ਅਕਾਲੀ ਆਗੂ ਨੇ ਮੁੱਖ ਮੰਤਰੀ ਭਗਵੰਤ ਮਾਨ ਕੋਲੋਂ ਮੰਗਿਆ ਜਵਾਬ
ਚੰਡੀਗੜ੍ਹ/ਬਿਊਰੋ ਨਿਊਜ਼ : ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਪਰਮਬੰਸ ਸਿੰਘ ਬੰਟੀ ਰੋਮਾਣਾ ਨੇ ਮੰਗ ਕੀਤੀ ਕਿ ਅਰਵਿੰਦ ਕੇਜਰੀਵਾਲ ਨੂੰ ਪੰਜਾਬ ਲਿਆਉਣ ਲਈ 400 ਕਰੋੜ ਰੁਪਏ ਦੇ ਮੁੱਲ ਦਾ ਲਗਜ਼ਰੀ ਜਹਾਜ਼ ਕਿਰਾਏ ‘ਤੇ ਲੈਣ ਸਬੰਧੀ ਮੁੱਖ ਮੰਤਰੀ ਸਪੱਸ਼ਟੀਕਰਨ ਦੇਣ। ਚੰਡੀਗੜ੍ਹ ਵਿਚ ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ 10 ਲੱਖ ਰੁਪਏ ਪ੍ਰਤੀ ਘੰਟਾ ਕਿਰਾਏ ਵਾਲਾ ਜਹਾਜ਼ ਕੇਜਰੀਵਾਲ ਵਾਸਤੇ ਕਿਰਾਏ ‘ਤੇ ਲਿਆ ਤਾਂ ਜੋ ਉਹ 17 ਦਸੰਬਰ ਨੂੰ ਦਿੱਲੀ ਤੋਂ ਬਠਿੰਡਾ ਆ ਸਕਣ ਬਲਕਿ ਮੁੱਖ ਮੰਤਰੀ ਨੇ ‘ਆਪ’ ਚੰਡੀਗੜ੍ਹ ਤੋਂ ਸਰਕਾਰੀ ਹੈਲੀਕਾਪਟਰ ਰਾਹੀਂ ਬਠਿੰਡਾ ਪਹੁੰਚ ਕੇ ਕੇਜਰੀਵਾਲ ਨੂੰ ਹੈਲੀਕਾਪਟਰ ਰਾਹੀਂ ਮੌੜ ਰੈਲੀ ਵਾਲੀ ਥਾਂ ਪਹੁੰਚਾਇਆ। ਉਨ੍ਹਾਂ ਕਿਹਾ ਕਿ ਕੇਜਰੀਵਾਲ ਖੁਦ ਨੂੰ ‘ਆਮ ਆਦਮੀ’ ਦੱਸਦੇ ਸਨ ਜਦਕਿ ਸਿਰਫ 30 ਕਿਲੋਮੀਟਰ ਦਾ ਸੜਕੀ ਸਫਰ ਕਰਨ ਦੀ ਥਾਂ ਉਨ੍ਹਾਂ ਹੈਲੀਕਾਪਟਰ ਰਾਹੀਂ ਇਹ ਸਫਰ ਕਰਨ ਵਾਸਤੇ ਭਗਵੰਤ ਮਾਨ ਦੀ ਉਡੀਕ ਕੀਤੀ।