ ਦੋਹਾਂ ਜ਼ਬਾਨਾਂ ਵਿਚ ਹੀ ਲਿਖਦੇ ਤੇ ਪੜ੍ਹਦੇ ਹਨ। ਉਹ ਸ਼ਾਹਮੁਖੀ ਤੇ ਗੁਰਮੁਖੀ ਦੋਹਾਂ ਹੀ ਲਿਪੀਆਂ ਵਿਚ ਲਿਖਣ/ਪੜ੍ਹਨ ਦੇ ਮਾਹਿਰ ਹਨ ਅਤੇ ਹੁਣ ਤੀਕ ਉਹ 50 ਤੋਂ ਵਧੇਰੇ ਪੁਸਤਕਾਂ ਦਾ ਗੁਰਮੁਖੀ ਤੋਂ ਸ਼ਾਹਮੁਖੀ ਅਤੇ ਸ਼ਾਹਮੁਖੀ ਤੋਂ ਗੁਰਮੁਖੀ ਵਿਚ ਉਲੱਥਾ ਕਰ ਚੁੱਕੇ ਹਨ। ਉਨ੍ਹਾਂ ਦਾ ਇਹ ਸ਼ੌਕ ਜਨੂੰਨ ਦੀ ਹੱਦ ਤੱਕ ਹੈ ਅਤੇ ਉਹ ਹਰ ਵੇਲੇ ਕਿਸੇ ਨਾ ਕਿਸੇ ਕਿਤਾਬ ਨੂੰ ਇੱਕ ਤੋਂ ਦੂਸਰੀ ਲਿਪੀ ਵਿਚ ਬਦਲਣ ਵਿਚ ਮਸਰੂਫ਼ ਰਹਿੰਦੇ ਹਨ। ਇਨ੍ਹਾਂ ਗਰਮੀਆਂ ਵਿਚ ਜਦੋਂ ਉਹ ਬਲਦੇਵ ਸਿੰਘ ਸੜਕਨਾਮਾ ਦੀ ਗਿਆਨੀ ਗੁਰਦਿੱਤ ਸਿੰਘ ਬਾਰੇ ਪੰਜਾਬੀ ਅਤੇ ਅੰਗਰੇਜ਼ੀ ਵਿਚ ਲਿਖੀ ਗਈ ਪੁਸਤਕ ‘ਅਜੋਕੇ ਭਾਰਤੀ ਇਤਿਹਾਸ ਦੇ ਉਸਰੱਈਏ : ਗਿਆਨੀ ਗੁਰਦਿੱਤ ਸਿੰਘ’ (Maker of Modern Indian Literature : Giani Gurdit Singh) ਨੂੰ ਗੁਰਮੁਖੀ ਤੋਂ ਸ਼ਾਹਮੁਖੀ ਵਿਚ ਕਰ ਰਹੇ ਸਨ ਤਾਂ ਇਸ ਪੁਸਤਕ ਵਿਚ ਬਲਦੇਵ ਸਿੰਘ ਵੱਲੋਂ ਵਰਤੇ ਗਏ ਕਈ ਟਕਸਾਲੀ ਸ਼ਬਦ ਸਮਝਣ ਵਿਚ ਉਨ੍ਹਾਂ ਨੂੰ ਮੁਸ਼ਕਲ ਪੇਸ਼ ਆ ਰਹੀ ਸੀ। ਸਾਡੀ ਇਕ ਮੁਲਾਕਾਤ ਵਿਚ ਉਨ੍ਹਾਂ ਆਪਣੀ ਇਹ ਸਮੱਸਿਆ ਮੇਰੇ ਨਾਲ ਸਾਂਝੀ ਕੀਤੀ ਤਾਂ ਜਦੋਂ ਮੈਂ ਇਨ੍ਹਾਂ ਸ਼ਬਦਾਂ ਦੇ ਭਾਵ-ਅਰਥ ਉਨ੍ਹਾਂ ਨੂੰ ਦੱਸੇ ਤਾਂ ਉਹ ਬੜੇ ਖ਼ੁਸ਼ ਹੋਏ। ਕਹਿਣ ਲੱਗੇ, ”ਇਹ ਤਾਂ ਬਹੁਤ ਹੀ ਚੰਗਾ ਹੋਇਆ। ਹੁਣ ਅੱਗੋਂ ਮੈਨੂੰ ਜਦੋਂ ਵੀ ਅਜਿਹੀ ਕੋਈ ਸਮੱਸਿਆ ਆਏਗੀ ਤਾਂ ਮੈਂ ਤੁਹਾਨੂੰ ਫ਼ੋਨ ਕਰਕੇ ਪੁੱਛ ਲਿਆ ਕਰਾਂਗਾ।” ਮੇਰੇ ਲਈ ਇਸ ਤੋਂ ਵਧੇਰੇ ਖ਼ੁਸ਼ੀ ਵਾਲੀ ਕਿਹੜੀ ਗੱਲ ਹੋ ਸਕਦੀ ਸੀ। ਇਸ ਤਰ੍ਹਾਂ ਫ਼ੋਨ ‘ਤੇ ਵੀ ਸਾਡੀਆਂ ਅਜਿਹੀਆਂ ਕਈ ਮੁਲਾਕਾਤਾਂ ਹੁੰਦੀਆਂ ਰਹੀਆਂ। ਗਿਆਨੀ ਗੁਰਦਿੱਤ ਸਿੰਘ ਹੁਰਾਂ ਬਾਰੇ ਵਧੇਰੇ ਜਾਣਕਾਰੀ ਲਈ ਜਦੋਂ ਮੈਂ ਉਨ੍ਹਾਂ ਨੂੰ ਆਪਣੀ ਨਿੱਜੀ ਲਾਇਬ੍ਰੇਰੀ ਵਿੱਚੋਂ ਗਿਆਨੀ ਜੀ ਦੀ ਵੱਡਮੁੱਲੀ ਕਿਤਾਬ ‘ਮੇਰਾ ਪਿੰਡ’ ਦਿੱਤੀ ਤਾਂ ਉਨ੍ਹਾਂ ਦੀ ਖ਼ੁਸ਼ੀ ਦਾ ਕੋਈ ਠਿਕਾਣਾ ਨਾ ਰਿਹਾ ਅਤੇ ਉਨ੍ਹਾਂ ਨੇ ਇਹ ਪੁਸਤਕ ਸਾਰੀ ਪੜ੍ਹ ਕੇ ਮੈਨੂੰ ਵਾਪਸ ਕੀਤੀ।
ਇਸ ਸਾਲ ਫ਼ਰਵਰੀ ਮਹੀਨੇ ਦੌਰਾਨ ਮੇਰਾ, ਸ਼੍ਰੀਮਤੀ ਜਗਦੀਸ਼ ਕੌਰ ਝੰਡ, ਛੋਟੀ ਭੈਣ ਗੁਰਚਰਨ ਥਿੰਦ ਅਤੇ ਉਸ ਦੇ ਪਤੀਦੇਵ ਡਾ. ਸੁਖਵਿੰਦਰ ਸਿੰਘ ਥਿੰਦ ਦਾ ਲਹਿੰਦੇ ਪੰਜਾਬ ਦੀ ਦੋ ਹਫ਼ਤਿਆਂ ਦੀ ਯਾਤਰਾ ਦਾ ਪ੍ਰੋਗਰਾਮ ਬਣ ਗਿਆ। ਸਾਡਾ ਇਹ ਟੂਰ-ਪ੍ਰੋਗਰਾਮ ‘ਪੰਜਾਬੀ ਪ੍ਰਚਾਰ ਟੀ.ਵੀ.’ ਦੇ ਸੰਚਾਲਕ ਦੋਸਤ ਅਹਿਮਦ ਰਜ਼ਾ ਵੱਲੋਂ ਸਪਾਂਸਰ ਕੀਤਾ ਗਿਆ। ਇਨ੍ਹਾਂ ਦੋ ਹਫ਼ਤਿਆਂ ਦੌਰਾਨ ਅਸੀਂ ਲਾਹੌਰ, ਕਸੂਰ, ਫ਼ੈਸਲਾਬਾਦ, ਇਸਲਾਮਾਬਾਦ, ਰਾਵਲਪਿੰਡੀ, ਪੁਰਾਤਨ ਤਕਸ਼ਿਲਾ ਯੂਨੀਵਰਸਿਟੀ ਦੇ ਖੰਡਰ, ਨਨਕਾਣਾ ਸਾਹਿਬ, ਪੰਜਾ ਸਾਹਿਬ, ਸੱਚਾ ਸੌਦਾ ਸਾਹਿਬ, ਕਰਤਾਰਪੁਰ ਸਾਹਿਬ, ਹਸਨ ਅਬਦਾਲ, ਫ਼ਰੂਕਾਬਾਦ, ਆਦਿ ਸ਼ਹਿਰਾਂ ਦੇ ਨਾਲ ਨਾਲ ਆਪਣੇ ਜੱਦੀ ਪਿੰਡ ਚੱਕ ਨੰਬਰ 202 (ਗੱਟੀ ਤਲਾਵਾਂ), ਬਸਤੀ ਦਾਨਿਸ਼ਮੰਦਾਂ ਅਤੇ ਪਡਿਆਲ ਪਿੰਡਾਂ ਵਿਚ ਵੀ ਗਏ। ਬਹੁਤ ਹੀ ਜਾਣਕਾਰੀ ਭਰਪੂਰ ਅਤੇ ਅਨੰਦਦਾਇਕ ਰਿਹਾ, ਸਾਡਾ ਇਹ ਇਤਿਹਾਸਕ ਟੂਰ। ਲਾਹੌਰ ਵਿਚ ਵਿਚਰਦਿਆਂ ਸਾਨੂੰ ਇੱਥੇ ਜਨਾਬ ਤਾਰਿਕ ਜਟਾਲਾ ਤੇ ਮੈਡਮ ਦੀਪ ਸਈਦਾ ਵਰਗੇ ਮੁਅੱਜ਼ਜ਼ ਮੇਜ਼ਬਾਨਾਂ ਵੱਲੋਂ ਕੀਤੀਆਂ ਗਈਆਂ ਦਾਅਵਤਾਂ ਵਿਚ ਸ਼ਿਰਕਤ ਕਰਨ ਦਾ ਸੁਭਾਗ ਪ੍ਰਾਪਤ ਹੋਇਆ। ਅਜਿਹੀ ਹੀ ਇਕ ਦਾਅਵਤ ਵਿਚ ਅਸੀਂ ਪ੍ਰੋ. ਆਸ਼ਿਕ ਰਹੀਲ ਹੁਰਾਂ ਦੇ ਵੀ ਮਹਿਮਾਨ ਬਣੇ। ਰਾਤ ਦੇ ਖਾਣੇ ਦੀ ਦਾਅਵਤ ਸੀ। ਦਾਅਵਤ ਕਾਹਦੀ ਸੀ, ਇਹ ਤਾਂ ਇੱਕ ਵੱਡਾ ਅਦਬੀ ਸਮਾਗ਼ਮ ਸੀ। ਪ੍ਰੋ. ਸਾਹਿਬ ਨੇ ਆਪਣੇ ਘਰ ਵਿਚ 30-35 ਅਦਬੀ ਸ਼ਖ਼ਸੀਅਤਾਂ ਨੂੰ ਬੁਲਾਇਆ ਹੋਇਆ ਸੀ। ਦੋ-ਢਾਈ ਘੰਟੇ ਚੱਲੇ ਇਸ ਕਵੀ-ਦਰਬਾਰ (ਮੁਸ਼ਾਇਰੇ) ਵਿਚ ਜਨਾਬ ਇਕਬਾਲ ਰਾਹੀ, ਮਿਰਾਜ ਦੀਨ ਡੋਗਰ, ਖ਼ਾਲਿਦ ਮਹਿਮੂਦ ਅਸੁਫ਼ਤਾ, ਅੱਬਾਸ ਮਿਰਜ਼ਾ, ਮਜ਼ਹਰ ਉਲਾਹ ਕੁਰੈਸ਼ੀ, ਮੁਨਾਜ਼ਾ ਸਹਿਰ, ਆਦਿਲ ਨਿਨਹਾਸ ਲਾਹੌਰੀ, ਰਾਸ਼ਿਦ ਲਾਹੌਰੀ, ਨਵੀਦ ਕੁਆਲੰਦਰੀ, ਅਹਿਮਦ ਰਜ਼ਾ ਪੰਜਾਬੀ, ਯਾਸੀਨ ਰਜ਼ਾ, ਆਬਿਦ ਨਾਬਿਲ ਸ਼ਾਦ, ਸੁਲਤਾਨ ਖ਼ੈਰਵੀ, ਅਫ਼ਜ਼ਲ ਮਿਰਜ਼ਾ, ਪ੍ਰੋ. ਕਲਿਆਣ ਸਿੰਘ ਕਲਿਆਣ, ਰਾਣਾ ਅਜ਼ਹਰ ਫਿਰੋਜ਼, ਡਾ. ਤੁਬੱਸਮ ਵਰਗੇ ਅਜ਼ੀਮ ਸ਼ਾਇਰਾਂ ਨੂੰ ਸੁਣਨ ਅਤੇ ਆਪਣੀ ਵੀ ਕਹਿਣ ਦਾ ਬੇਹਤਰੀਨ ਮੌਕਾ ਮਿਲਿਆ। ਮੇਰੇ ਲਈ ਇਹ ਖ਼ੁਦਾ ਵੱਲੋਂ ਭੇਜੇ ਗਏ ਕਿਸੇ ਅਨਮੋਲ ਤੋਹਫ਼ੇ ਤੋਂ ਘੱਟ ਨਹੀਂ ਸੀ। ਇਸ ਨਵੰਬਰ ਮਹੀਨੇ ਵਿਚ ਹੀ ਪ੍ਰੋ. ਆਸ਼ਿਕ ਰਹੀਲ ਲਾਹੌਰ ਵਾਪਸ ਗਏ ਹਨ। ਉਨ੍ਹਾਂ ਨੂੰ ਮੈਂ ਲਹਿੰਦੇ ਪੰਜਾਬ ਦੀਆਂ ਆਪਣੀਆਂ ਯਾਦਾਂ ਆਪਣੇ ਦੋਸਤਾਂ ਦੇ ਨਾਲ ਸਾਂਝੀਆਂ ਕਰਨ ਲਈ ਕਿਹਾ ਹੈ ਅਤੇ ਮੈਨੂੰ ਪੂਰੀ ਉਮੀਦ ਹੈ ਕਿ ਉਹ ਮੇਰਾ ਇਹ ਕੰਮ ਜ਼ਰੂਰ ਕਰਨਗੇ। ਇਨਸ਼ਾ ਅੱਲਾ! ਉਨ੍ਹਾਂ ਦੀ ਲਾਹੌਰ ਦੀ ਇਹ ਫੇਰੀ ਕਾਮਯਾਬ ਰਹੇ ਅਤੇ ਅਗਲੇ ਸਾਲ ਗਰਮੀਆਂ ਵਿਚ ਉਹ ਫਿਰ ਬਰੈਂਪਟਨ ਆਪਣੇ ਬੇਟਿਆਂ ਕੋਲ ਆਉਣ ਅਤੇ ਉਨ੍ਹਾਂ ਨਾਲ ਮੁੜ ਤਾਜ਼ੀ ਮੁਲਾਕਾਤ ਹੋਵੇ।
– ਡਾ. ਸੁਖਦੇਵ ਸਿੰਘ ਝੰਡ

Check Also

ਕੈਨੇਡਾ ਸਰਕਾਰ ‘ਮੌਰਟਗੇਜ’ ਨਿਯਮਾਂ ‘ਚ ਬਦਲਾਅ ਲਿਆ ਰਹੀ ਹੈ : ਸੋਨੀਆ ਸਿੱਧੂ

ਬਰੈਂਪਟਨ/ਬਿਊਰੋ ਨਿਊਜ਼ : ਕੈਨੇਡਾ ਵਿਚ ਘਰਾਂ ਦੀ ਘਾਟ ਦੀ ਸਮੱਸਿਆ ਹੈ। ਇਸ ਦੇ ਹੱਲ ਲਈ …