ਕੁਲਦੀਪ ਚਾਹਲ ਨੂੰ ਹਟਾ ਕੇ ਹਰਿਆਣਾ ਦੀ ਮਨੀਸ਼ਾ ਨੂੰ ਦਿੱਤਾ ਚਾਰਜ
‘ਆਪ’ ਦਾ ਕਹਿਣਾ : ਸਰਕਾਰੀ ਫੈਸਲੇ ਫੋਨਾਂ ‘ਤੇ ਨਹੀਂ ਲਏ ਜਾਂਦੇ
ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਕੇਡਰ ਦੇ ਆਈਪੀਐਸ ਅਤੇ ਚੰਡੀਗੜ੍ਹ ਦੇ ਸਾਬਕਾ ਐਸਐਸਪੀ ਕੁਲਦੀਪ ਸਿੰਘ ਚਾਹਲ ਨੂੰ ਕੇਡਰ ਵਿਚ ਵਾਪਸ ਭੇਜਣ ਦਾ ਮਾਮਲਾ ਲਗਾਤਾਰ ਗਰਮਾਉਂਦਾ ਜਾ ਰਿਹਾ ਹੈ। ਪੰਜਾਬ ਦੇ ਰਾਜਪਾਲ ਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਬੀ ਐਲ ਪੁਰੋਹਿਤ ਨੇ ਚੰਡੀਗੜ੍ਹ ਦੇ ਐਸਐਸਪੀ ਕੁਲਦੀਪ ਸਿੰਘ ਚਾਹਲ ਨੂੰ ਕੇਡਰ ਵਿਚ ਵਾਪਸ ਭੇਜ ਕੇ ਉਨ੍ਹਾਂ ਦੀ ਥਾਂ ਹਰਿਆਣਾ ਦੀ ਆਈਪੀਐਸ ਅਧਿਕਾਰੀ ਮਨੀਸ਼ਾ ਚੌਧਰੀ ਨੂੰ ਵਾਧੂ ਚਾਰਜ ਦੇ ਦਿੱਤਾ ਹੈ। ਇਸ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਰਾਜਪਾਲ ਨੂੰ ਇਕ ਚਿੱਠੀ ਵੀ ਲਿਖੀ ਸੀ। ਪੰਜਾਬ ਦੇ ਰਾਜਪਾਲ ਬੀ.ਐਲ. ਪੁਰੋਹਿਤ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਚਿੱਠੀ ਦਾ ਜਵਾਬ ਵੀ ਦੇ ਚੁੱਕੇ ਹਨ। ਇਸਦੇ ਜਵਾਬ ਵਿਚ ਆਮ ਆਦਮੀ ਪਾਰਟੀ ਨੇ ਕਿਹਾ ਕਿ ਆਈਪੀਐਸ ਕੁਲਦੀਪ ਸਿੰਘ ਚਾਹਲ ਬਾਰੇ ਸਹੀ ਪ੍ਰੋਸੈਸ ਫਾਲੋ ਨਹੀਂ ਕੀਤਾ ਗਿਆ। ਕਿਹਾ ਗਿਆ ਕਿ ਵੱਡੇ ਨਿਰਦੇਸ਼ ਅਤੇ ਸਰਕਾਰੀ ਫੈਸਲੇ ਫੋਨ ‘ਤੇ ਨਹੀਂ ਲਏ ਜਾਂਦੇ। ਇਸਦੇ ਲਈ ਸਹੀ ਤਰੀਕੇ ਨਾਲ ਕਮਿਊਨੀਕੇਸ਼ਨ ਕੀਤਾ ਜਾਣਾ ਚਾਹੀਦਾ ਸੀ, ਜੋ ਐਸਐਸਪੀ ਚਾਹਲ ਨੂੰ ਰਿਲੀਵ ਕਰਨ ਤੋਂ ਪਹਿਲਾਂ ਨਹੀਂ ਕੀਤਾ ਗਿਆ। ਆਮ ਆਦਮੀ ਪਾਰਟੀ ਦੇ ਬੁਲਾਰੇ ਮਾਲਵਿੰਦਰ ਸਿੰਘ ਕੰਗ ਨੇ ਕਿਹਾ ਕਿ ਕੇਵਲ ਫੋਨ ‘ਤੇ ਵੱਡੇ ਸਰਕਾਰੀ ਫੈਸਲੇ ਲੈਣਾ ਸਹੀ ਨਹੀਂ ਹੈ। ਉਨ੍ਹਾਂ ਕਿਹਾ ਕਿ ਪਾਰਟੀ ਰਾਜਪਾਲ ਦੇ ਨਾਲ ਕਿਸੇ ਪ੍ਰਕਾਰ ਦਾ ਵਿਵਾਦ ਜਾਂ ਟਕਰਾਅ ਨਹੀਂ ਚਾਹੁੰਦੀ। ‘ਆਪ’ ਆਗੂ ਨੇ ਕਿਹਾ ਕਿ ਇਸ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਵੀ ਗਵਰਨਰ ਹਾਊਸ ਦਾ ਮਿਸਯੂਜ਼ ਨਾ ਕਰਨ ਦੀ ਗੱਲ ਕਹਿ ਚੁੱਕੇ ਹਨ। ਉਨ੍ਹਾਂ ਕਿਹਾ ਕਿ ਰਾਜਪਾਲ ਨੂੰ ਚੁਣੀ ਹੋਈ ਸਰਕਾਰ ਨਾਲ ਸੰਤੁਲਨ ਬਣਾ ਕੇ ਰੱਖਣਾ ਚਾਹੀਦਾ ਹੈ। ਧਿਆਨ ਰਹੇ ਕਿ ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਬੀ.ਐਲ. ਪੁਰੋਹਿਤ ਵਲੋਂ ਪੰਜਾਬ ਕੇਡਰ ਦੇ ਆਈਪੀਐਸ ਅਤੇ ਚੰਡੀਗੜ੍ਹ ਦੇ ਐਸਐਸਪੀ ਕੁਲਦੀਪ ਸਿੰਘ ਚਾਹਲ ਨੂੰ ਲੰਘੀ 12 ਦਸੰਬਰ ਨੂੰ ਕੇਡਰ ਵਿਚ ਵਾਪਸ ਭੇਜਣ ਦਾ ਫੈਸਲਾ ਕੀਤਾ ਗਿਆ ਸੀ। ਰਾਜਪਾਲ ਨੇ ਇਸ ਸਬੰਧੀ ਪੰਜਾਬ ਦੇ ਚੀਫ ਸੈਕਟਰੀ ਵੀ.ਕੇ. ਜੰਜੂਆ ਨੂੰ ਫੋਨ ਕਰਕੇ ਸੂਚਨਾ ਦਿੱਤੀ ਸੀ। ਹੁਣ ਇਹ ਮਾਮਲਾ ਪੇਚੀਦਾ ਬਣਦਾ ਜਾ ਰਿਹਾ ਹੈ।
ਐਸਐਸਪੀ ਅਹੁਦੇ ਲਈ ਪੰਜਾਬ ਨੇ ਭੇਜਿਆ ਪੈਨਲ
ਪੰਜਾਬ ਸਰਕਾਰ ਨੇ ਰਾਜਪਾਲ ਬੀ ਐਲ ਪੁਰੋਹਿਤ ਵੱਲੋਂ ਚੰਡੀਗੜ੍ਹ ਦੇ ਐਸ ਐਸ ਪੀ ਅਹੁਦੇ ਲਈ ਮੰਗਿਆ ਗਿਆ ਪੈਨਲ ਭੇਜ ਦਿੱਤਾ ਗਿਆ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਸਬੰਧੀ ਜਾਣਕਾਰੀ ਵੀ ਦੇ ਦਿੱਤੀ ਹੈ। ਪੰਜਾਬ ਸਰਕਾਰ ਵੱਲੋਂ ਯੂਟੀ ਪ੍ਰਸ਼ਾਸਨ ਨੂੰ ਤਿੰਨ ਨਾਵਾਂ ਦਾ ਇਕ ਪੈਨਲ ਭੇਜਿਆ ਗਿਆ ਹੈ। ਇਸ ਪੈਨਲ ਵਿਚ 2012 ਦੇ ਆਈਪੀਐਸ ਅਫ਼ਸਰ ਸੰਦੀਪ ਗਰਗ, ਆਈਪੀਐਸ ਅਖਿਲ ਚੌਧਰੀ ਅਤੇ 2013 ਬੈਚ ਦੇ ਆਈਪੀਐਸ ਅਧਿਕਾਰੀ ਮੀਣਾ ਦਾ ਨਾਂ ਸ਼ਾਮਲ ਹੈ।
Check Also
ਕੈਨੇਡਾ ‘ਚ ਭਾਰਤੀਆਂ ਸਾਹਮਣੇ ਵੱਡਾ ਸੰਕਟ
50 ਲੱਖ ਵਿਦੇਸ਼ੀਆਂ ਦੇ ਆਰਜ਼ੀ ਪਰਮਿਟਾਂ ਦੀ ਮਿਆਦ ਖਤਮ -ਛੱਡਣਾ ਪੈ ਸਕਦਾ ਹੈ ਕੈਨੇਡਾ ਓਟਾਵਾ/ਬਿਊਰੋ …