ਰਾਘਵ ਚੱਢਾ ਨੇ ਕਿਹਾ : ਭਿ੍ਰਸ਼ਟ ਮੰਤਰੀਆਂ ਦੀ ‘ਆਪ’ ਨੂੰ ਕੋਈ ਲੋੜ ਨਹੀਂ
ਚੰਡੀਗੜ੍ਹ/ਬਿਊਰੋ ਨਿਊਜ਼
ਅਗਾਮੀ ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਰਾਜਨੀਤਕ ਪਾਰਟੀਆਂ ਵਿਚ ਸਿਆਸੀ ਦੂਸ਼ਣਬਾਜ਼ੀ ਦੀ ਦੌੜ ਲੱਗੀ ਹੋਈ ਹੈ। ਇਸੇ ਦੌਰਾਨ ਆਮ ਆਦਮੀ ਪਾਰਟੀ ਨੇ ਇਕ ਵੱਡਾ ਦਾਅਵਾ ਕੀਤਾ ਹੈ। ਆਮ ਆਦਮੀ ਪਾਰਟੀ ਦੇ ਪੰਜਾਬ ਤੋਂ ਸਹਿ ਇੰਚਾਰਜ ਰਾਘਵ ਚੱਢਾ ਨੇ ਇਕ ਵੀਡੀਓ ਸੰਦੇਸ਼ ਜਾਰੀ ਕਰਕੇ ਕਿਹਾ ਕਿ ਪੰਜਾਬ ਸਰਕਾਰ ਦੇ ਚਾਰ ਵੱਡੇ ਮੰਤਰੀ ਕਾਂਗਰਸ ਛੱਡ ਕੇ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਣਾ ਚਾਹੁੰਦੇ ਹਨ। ਚੱਢਾ ਨੇ ਕਿਹਾ ਕਿ ਇਹ ਚਾਰੋ ਮੰਤਰੀ ਆਮ ਆਦਮੀ ਪਾਰਟੀ ਨਾਲ ਸੰਪਰਕ ਵੀ ਕਰ ਰਹੇ ਹਨ ਅਤੇ ਇਨ੍ਹਾਂ ’ਤੇ ਨਜਾਇਜ਼ ਰੇਤ ਮਾਈਨਿੰਗ ਦੇ ਗੰਭੀਰ ਆਰੋਪ ਹਨ। ਰਾਘਵ ਚੱਢਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਇਕ ਇਮਾਨਦਾਰ ਪਾਰਟੀ ਹੈ ਅਤੇ ਉਹ ਅਜਿਹੇ ਭਿ੍ਰਸ਼ਟ ਕਾਂਗਰਸੀ ਮੰਤਰੀਆਂ ਨੂੰ ਪਾਰਟੀ ਵਿਚ ਸ਼ਾਮਲ ਨਹੀਂ ਕਰੇਗੀ। ਰਾਘਵ ਚੱਢਾ ਨੇ ਕਿਹਾ ਕਿ ਆਪਣੀ ਮਿੱਟੀ ਵੇਚ ਦੇਣ ਵਾਲੇ ਵਿਅਕਤੀ ਆਮ ਆਦਮੀ ਪਾਰਟੀ ਨੂੰ ਨਹੀਂ ਚਾਹੀਦੇ। ਇਸ ਤੋਂ ਪਹਿਲਾਂ ਚੱਢਾ ਨੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ’ਤੇ ਰੇਤ ਮਾਫੀਆ ਨੂੰ ਸ਼ਹਿ ਦੇਣ ਦਾ ਆਰੋਪ ਵੀ ਲਗਾਇਆ ਸੀ। ਉਨ੍ਹਾਂ ਕਿਹਾ ਸੀ ਕਿ ਸੀਐਮ ਦੇ ਵਿਧਾਨ ਸਭਾ ਹਲਕੇ ਵਿਚ ਹੀ ਨਜਾਇਜ਼ ਤਰੀਕੇ ਨਾਲ ਰੇਤ ਮਾਈਨਿੰਗ ਚੱਲ ਰਹੀ ਹੈ ਅਤੇ ਚੰਨੀ ਮਾਈਨਿੰਗ ਵਾਲਿਆਂ ਨੂੰ ਸਹਿਯੋਗ ਵੀ ਦੇ ਰਹੇ ਹਨ। ਰਾਘਵ ਚੱਢਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਵਿਚ ਭਿ੍ਰਸ਼ਟ ਵਿਅਕਤੀਆਂ ਲਈ ਕੋਈ ਥਾਂ ਨਹੀਂ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਇਨ੍ਹਾਂ ਚਾਰਾਂ ਮੰਤਰੀਆਂ ਨੂੰ ਪਾਰਟੀ ਵਿਚ ਲੈਣ ਤੋਂ ਇਨਕਾਰ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸਾਡੇ ਨਾਲ ਜਨਤਾ ਦਾ ਸਾਥ ਹੈ ਅਤੇ ਸਾਨੂੰ ਰੇਤ ਮਾਫੀਆ ਨਾਲ ਜੁੜੇ ਲੋਕਾਂ ਦੀ ਕੋਈ ਵੀ ਲੋੜ ਨਹੀਂ ਹੈ।

