ਓਟਵਾ/ਬਿਊਰੋ ਨਿਊਜ਼ : ਪਾਰਲੀਮੈਂਟਰੀ ਬਜਟ ਆਫੀਸਰ ਯਵੇਸ਼ ਗਿਰੌਕਸ ਅਨੁਸਾਰ ਆਉਣ ਵਾਲੇ ਬਜਟ ਵਿੱਚ ਫੈਡਰਲ ਸਰਕਾਰ ਕੋਲ ਟੈਕਸਾਂ ਵਿੱਚ ਵਾਧਾ ਕੀਤੇ ਬਿਨਾਂ ਖਰਚੇ ਵਧਾਉਣ ਦੀ ਗੁੰਜਾਇਸ਼ ਕਾਫੀ ਘੱਟ ਹੈ।
ਗਿਰੌਕਸ ਨੇ ਆਖਿਆ ਕਿ ਜੇ ਸਰਕਾਰ 2026 ਤੋਂ ਬਾਅਦ ਘਾਟੇ ਨੂੰ ਜੀਡੀਪੀ ਦਾ ਇੱਕ ਫੀ ਸਦੀ ਤੋਂ ਘੱਟ ਰੱਖਣਾ ਚਾਹੁੰਦੀ ਹੈ ਤਾਂ ਸਰਕਾਰ ਕੋਲ ਨਵੇਂ ਖਰਚਿਆਂ ਲਈ ਬਹੁਤੀ ਗੁੰਜਾਇਸ ਨਹੀਂ ਹੈ। ਉਨ੍ਹਾਂ ਆਖਿਆ ਕਿ ਜੇ ਸਰਕਾਰ ਕੁੱਝ ਖੇਤਰਾਂ ਵਿੱਚ ਖਰਚੇ ਘਟਾਉਣ ਤੇ ਟੈਕਸਾਂ ਵਿੱਚ ਵਾਧਾ ਕਰਨ ਦਾ ਫੈਸਲਾ ਕਰਦੀ ਹੈ ਤਾਂ ਉਸ ਦੀ ਖਰਚੇ ਕਰਨ ਦੀ ਸਮਰੱਥਾ ਵੱਧ ਜਾਵੇਗੀ ਪਰ ਜਿਹੋ ਜਿਹੇ ਹਾਲਾਤ ਇਸ ਸਮੇਂ ਹਨ ਉਨ੍ਹਾਂ ਵਿੱਚ ਟੈਕਸਾਂ ਵਿੱਚ ਵਾਧਾ ਕੀਤੇ ਬਿਨਾਂ ਸਰਕਾਰ ਕੋਲ ਖਰਚਿਆਂ ਵਿੱਚ ਵਾਧਾ ਕਰਨ ਬਾਰੇ ਸੋਚਣਾ ਵੀ ਮੁਸ਼ਕਲ ਹੈ।
ਜ਼ਿਕਰਯੋਗ ਹੈ ਕਿ ਵਿੱਤ ਮੰਤਰੀ ਕ੍ਰਿਸਟੀਆ ਫਰੀਲੈਂਡ ਵੱਲੋਂ ਇਸ ਹਫਤੇ ਇਹ ਐਲਾਨ ਕੀਤਾ ਗਿਆ ਸੀ ਕਿ ਉਹ 16 ਅਪ੍ਰੈਲ ਨੂੰ ਫੈਡਰਲ ਬਜਟ ਪੇਸ਼ ਕਰੇਗੀ। ਫਰੀਲੈਂਡ ਅਨੁਸਾਰ ਬਜਟ ਪੇਸ਼ ਕਰਨ ਤੋਂ ਬਾਅਦ ਅਗਲੀ ਪੀੜ੍ਹੀ ਲਈ ਮੱਧਵਰਗੀ ਜ਼ਿੰਦਗੀ ਬਿਹਤਰ ਹੋ ਜਾਵੇਗੀ। ਫੈਡਰਲ ਸਰਕਾਰ ਵੱਲੋਂ ਟੈਕਸਾਂ ਵਿੱਚ ਵਾਧਾ ਕੀਤੇ ਜਾਣ ਦੀ ਕਿਸੇ ਯੋਜਨਾਂ ਦਾ ਸੰਕੇਤ ਨਹੀਂ ਦਿੱਤਾ ਗਿਆ ਹੈ। ਪਰ ਉਨ੍ਹਾਂ ਆਖਿਆ ਕਿ ਉਹ ਅਗਲੇ ਪੰਜ ਸਾਲਾਂ ਵਿੱਚ ਕਈ ਡਿਪਾਰਟਮੈਂਟਸ ਵਿੱਚ ਹੋਣ ਵਾਲੇ ਖਰਚਿਆਂ ਉੱਤੇ ਨਕੇਲ ਕੱਸ ਕੇ 15 ਮਿਲੀਅਨ ਡਾਲਰ ਹੋਰ ਕੱਢ ਲਵੇਗੀ।