ਪੁਲਿਸ ਨੇ ਤੀਰਥ ‘ਤੇ ਰੱਖਿਆ ਸੀ ਦੋ ਲੱਖ ਰੁਪਏ ਦਾ ਇਨਾਮ
ਜਲੰਧਰ/ਬਿਊਰੋ ਨਿਊਜ਼ : ਪੰਜਾਬ ਪੁਲਿਸ ਨੇ ਗੈਂਗਸਟਰਾਂ ‘ਤੇ ਸ਼ਿਕੰਜਾ ਕੱਸਦਿਆਂ ਵਿੱਕੀ ਗੌਂਡਰ ਅਤੇ ਪ੍ਰੇਮਾ ਲਹੌਰੀਆ ਤੋਂ ਬਾਅਦ ਚੋਟੀ ਦੇ ਗੈਂਗਸਟਰ ਮੰਨੇ ਜਾਂਦੇ ਅਪਰਾਧੀ ਤੀਰਥ ਸਿੰਘ ਢਿੱਲਵਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਉਸ ਕੋਲੋਂ 30 ਬੋਰ ਦੀ ਇਕ ਪਿਸਤੌਲ ਤੇ 6 ਕਾਰਤੂਸ ਬਰਾਮਦ ਹੋਏ ਹਨ। ਜਲੰਧਰ ਰੇਂਜ ਦੇ ਆਈਜੀ ਅਰਪਿਤ ਸ਼ੁਕਲਾ ਨੇ ਇਹ ਜਾਣਕਾਰੀ ਪੱਤਰਕਾਰਾਂ ਨੂੰ ਦਿੱਤੀ।
ਉਨ੍ਹਾਂ ਦੱਸਿਆ ਕਿ ਪੁਲਿਸ ਨੇ ਸੂਹ ‘ਤੇ ਕਾਰਵਾਈ ਕਰਦਿਆਂ ਗੈਂਗਸਟਰ ਤੀਰਥ ਸਿੰਘ ਨੂੰ ਕਾਬੂ ਕੀਤਾ ਹੈ। ਉਸ ਦੇ ਸਿਰ ‘ਤੇ ਦੋ ਲੱਖ ਰੁਪਏ ਦਾ ਇਨਾਮ ਵੀ ਰੱਖਿਆ ਹੋਇਆ ਸੀ। ਉਸ ਵਿਰੁੱਧ ਵੱਖ-ਵੱਖ ਥਾਣਿਆਂ ਵਿਚ ਕਤਲ, ਲੁੱਟ-ਖੋਹ ਤੇ ਫਿਰੌਤੀ ਵਸੂਲਣ ਆਦਿ ਦੇ 15 ਦੇ ਕਰੀਬ ਕੇਸ ਦਰਜ ਹਨ। ਪੁਲਿਸ ਨੇ ਦਾਅਵਾ ਕੀਤਾ ਕਿ ਤੀਰਥ ਢਿੱਲਵਾਂ ਆਪਣੇ ਜੀਜੇ ਦੇ ਕਤਲ ਦੇ ਮਾਮਲੇ ਵਿਚ ਵੀ ਲੋੜੀਂਦਾ ਸੀ ਤੇ ਉਸ ਨੇ ਵਿੱਕੀ ਗੌਂਡਰ ਨਾਲ ਮਿਲ ਕੇ ਗੈਂਗਸਟਰ ਸੁੱਖਾ ਕਾਹਲਵਾਂ ਦਾ ਕਤਲ ਵੀ ਕੀਤਾ ਸੀ।
ਆਈਜੀ ਸ਼ੁਕਲਾ ਨੇ ਦੱਸਿਆ ਕਿ ਤੀਰਥ ਨੂੰ ਖੰਨਾ ਪੁਲਿਸ ਨੇ ਕਾਬੂ ਕੀਤਾ ਹੈ। ਇਸ ਟੀਮ ਵਿੱਚ ਡੀਐਸਪੀ ਰਣਜੀਤ ਸਿੰਘ ਤੇ ਸੀਆਈਏ ਸਟਾਫ ਦੇ ਬਲਜਿੰਦਰ ਸਿੰਘ ਸ਼ਾਮਲ ਸਨ। ਉਨ੍ਹਾਂ ਚੰਡੀਗੜ੍ਹ ਵਾਲੇ ਪਾਸਿਉਂ ਆ ਰਹੀ ਇੰਡੀਕਾ ਕਾਰ ਨੂੰ ਪੁਲਿਸ ਨਾਕੇ ‘ਤੇ ਰੋਕਿਆ। ਪਰ ਕਾਰ ਨਾ ਰੁਕੀ ਤਾਂ ਪੁਲਿਸ ਨੇ ਬੋਂਦਲੀ-ਚੰਡੀਗੜ੍ਹ-ਲੁਧਿਆਣਾ ਟੀ-ਪੁਆਇੰਟ ਹਾਈਵੇ ‘ਤੇ ਪਿੱਛਾ ਕਰਕੇ ਉਸ ਨੂੰ ਗ੍ਰਿਫਤਾਰ ਕਰ ਲਿਆ। ਸ਼ੁਕਲਾ ਨੇ ਦੱਸਿਆ ਕਿ ਗੈਂਗਸਟਰ ਤੀਰਥ ਸਿੰਘ ਕਤਲਾਂ ਤੇ ਡਕੈਤੀਆਂ ਵਿਚ ਸ਼ਾਮਲ ਸੀ ਤੇ ਉਸ ਨੇ ਪੰਜਾਬ, ਹਰਿਆਣਾ ਤੇ ਰਾਜਸਥਾਨ ਵਿਚੋਂ 20 ਦੇ ਕਰੀਬ ઠਕਾਰਾਂ ਦੀ ਖੋਹੀਆਂ ਸਨ। ਉਸ ਨੇ ਅੰਮ੍ਰਿਤਸਰ ਦੇ ਮੈਡੀਕਲ ਕਾਲਜ ਤੋਂ 57 ਲੱਖ ਰੁਪਏ ਦੀ ਫਿਰੌਤੀ ਵੀ ਲਈ ਸੀ। ਉਨ੍ਹਾਂ ਦੱਸਿਆ ਕਿ ਇਹ ਅਸਲ ਵਿਚ ਵਿਦਿਆਰਥੀਆਂ ਦੀ ਫੀਸ ਦੀ ਰਕਮ ਸੀ।
Check Also
ਐਸਜੀਪੀਸੀ ਪ੍ਰਧਾਨ ਨੇ ਦਿੱਲੀ ਦੇ ਮੈਟਰੋ ਸਟੇਸ਼ਨ ’ਤੇ ਸਿੱਖ ਵਿਅਕਤੀ ਨੂੰ ਕਿਰਪਾਨ ਪਾ ਕੇ ਜਾਣ ਤੋਂ ਰੋਕਣ ਦੀ ਕੀਤੀ ਸਖਤ ਨਿੰਦਾ
ਕਿਹਾ : ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨਾਲ ਹੋ ਰਹੀ ਖਿਲਵਾੜ ਅੰਮਿ੍ਰਤਸਰ/ਬਿਊਰੋ ਨਿਊਜ਼ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ …