Breaking News
Home / ਪੰਜਾਬ / ਸੰਸਦੀ ਹਲਕਾ ਗੁਰਦਾਸਪੁਰ ਮੁੱਢਲੀਆਂ ਸਹੂਲਤਾਂ ਤੋਂ ਸੱਖਣਾ

ਸੰਸਦੀ ਹਲਕਾ ਗੁਰਦਾਸਪੁਰ ਮੁੱਢਲੀਆਂ ਸਹੂਲਤਾਂ ਤੋਂ ਸੱਖਣਾ

ਸੁਨੀਲ ਜਾਖੜ ਦੇ ਦਾਅਵਿਆਂ ਦਾ ਕੋਈ ਸਾਰਥਿਕ ਨਤੀਜਾ ਨਹੀਂ ਨਿਕਲਿਆ
ਗੁਰਦਾਸਪੁਰ : ਅਜ਼ਾਦੀ ਦੇ ਸੱਤ ਦਹਾਕਿਆਂ ਬਾਅਦ ਵੀ ਲੋਕ ਸਭਾ ਹਲਕਾ ਗੁਰਦਾਸਪੁਰ ਕਈ ਸਹੂਲਤਾਂ ਤੋਂ ਸੱਖਣਾ ਹੈ ਤੇ ਕਈ ਤਰ੍ਹਾਂ ਦੀਆਂ ਗੰਭੀਰ ਸਮੱਸਿਆਵਾਂ ਵਿਚ ਘਿਰਿਆ ਹੋਇਆ ਹੈ। ਸਿਹਤ ਸਹੂਲਤਾਂ ਤੋਂ ਇਲਾਵਾ ਇਹ ਸਰਹੱਦੀ ਹਲਕਾ ਉਦਯੋਗਿਕ ਵਿਕਾਸ ਦੇ ਮਾਮਲੇ ਵਿਚ ਵੀ ਪਛੜਿਆ ਹੋਇਆ ਹੈ। ਸਾਲ 2014 ਲੋਕ ਸਭਾ ਚੋਣਾਂ ਦੌਰਾਨ ਗੁਰਦਾਸਪੁਰ ਲੋਕ ਸਭਾ ਹਲਕੇ ਤੋਂ ਭਾਜਪਾ ਉਮੀਦਵਾਰ ਅਦਾਕਾਰ ਵਿਨੋਦ ਖੰਨਾ ਨੇ ਕਾਂਗਰਸੀ ਆਗੂ ਪ੍ਰਤਾਪ ਸਿੰਘ ਬਾਜਵਾ ਨੂੰ ਹਰਾਇਆ ਸੀ। ਸਾਲ 2017 ਵਿਚ ਵਿਨੋਦ ਖੰਨਾ ਦੀ ਮੌਤ ਮਗਰੋਂ ਅਕਤੂਬਰ ਵਿਚ ਹੋਈ ਜ਼ਿਮਨੀ ਚੋਣ ਵਿਚ ਕਾਂਗਰਸੀ ਉਮੀਦਵਾਰ ਸੁਨੀਲ ਜਾਖੜ, ਜੋ ਪੰਜਾਬ ਕਾਂਗਰਸ ਦੇ ਪ੍ਰਧਾਨ ਵੀ ਹਨ, ਭਾਜਪਾ ਦੇ ਸਵਰਨ ਸਲਾਰੀਆ ਨੂੰ ਵੱਡੇ ਫਰਕ ਨਾਲ ਹਰਾ ਕੇ ਚੋਣ ਜਿੱਤ ਗਏ। ਸੁਨੀਲ ਜਾਖੜ ਨੂੰ ਕੰਮ ਕਰਨ ਲਈ ਅਜੇ ਡੇਢ ਸਾਲ ਤੋਂ ਵੀ ਘੱਟ ਸਮਾਂ ਮਿਲਿਆ ਹੈ। ਇਸ ਸਮੇਂ ਦੌਰਾਨ ਉਨ੍ਹਾਂ ਨੇ ਹਲਕੇ ਦੀਆਂ ਸਮੱਸਿਆਵਾਂ ਦੇ ਹੱਲ ਲਈ ਸੰਜੀਦਾ ਬਿਆਨ ਤਾਂ ਦਿੱਤੇ ਹਨ, ਪਰ ਅਜੇ ਤਕ ਕੋਈ ਸਾਰਥਿਕ ਨਤੀਜਾ ਸਾਹਮਣੇ ਨਹੀਂ ਆਇਆ। ਹਲਕਾ ਵਾਸੀਆਂ ਨੂੰ ਸਿਹਤ ਸਹੂਲਤਾਂ ਲਈ ਪੰਜਾਬ ਦੇ ਵੱਡੇ ਸ਼ਹਿਰਾਂ ਵੱਲ ਰੁਖ਼ ਕਰਨਾ ਪੈਂਦਾ ਹੈ। ਕਈ ਬਿਮਾਰੀਆਂ ਦਾ ਇਲਾਜ ਤਾਂ ਹਲਕੇ ਵਿਚ ਸੰਭਵ ਹੀ ਨਹੀਂ ਹੈ ਅਤੇ ਰੋਗਾਂ ਦਾ ਪਤਾ ਲਾਉਣ ਲਈ ਕਲੀਨਿਕਲ ਟੈੱਸਟ ਕਰਵਾਉਣ ਦੀ ਸਹੂਲਤ ਵੀ ਨਹੀਂ ਹੈ। ਹਲਕੇ ਦੇ ਸਰਕਾਰੀ ਹਸਪਤਾਲਾਂ ਵਿਚ ਆਧੁਨਿਕ ਮਸ਼ੀਨਾਂ ਅਤੇ ਉਪਕਰਨਾਂ ਦੀ ਘਾਟ ਹੈ। ਜਿੱਥੇ ਕਿਤੇ ਸਰਕਾਰ ਵੱਲੋਂ ਕੁਝ ਉਪਕਰਨਾਂ ਦਾ ਪ੍ਰਬੰਧ ਕੀਤਾ ਗਿਆ ਹੈ, ਉੱਥੇ ਇਨ੍ਹਾਂ ਨੂੰ ਚਲਾਉਣ ਵਾਲੇ ਮਾਹਿਰ ਮੌਜੂਦ ਨਹੀਂ ਹਨ। ਕਈ ਸੜਕੀ ਹਾਦਸਿਆਂ ਦੇ ਗੰਭੀਰ ਰੋਗੀਆਂ ਨੂੰ ਇਲਾਜ ਲਈ ਅੰਮ੍ਰਿਤਸਰ ਰੈਫਰ ਕੀਤਾ ਜਾਣਾ ਆਮ ਗੱਲ ਹੈ। ਮੌਜੂਦਾ ਸੂਬਾ ਸਰਕਾਰ ਵੱਲੋਂ ਜ਼ਿਲ੍ਹਾ ਗੁਰਦਾਸਪੁਰ ਵਿਚ ਮੈਡੀਕਲ ਕਾਲਜ ਬਣਾਉਣ ਦਾ ਐਲਾਨ ਕੀਤਾ ਜਾ ਚੁੱਕਿਆ ਹੈ, ਪਰ ਅਜੇ ਤੱਕ ਇਸ ਮੈਡੀਕਲ ਕਾਲਜ ਲਈ ਜਗ੍ਹਾ ਵੀ ਨਿਰਧਾਰਿਤ ਨਹੀਂ ਕੀਤੀ ਜਾ ਸਕੀ। ਹਲਕੇ ਵਿਚ ਸਾਲਾਂ ਤੋਂ ਨਾ ਤਾਂ ਕੋਈ ਨਵਾਂ ਉਦਯੋਗ ਸਥਾਪਿਤ ਹੋਇਆ ਅਤੇ ਨਾ ਹੀ ਦਮ ਤੋੜ ਚੁੱਕੇ ਉਦਯੋਗਾਂ ਵਿਚ ਜਾਨ ਫੂਕੀ ਜਾ ਸਕੀ। ਧਾਰੀਵਾਲ ਸਥਿਤ ਨਿਊ ਐਜਰਟਨ ਵੂਲਨ ਮਿੱਲ ਹੌਲੀ-ਹੌਲੀ ਬੰਦ ਹੋਣ ਕੰਢੇ ਪੁੱਜ ਗਈ ਹੈ। ਸੰਨ 1874 ਵਿਚ ਅੰਗਰੇਜ਼ਾਂ ਵੇਲੇ ਬਣੀ ਇਸ ਮਿੱਲ ਨਾਲ ਸੈਂਕੜੇ ਲੋਕਾਂ ਦਾ ਰੁਜ਼ਗਾਰ ਜੁੜਿਆ ਹੋਇਆ ਹੈ। ਬਟਾਲਾ ਦੀ ਲੋਹਾ ਇੰਡਸਟਰੀ ਇਕ ਤਰ੍ਹਾਂ ਨਾਲ ਹੋਂਦ ਗਵਾ ਚੁੱਕੀ ਹੈ। ਉਸ ਵੱਲ ਵੀ ਸਮੇਂ-ਸਮੇਂ ਦੀਆਂ ਸਰਕਾਰਾਂ ਅਤੇ ਹਲਕੇ ਦੀ ਨੁਮਾਇੰਦਗੀ ਕਰਨ ਵਾਲਿਆਂ ਨੇ ਕੋਈ ਧਿਆਨ ਨਹੀਂ ਦਿੱਤਾ। ਗੁਰਦਾਸਪੁਰ ਲੋਕ ਸਭਾ ਹਲਕੇ ਨਾਲ ਲੱਗਦੇ ਸੂਬੇ ਹਿਮਾਚਲ ਪ੍ਰਦੇਸ਼ ਅਤੇ ਜੰਮੂ ਕਸ਼ਮੀਰ ਨੂੰ ‘ਸਪੈਸ਼ਲ ਇੰਡਸਟਰੀਅਲ ਜ਼ੋਨ’ ਐਲਾਨ ਕੇ ਕੇਂਦਰ ਵੱਲੋਂ ਇਨ੍ਹਾਂ ਸੂਬਿਆਂ ਨੂੰ ਉਦਯੋਗ ਲਾਉਣ ਲਈ ਉਤਸ਼ਾਹਿਤ ਕੀਤਾ ਗਿਆ ਹੈ, ਪਰ ਇਸ ਸਰਹੱਦੀ ਹਲਕੇ ਨੂੰ ਪੂਰੀ ਤਰ੍ਹਾਂ ਨਜ਼ਰਅੰਦਾਜ਼ ਕਰ ਦਿੱਤਾ ਗਿਆ। ਗੰਨੇ ਦੀ ਕਾਸ਼ਤ ਵਿਚ ਸੂਬੇ ਦੇ ਮੋਹਰੀ ਇਸ ਹਲਕੇ ਦੇ ਕਿਸਾਨ ਹਰ ਸੀਜ਼ਨ ਵਿਚ ਜੱਦੋ-ਜਹਿਦ ਕਰਦੇ ਨਜ਼ਰ ਆਉਂਦੇ ਹਨ। ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਉਪ ਪ੍ਰਧਾਨ ਕਾਮਰੇਡ ਸਤਿਬੀਰ ਸਿੰਘ ਦਾ ਕਹਿਣਾ ਹੈ ਕਿ ਸੁਨੀਲ ਜਾਖੜ ਨੇ ਕਿਸਾਨਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਅਜਿਹਾ ਕੁਝ ਨਹੀਂ ਕੀਤਾ, ਜਿਸ ਦਾ ਜ਼ਿਕਰ ਕੀਤਾ ਜਾ ਸਕੇ। ਗੁਰਦਾਸਪੁਰ ਇਲਾਕੇ ਵਿਚ ਨਵੀਂ ਖੰਡ ਮਿੱਲ ਲਾਉਣੀ ਤਾਂ ਦੂਰ ਦੀ ਗੱਲ, ਨਿੱਜੀ ਖੰਡ ਮਿੱਲਾਂ ਦੀ ਸਰਕਾਰ ਨਾਲ ਕਥਿਤ ਮਿਲੀਭੁਗਤ ਕਾਰਨ ਨਾ ਤਾਂ ਸਹਿਕਾਰੀ ਗੰਨਾ ਮਿੱਲਾਂ ਦਾ ਨਵੀਨੀਕਰਨ ਕਰਕੇ ਉਨ੍ਹਾਂ ਦੀ ਸਮਰੱਥਾ ਵਧਾਉਣ ਦਾ ਯਤਨ ਕੀਤਾ ਗਿਆ ਅਤੇ ਨਾ ਹੀ ਕਿਸਾਨਾਂ ਦਾ ਗੰਨਾ ਚੁੱਕਣ ਲਈ ਗੰਭੀਰਤਾ ਨਾਲ ਕੋਈ ਯਤਨ ਕੀਤੇ ਗਏ। ਭਾਜਪਾ ਆਗੂ ਜੋਗਿੰਦਰ ਸਿੰਘ ਛੀਨਾ ਅਨੁਸਾਰ ਇਸ ਹਲਕੇ ਦੀ ਗੰਭੀਰ ਸਮੱਸਿਆ ਨਾਜਾਇਜ਼ ਮਾਈਨਿੰਗ ਦੀ ਹੈ। ਹਿਮਾਚਲ ਅਤੇ ਜੰਮੂ ਕਸ਼ਮੀਰ ਨਾਲ ਜੁੜੇ ਇਲਾਕੇ ਅੰਦਰ ਨਾਜਾਇਜ਼ ਮਾਈਨਿੰਗ ਜ਼ੋਰਾਂ ‘ਤੇ ਹੈ। ਸਾਰੀਆਂ ਸਰਕਾਰਾਂ ਨਾਲ ਸਬੰਧਤ ਰਾਜਨੀਤਿਕ ਲੋਕਾਂ, ਉੱਚ ਪ੍ਰਸ਼ਾਸਨਿਕ ਅਧਿਕਾਰੀਆਂ ਤੇ ਸਰਕਾਰੀ ਸ਼ਹਿ ਪ੍ਰਾਪਤ ਵੱਡੇ ਕਾਰੋਬਾਰੀਆਂ ਵੱਲੋਂ ਇਹ ਕਾਰੋਬਾਰ ਕੀਤਾ ਜਾ ਰਿਹਾ ਹੈ। ਸੰਨ 1988 ਵਾਂਗ ਜੇ ਕਦੀ ਹੜ੍ਹ ਵਰਗੀ ਕੁਦਰਤੀ ਆਫ਼ਤ ਦਾ ਸਾਹਮਣਾ ਕਰਨਾ ਪੈ ਗਿਆ ਅਤੇ ਨਾਜਾਇਜ਼ ਮਾਈਨਿੰਗ ਇਸੇ ਤਰ੍ਹਾਂ ਜਾਰੀ ਰਹੀ ਤਾਂ ਪਠਾਨਕੋਟ ਅਤੇ ਗੁਰਦਾਸਪੁਰ ਜ਼ਿਲ੍ਹੇ ਨੂੰ ਤਬਾਹ ਹੋਣੋਂ ਰੋਕਿਆ ਨਹੀਂ ਜਾ ਸਕਣਾ।
ਭਾਜਪਾ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਰਾਕੇਸ਼ ਜਯੋਤੀ ਨੇ ਸੁਨੀਲ ਜਾਖੜ ਨੂੰ ਬਾਹਰੀ ਨੇਤਾ ਦੱਸਦਿਆਂ ਕਿਹਾ ਕਿ ਲੋਕ ਸਭਾ ਵਿਚ ਜਾਖੜ ਆਪਣੀ ਹੋਂਦ ਦਰਸਾਉਣ ਤੋਂ ਅਸਮਰੱਥ ਰਹੇ ਹਨ। ਕਾਂਗਰਸ ਦੇ ਪੰਜਾਬ ਪ੍ਰਧਾਨ ਹੋਣ ਦੇ ਨਾਤੇ ਉਹ ਸੂਬਾ ਸਰਕਾਰ ਤੋਂ ਹੀ ਇਸ ਹਲਕੇ ਲਈ ਕੋਈ ਪ੍ਰਾਜੈਕਟ ਲਿਆ ਸਕਦੇ ਸਨ। ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਤੇ ਸਾਬਕਾ ਵਿਧਾਇਕ ਗੁਰਬਚਨ ਸਿੰਘ ਬੱਬੇਹਾਲੀ ਦਾ ਕਹਿਣਾ ਸੀ ਕਿ ਸੁਨੀਲ ਜਾਖੜ ਨੇ ਹਲਕੇ ਲਈ ਕੋਈ ਅਜਿਹਾ ਕੰਮ ਨਹੀਂ ਕੀਤਾ, ਜਿਸ ਦਾ ਜ਼ਿਕਰ ਕੀਤਾ ਜਾ ਸਕੇ। ਆਪਣੇ ਵੱਲੋਂ ਕਰਵਾਏ ਵਿਕਾਸ ਕਾਰਜਾਂ ਬਾਰੇ ਸੁਨੀਲ ਜਾਖੜ ਦਾ ਕਹਿਣਾ ਹੈ ਕਿ ਪਠਾਨਕੋਟ ਵਿਚ ਲੰਘੇ ਸਾਲ ਪੈਪਸੀਕੋ ਪਲਾਂਟ ਦੀ ਸ਼ੁਰੂਆਤ ਅਤੇ ਲੰਮੇ ਸਮੇਂ ਤੋਂ ਬੰਦ ਪਿਆ ਹਵਾਈ ਅੱਡਾ ਮੁੜ ਸ਼ੁਰੂ ਕਰਵਾਇਆ ਗਿਆ। ਧਾਰ ਇਲਾਕੇ ਨੂੰ ਟੂਰਿਸਟ ਹੱਬ ਬਣਾਉਣ ਲਈ ਰਣਜੀਤ ਸਾਗਰ ਡੈਮ ਇਲਾਕੇ ਨਾਲ 78 ਏਕੜ ਜ਼ਮੀਨ ਨੂੰ ਟੂਰਿਸਟ ਹੱਬ ਲਈ ਅਲਾਟ ਕਰਵਾਇਆ ਜਾ ਚੁੱਕਿਆ ਹੈ। ਹਲਕੇ ਦੇ ਮੁੱਖ ਸ਼ਹਿਰ ਪਠਾਨਕੋਟ ਤੇ ਗੁਰਦਾਸਪੁਰ ਵਿਚ ਆਵਾਜਾਈ ਸਮੱਸਿਆ ਦੇ ਹੱਲ ਲਈ ਪਠਾਨਕੋਟ ਵਿਧਾਨ ਸਭਾ ਅਧੀਨ ਆਉਂਦੇ ਪਿੰਡ ਨਾਲੂੰਗਾ ਵਿਚ ਆਰਯੂਬੀ (ਰੋਡ ਅੰਡਰਬ੍ਰਿਜ), ਕਾਲਜ ਰੋਡ ਸਥਿਤ ਸਭ ਤੋਂ ਰੁੱਝੇ ਰਹਿੰਦੇ ਰੇਲਵੇ ਫਾਟਕ ਤੇ ਆਰਓਬੀ (ਰੋਡ ਓਵਰਬ੍ਰਿਜ) ਅਤੇ ਸੁਜਾਨਪੁਰ ਦੇ ਮੁੱਖ ਰਸਤੇ ‘ਤੇ ਫਾਟਕ ਤੇ ਆਰਓਬੀ ਬਣਵਾਉਣ ਦੀਆਂ ਕੋਸ਼ਿਸ਼ਾਂ ਜਾਰੀ ਹਨ। ਉਨ੍ਹਾਂ ਕਿਹਾ ਕਿ ਇਹ ਸਾਰੇ ਪ੍ਰਾਜੈਕਟ ਪਾਈਪਲਾਈਨ ਵਿਚ ਹਨ, ਜਿਨ੍ਹਾਂ ਨੂੰ ਕੇਂਦਰ ਸਰਕਾਰ ਤੋਂ ਮਨਜ਼ੂਰੀ ਮਿਲਣੀ ਬਾਕੀ ਹੈ।
ਮਿੱਲ ਬਚਾਉਣ ਲਈ ਕੋਸ਼ਿਸ਼ਾਂ ਜਾਰੀ: ਜਾਖੜ
ਸੁਨੀਲ ਜਾਖੜ ਨੇ ਕਿਹਾ ਕਿ ਗੁਰਦਾਸਪੁਰ ਦੀ ਤਿੱਬੜੀ ਰੋਡ ਸਥਿਤ ਰੇਲਵੇ ਫਾਟਕ ‘ਤੇ ਆਰਯੂਬੀ ਬਣਾਉਣ ਦੀ ਮਨਜ਼ੂਰੀ ਮਿਲ ਚੁੱਕੀ ਹੈ। ਇਸ ਨਾਲ ਗੁਰਦਾਸਪੁਰ ਵਾਸੀਆਂ ਨੂੰ ਵੱਡੀ ਸਮੱਸਿਆ ਤੋਂ ਨਿਜਾਤ ਮਿਲੇਗੀ। ਉਨ੍ਹਾਂ ਕਿਹਾ ਕਿ ਪਠਾਨਕੋਟ ਦੇ ਸ਼ਾਹਪੁਰ ਕੰਡੀ ਇਲਾਕੇ ਵਿਚ 55 ਸੌ ਸਾਲ ਪੁਰਾਣੀਆਂ ਮੁਕਤੇਸ਼ਵਰ ਧਾਮ ਗੁਫਾਵਾਂ ਦੀ ਹੋਂਦ ਬਚਾਉਣ ਲਈ ਕੋਸ਼ਿਸ਼ਾਂ ਜਾਰੀ ਹਨ। ਧਾਰੀਵਾਲ ਦੀ ਮਿੱਲ ਵਿਚ ਜਾਨ ਫੂਕਣ ਲਈ ਉਹ ਕੇਂਦਰੀ ਕੱਪੜਾ ਮੰਤਰੀ ਨਾਲ ਲਗਾਤਾਰ ਸੰਪਰਕ ਵਿਚ ਹਨ।
ਜਾਖੜ ਨੇ ਕੋਈ ਵਾਅਦਾ ਨਹੀਂ ਪੁਗਾਇਆ: ਸਲਾਰੀਆ
ਭਾਜਪਾ ਆਗੂ ਸਵਰਨ ਸਲਾਰੀਆ ਨੇ ਕਿਹਾ ਕਿ ਸੁਨੀਲ ਜਾਖੜ ਨੇ ਕੋਈ ਵੀ ਚੋਣ ਵਾਅਦਾ ਪੂਰਾ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਜਾਖੜ ਆਪਣੇ ਹਲਕੇ ‘ਚੋਂ ਬੁਰੀ ਤਰ੍ਹਾਂ ਹਾਰੇ ਸਨ। ਜੇਕਰ ਉਨ੍ਹਾਂ ਆਪਣੇ ਹਲਕੇ ਵਿਚ ਕੋਈ ਕੰਮ ਕੀਤਾ ਹੁੰਦਾ ਤਾਂ ਉੱਥੋਂ ਚੋਣ ਜਿੱਤਦੇ। ਉਨ੍ਹਾਂ ਕਿਹਾ ਕਿ ਜਾਖੜ ਨੂੰ ਕੋਈ ਹੱਕ ਨਹੀਂ ਬਣਦਾ ਕਿ ਉਹ ਮੁੜ ਚੋਣ ਲੜਨ।

Check Also

ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਬਣੇ ਕਾਂਗਰਸ ਪਾਰਟੀ ਦੇ ਸਟਾਰ ਪ੍ਰਚਾਰਕ

ਸੂਚੀ ਵਿਚ ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦਾ ਨਾਮ ਵੀ ਸ਼ਾਮਲ ਚੰਡੀਗੜ੍ਹ/ਬਿਊਰੋ ਨਿਊਜ਼ …