10 ਅਫ਼ਸਰਾਂ ਨੇ ਕੀਤੇ ਹੋਏ ਹਨ ਸਰਕਾਰੀ ਕੋਠੀਆਂ ‘ਤੇ ਕਬਜ਼ੇ
ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਦਾ ਬਜਟ ਇਜਲਾਸ ਅਣਮਿੱਥੇ ਸਮੇਂ ਲਈ ਮੁਲਤਵੀ ਹੋ ਚੁੱਕਾ ਹੈ। ਬਜਟ ਇਜਲਾਸ ਦੇ 6ਵੇਂ ਦਿਨ ਸੋਮਵਾਰ ਨੂੰ ਸਰਕਾਰੀ ਕੋਠੀਆਂ ‘ਤੇ ਕਬਜ਼ਿਆਂ ਦਾ ਮਾਮਲਾ ਉਠਿਆ। ਇਸ ਸਬੰਧੀ ਸਵਾਲ ‘ਤੇ ਮੰਤਰੀ ਹਰਭਜਨ ਸਿੰਘ ਈਟੀਓ ਨੇ ਦੱਸਿਆ ਕਿ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਕੋਲ ਚੰਡੀਗੜ੍ਹ ਦੇ ਸੈਕਟਰ-2 ਵਿਚ ਕੋਠੀ ਨੰਬਰ 47 ਸੀ, ਜਦੋਂ ਉਹ ਕੋਠੀ ਛੱਡ ਕੇ ਗਏ ਸਨ ਤਾਂ ਉਥੋਂ ਇਕ ਡਾਈਨਿੰਗ ਟੇਬਲ ਅਤੇ 10 ਡਾਈਨਿੰਗ ਕੁਰਸੀਆਂ ਗਾਇਬ ਸਨ। ਇਕ ਸਰਵਿਸ ਟਰਾਲੀ ਅਤੇ ਇਕ ਸੋਫਾ ਵੀ ਗਾਇਬ ਸੀ। ਇਸਦੇ ਲਈ ਉਨ੍ਹਾਂ ਨੇ ਚਿੱਠੀ ਵੀ ਲਿਖੀ ਸੀ। ਉਨ੍ਹਾਂ ਨੇ ਦੱਸਿਆ ਕਿ 10 ਅਧਿਕਾਰੀਆਂ ਨੇ ਕੋਠੀਆਂ ‘ਤੇ ਕਬਜ਼ੇ ਕੀਤੇ ਹੋਏ ਹਨ। ਇਸ ਦੇ ਚੱਲਦਿਆਂ 9 ‘ਤੇ ਕਾਨੂੰਨੀ ਕਾਰਵਾਈ ਚੱਲ ਰਹੀ ਹੈ, ਇਕ ਨੂੰ ਨੋਟਿਸ ਦਿੱਤਾ ਹੋਇਆ ਹੈ। ਮੰਤਰੀ ਦੇ ਜਵਾਬ ‘ਤੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਏਨੀਆਂ ਜ਼ਿਆਦਾ ਚਿੱਠੀਆਂ ਨਾ ਲਿਖਿਆ ਕਰੋ। ਕਿਉਂਕਿ ਮਨਪ੍ਰੀਤ ਸਿੰਘ ਬਾਦਲ ਨੂੰ ਲੰਘੇ ਐਤਵਾਰ ਨੂੰ ਹਾਰਟ ਅਟੈਕ ਹੋ ਗਿਆ ਸੀ।
ਵਿਧਾਨ ਸਭਾ ‘ਚ ਮਾਮਲਾ ਉਠਿਆ ਕਿ ਸਰਕਾਰੀ ਕੋਠੀ ਕਿਸੇ ਹੋਰ ਅਧਿਕਾਰੀ ਨੂੰ ਅਲਾਟ ਹੁੰਦੀ ਹੈ ਅਤੇ ਉਥੇ ਕੋਈ ਦੂਜਾ ਵਿਅਕਤੀ ਹੀ ਰਹਿ ਰਿਹਾ ਹੁੰਦਾ ਹੈ। ਇਸ ‘ਤੇ ਮੰਤਰੀ ਨੇ ਕਾਰਵਾਈ ਦਾ ਵੀ ਭਰੋਸਾ ਦਿੱਤਾ। ਆਮ ਆਦਮੀ ਪਾਰਟੀ ਦੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਪਟਿਆਲਾ ਵਿਚ ਧਾਰਮਿਕ ਸਥਾਨਾਂ ਅਤੇ ਸਰਕਾਰੀ ਜ਼ਮੀਨਾਂ ‘ਤੇ ਨਜਾਇਜ਼ ਕਬਜ਼ਿਆਂ ਦਾ ਮਾਮਲਾ ਉਠਾਇਆ। ਇਸ ‘ਤੇ ਮਾਲ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਬੋਲੇ ਅਤੇ ਉਹ ਪਟਿਆਲਾ ਦੇ ਡਿਪਟੀ ਕਮਿਸ਼ਨਰ ਨੂੰ ਰਿਪੋਰਟ ਪੇਸ਼ ਕਰਨ ਲਈ ਕਹਿਣਗੇ।
ਸਕੂਲਾਂ ਦੀ ਲੁੱਟ ਰੋਕਣ ਲਈ 10-10 ਦੁਕਾਨਾਂ ਤੈਅ ਕਰਨ ਦੀ ਮੰਗ
ਕਿਤਾਬਾਂ, ਵਰਦੀਆਂ ਅਤੇ ਫੰਡਾਂ ਦੇ ਨਾਮ ‘ਤੇ ਨਿੱਜੀ ਸਕੂਲਾਂ ਵਿਚ ਵਿਦਿਆਰਥੀਆਂ ਦੀ ਹੁੰਦੀ ਲੁੱਟ ਦਾ ਮਾਮਲਾ ਜਲੰਧਰ (ਸੈਂਟਰਲ) ਤੋਂ ਵਿਧਾਇਕ ਰਮਨ ਅਰੋੜਾ ਨੇ ਵਿਧਾਨ ਸਭਾ ਚੁੱਕਿਆ। ਉਨ੍ਹਾਂ ਨੇ ਕਿਹਾ ਕਿ ਨਿੱਜੀ ਸਕੂਲ ਆਪਣੀ ਮਰਜ਼ੀ ਨਾਲ ਸਲਾਨਾ ਫੰਡ ਅਤੇ ਬਿਲਡਿੰਗ ਫੰਡ ਵਸੂਲ ਰਹੇ ਹਨ। ਸਕੂਲਾਂ ਦਾ ਨਵਾਂ ਸੈਸ਼ਨ ਸ਼ੁਰੂ ਹੋਣ ਵਾਲਾ ਹੈ ਅਤੇ ਅਜਿਹੇ ਵਿਚ ਕਿਤਾਬਾਂ ਤੇ ਵਰਦੀਆਂ ਆਦਿ ਦੇ ਲਈ ਪਿਛਲੇ ਸਾਲ ਦੀ ਤਰ੍ਹਾਂ 10-10 ਦੁਕਾਨਾਂ ਤੈਅ ਕੀਤੀਆਂ ਜਾਣ ਤਾਂ ਕਿ ਲੋਕਾਂ ਨੂੰ ਸਕੂਲ ਦੀ ਲੁੱਟ ਤੋਂ ਬਚਾਇਆ ਜਾ ਸਕੇ।
ਵਿਧਾਨ ਸਭਾ ਵਿਚ ਫਿਰ ਉਠਿਆ ਅਫੀਮ ਦੀ ਖੇਤੀ ਦਾ ਮਾਮਲਾ
ਵਿਧਾਨ ਸਭਾ ਵਿਚ ਜ਼ੀਰੋ ਆਵਰ ਦੌਰਾਨ ਅਫੀਮ ਅਤੇ ਪੋਸਤ ਦੀ ਖੇਤੀ ਦਾ ਮਾਮਲਾ ਇਕ ਵਾਰ ਫਿਰ ਤੋਂ ਗੂੰਜਿਆ। ‘ਆਪ’ ਵਿਧਾਇਕ ਕੁਲਵੰਤ ਸਿੰਘ ਬਾਜੀਗਰ ਨੇ ਕਿਹਾ ਕਿ ਮੇਰੇ ਸਾਥੀ ਵਿਧਾਇਕ ਨੇ ਅਫੀਮ ਅਤੇ ਪੋਸਤ ਦੀ ਖੇਤੀ ਦਾ ਮਾਮਲਾ ਉਠਾਇਆ ਸੀ ਅਤੇ ਸਾਰਿਆਂ ਦੇ ਚਿਹਰਿਆਂ ‘ਤੇ ਰੌਣਕ ਆ ਗਈ ਸੀ। ਉਨ੍ਹਾਂ ਕਿਹਾ ਕਿ ਮੰਤਰੀ ਜੀ, ਇਸ ਮਾਮਲੇ ਦਾ ਹੱਲ ਕੱਢਣਗੇ।
Home / ਹਫ਼ਤਾਵਾਰੀ ਫੇਰੀ / ਪੰਜਾਬ ਵਿਧਾਨ ਸਭਾ : ਕਬਜ਼ਿਆਂ ਸਬੰਧੀ ਉਠੇ ਸਵਾਲ ‘ਤੇ ਮੰਤਰੀ ਹਰਭਜਨ ਸਿੰਘ ਈਟੀਓ ਨੇ ਕੀਤਾ ਖੁਲਾਸਾ
Check Also
ਟਰੂਡੋ ਸਰਕਾਰ ਨੇ ਸਟੱਡੀ ਵੀਜ਼ਾ ਨਿਯਮ ਕੀਤੇ ਸਖਤ
ਕੈਨੇਡਾ ਪਹੁੰਚ ਕੇ ਹੁਣ ਕਾਲਜ ਨਹੀਂ ਬਦਲ ਸਕਣਗੇ ਵਿਦਿਆਰਥੀ ਟੋਰਾਂਟੋ : ਕੈਨੇਡਾ ਦੀ ਜਸਟਿਨ ਟਰੂਡੋ …