ਦੋ ਸਾਲ ਪਹਿਲਾਂ ਸ੍ਰੀ ਦਰਬਾਰ ਸਾਹਿਬ ਅੰਦਰ ਵਾਪਰੀ ਸੀ ਘਟਨਾ; ਦਲ ਖਾਲਸਾ ਵੱਲੋਂ ਸਰਕਾਰ ਖਿਲਾਫ ਰੋਸ ਮੁਜ਼ਾਹਰਾ
ਅੰਮ੍ਰਿਤਸਰ/ਬਿਊਰੋ ਨਿਊਜ਼ : ਅੰਮ੍ਰਿਤਸਰ ਵਿਖੇ ਦੋ ਸਾਲ ਪਹਿਲਾਂ 2021 ਵਿੱਚ ਸ੍ਰੀ ਦਰਬਾਰ ਸਾਹਿਬ ਦੇ ਅੰਦਰ ਵਾਪਰੀ ਬੇਅਦਬੀ ਦੀ ਘਟਨਾ ਦੇ ਸਬੰਧ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸਿੱਖ ਜਥੇਬੰਦੀ ਦਲ ਖਾਲਸਾ ਵੱਲੋਂ ਅਰਦਾਸ ਕੀਤੀ ਗਈ। ਇਸ ਅਰਦਾਸ ਸਮਾਗਮ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਵੀ ਸ਼ਮੂਲੀਅਤ ਕੀਤੀ।
ਉਨ੍ਹਾਂ ਕਿਹਾ ਕਿ ਇਹ ਅਰਦਾਸ ਸਮਾਗਮ ਕੌਮ ਦੇ ਸਮੂਹਿਕ ਰੋਹ ਅਤੇ ਨਿਆਂ ਲਈ ਚੱਲ ਰਹੀ ਜੱਦੋ-ਜਹਿਦ ਦਾ ਪ੍ਰਤੀਕ ਹੈ। ਇਸ ਤੋਂ ਮਗਰੋਂ ਸਿੱਖ ਜਥੇਬੰਦੀ ਦੇ ਕਾਰਕੁਨਾਂ ਨੇ ਤਖ਼ਤੀਆਂ ਫੜ ਕੇ ਇਸ ਘਟਨਾ ਨੂੰ ਬਿਨਾਂ ਹੱਲ ਕੀਤੇ ਹੀ ਵਿਚਾਲੇ ਛੱਡਣ ਦੇ ਰੋਸ ਵਜੋਂ ਸਰਕਾਰ ਖਿਲਾਫ ਰੋਸ ਮੁਜ਼ਾਹਰਾ ਵੀ ਕੀਤਾ।
ਸਮਾਗਮ ਦੇ ਪ੍ਰਬੰਧਕਾਂ ਨੇ ਦੱਸਿਆ ਕਿ ਸ੍ਰੀ ਅਕਾਲ ਪੁਰਖ ਅੱਗੇ ਅਰਦਾਸ ਕੀਤੀ ਗਈ ਹੈ ਕਿ ਬੇਅਦਬੀ ਕਰਨ ਵਾਲਿਆਂ ਦੀ ਪਛਾਣ ਤੇ ਉਨ੍ਹਾਂ ਦੇ ਨਾਪਾਕ ਇਰਾਦਿਆਂ ਨੂੰ ਜੱਗ-ਜ਼ਾਹਿਰ ਕਰਨ ਅਤੇ ਉਨ੍ਹਾਂ ਨੂੰ ਸਜ਼ਾਵਾਂ ਦੇਣ ਤੇ ਨਿਆਂ ਦੀ ਪ੍ਰਾਪਤੀ ਲਈ ਸਿੱਖ ਕੌਮ ਨੂੰ ਲੜਦੇ ਰਹਿਣ ਦਾ ਬਲ ਪ੍ਰਦਾਨ ਕਰਨ। ਇਸ ਮੌਕੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਕਰਵਾਏ ਗਏ ਇਸ ਅਰਦਾਸ ਸਮਾਗਮ ਦਾ ਮਕਸਦ ਨਾ ਸਿਰਫ਼ ਬੀਤੇ ਸਾਲ ਦੀ ਘਟਨਾ ਦੀ ਯਾਦ ਨੂੰ ਚੇਤੇ ਕਰਨਾ ਹੈ, ਸਗੋਂ ਗੁਰੂ ਸਾਹਿਬਾਨ ਦਾ ਅਦਬ, ਗੁਰਧਾਮਾਂ ਦੀ ਮਾਣ-ਮਰਿਆਦਾ ਅਤੇ ਕੌਮੀ ਸਵੈਮਾਣ ਪ੍ਰਤੀ ਆਪਣੀ ਕੌਮੀ ਦ੍ਰਿੜ੍ਹਤਾ ਤੇ ਏਕਤਾ ਦੇ ਸਬੂਤ ਦਾ ਸੁਨੇਹਾ ਦੇਣਾ ਵੀ ਹੈ।
ਅਰਦਾਸ ਉਪਰੰਤ ਦਲ ਖਾਲਸਾ ਦੇ ਕਾਰਕੁਨਾਂ ਨੇ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਦੇ ਬਾਹਰ ਆ ਕੇ ਸਰਕਾਰ ਵੱਲੋਂ ਇਸ ਅਪਰਾਧ ਨੂੰ ਅਣ-ਸੁਲਝਿਆ ਛੱਡਣ ਦੇ ਰੋਸ ਵਜੋਂ ਰੋਸ ਦਿਖਾਵਾ ਕੀਤਾ ਗਿਆ। ਦਲ ਖਾਲਸਾ ਦੇ ਪ੍ਰਧਾਨ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ 18 ਦਸੰਬਰ 2021 ਨੂੰ ਇੱਕ ਮਾੜੇ ਅਨਸਰ ਨੇ ਸ੍ਰੀ ਦਰਬਾਰ ਸਾਹਿਬ ਦੇ ਪਾਵਨ ਅਸਥਾਨ ਦੀ ਬੇਅਦਬੀ ਦੀ ਕੋਸ਼ਿਸ਼ ਕੀਤੀ ਸੀ। ਸੀਨੀਅਰ ਆਗੂ ਕੰਵਰਪਾਲ ਸਿੰਘ ਨੇ ਕਿਹਾ ਕਿ ਪੰਜਾਬ ਪੁਲਿਸ ਦੀਆਂ ਐਡਵਾਂਸ ਬਾਇਓਮੀਟ੍ਰਿਕ ਤਕਨੀਕਾਂ ਦੇ ਬਾਵਜੂਦ ਬੇਅਦਬੀ ਦੇ ਦੋਸ਼ੀ ਦੀ ਪਛਾਣ ਇੱਕ ਰਹੱਸ ਬਣ ਚੁੱਕੀ ਹੈ।