
ਕਿਹਾ : ਸਾਰੀਆਂ ਪਾਰਟੀਆਂ ਦੀ ਹਾਈਕੋਰਟ ਦੀ ਨਿਗਰਾਨੀ ਹੇਠ ਹੋਵੇ ਜਾਂਚ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਦੀ ਸਿਆਸਤ ਵਿੱਚ ਡਾ. ਨਵਜੋਤ ਕੌਰ ਸਿੱਧੂ ਦੇ ਬਿਆਨ ਤੋਂ ਬਾਅਦ ਇੱਕ ਵਾਰ ਫਿਰ ਵੱਡਾ ਘਮਾਸਾਨ ਸ਼ੁਰੂ ਹੋ ਗਿਆ ਹੈ। ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਮੰਗ ਕੀਤੀ ਹੈ ਕਿ ਸੂਬੇ ਵਿੱਚ ਭਿ੍ਰਸ਼ਟਾਚਾਰ ਦੀ ਜੜ੍ਹ ਤੱਕ ਜਾਣ ਲਈ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਮਾਨਯੋਗ ਚੀਫ ਜਸਟਿਸ ਦੀ ਨਿਗਰਾਨੀ ਹੇਠ ਸਾਰੀਆਂ ਸਿਆਸੀ ਪਾਰਟੀਆਂ ਦੀ ਜਾਂਚ ਕਰਵਾਈ ਜਾਵੇ। ਜਾਖੜ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਭਿ੍ਰਸ਼ਟਾਚਾਰ ਅੱਜ ਸਮਾਜ ਦਾ ‘ਨਸੂਰ’ ਬਣ ਚੁੱਕਿਆ ਹੈ ਅਤੇ ਹੁਣ ਤਾਂ 70 ਸਾਲ ਦੇਸ਼ ਵਿੱਚ ਰਾਜ ਕਰਨ ਵਾਲੀ ਪਾਰਟੀ ਕਾਂਗਰਸ ਦੇ ਸੀਨੀਅਰ ਆਗੂ ਖ਼ੁਦ ਹੀ ਇੱਕ-ਦੂਜੇ ’ਤੇ ਗੰਭੀਰ ਇਲਜ਼ਾਮ ਲਗਾ ਰਹੇ ਹਨ। ਜਾਖੜ ਦੀ ਇਹ ਮੰਗ ਅਜਿਹੇ ਸਮੇਂ ਆਈ ਹੈ ਜਦੋਂ ਪੰਜਾਬ ਦੀ ਮੁੱਖ ਵਿਰੋਧੀ ਪਾਰਟੀ ਕਾਂਗਰਸ ਦੇ ਅੰਦਰੋਂ ਹੀ ਭਿ੍ਰਸ਼ਟਾਚਾਰ ਦੇ ਗੰਭੀਰ ਇਲਜ਼ਾਮ ਲੱਗੇ ਹਨ। ਪੰਜਾਬ ਦੇ ਸਾਬਕਾ ਕਿ੍ਰਕਟਰ ਅਤੇ ਸਿਆਸਤਦਾਨ ਨਵਜੋਤ ਸਿੰਘ ਸਿੱਧੂ ਦੀ ਪਤਨੀ ਅਤੇ ਸਾਬਕਾ ਵਿਧਾਇਕ ਨਵਜੋਤ ਕੌਰ ਸਿੱਧੂ ਨੇ ਹਾਲ ਹੀ ਵਿੱਚ ਪਾਰਟੀ ਦੇ ਅੰਦਰੂਨੀ ਮਾਮਲਿਆਂ ’ਤੇ ਵੱਡੇ ਸਵਾਲ ਖੜ੍ਹੇ ਕੀਤੇ ਹਨ।

