ਕੈਨੇਡਾ ‘ਚ ਮੱਧਕਾਲੀ ਚੋਣਾਂ ਦੀ ਸੰਭਾਵਨਾ ਵਧੀ
ਟੋਰਾਂਟੋ/ਬਿਊਰੋ ਨਿਊਜ਼ : ਨੈਸ਼ਨਲ ਡੈਮੋਕਰੈਟਿਕ ਪਾਰਟੀ (ਐਨਡੀਪੀ) ਦੇ ਪ੍ਰਧਾਨ ਜਗਮੀਤ ਸਿੰਘ ਵੱਲੋਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਅਗਵਾਈ ਵਾਲੀ ਘੱਟ ਗਿਣਤੀ ਲਿਬਰਲ ਸਰਕਾਰ ਨੂੰ ਦਿੱਤੀ ਬਾਹਰੀ ਹਮਾਇਤ ਵਾਪਸ ਲੈਣ ਅਤੇ ਉਸ ਖਿਲਾਫ ਬੇਭਰੋਸਗੀ ਮਤਾ ਲਿਆਉਣ ਦੇ ਐਲਾਨ ਤੋਂ ਬਾਅਦ ਲਿਬਰਲ ਸੰਸਦ ਮੈਂਬਰਾਂ ਵੱਲੋਂ ਵੀ ਟਰੂਡੋ ‘ਤੇ ਅਸਤੀਫਾ ਦੇਣ ਦਾ ਦਬਾਅ ਪਾਇਆ ਜਾਣ ਲੱਗਾ ਹੈ। ਬੇਸ਼ੱਕ ਇਸ ਸਬੰਧੀ ਸੂਚੀ ਜਨਤਕ ਨਹੀਂ ਕੀਤੀ ਗਈ ਪਰ ਭਰੋਸੇਯੋਗ ਸੂਤਰਾਂ ਅਨੁਸਾਰ 152 ਲਿਬਰਲ ਸੰਸਦ ਮੈਂਬਰਾਂ ‘ਚੋਂ ਹੁਣ ਤੱਕ ਇਸ ਸਬੰਧੀ ਮੰਗ ਪੱਤਰ ‘ਤੇ 45 ਸੰਸਦ ਮੈਂਬਰਾਂ ਨੇ ਸਹੀ ਪਾ ਦਿੱਤੀ ਹੈ। ਸਮਝਿਆ ਜਾ ਰਿਹਾ ਹੈ ਕਿ ਟਰੂਡੋ ਨਾਲ ਤੋੜ-ਵਿਛੋੜੇ ਦਾ ਸਖ਼ਤ ਸਟੈਂਡ ਲੈ ਕੇ ਜਗਮੀਤ ਸਿੰਘ ਨੇ ਜਿੱਥੇ ਦੇਸ਼ ਵਿੱਚ ਮੱਧਕਾਲੀ ਚੋਣਾਂ ਦੀ ਸੰਭਾਵਨਾ ਵਧਾ ਦਿੱਤੀ ਹੈ, ਉਸ ਦੇ ਨਾਲ ਹੀ ਪਾਰਟੀ ਵਿਚਲੀ ਆਪਣੀ ਡਾਵਾਂਡੋਲ ਸਥਿਤੀ ਵੀ ਮਜ਼ਬੂਤ ਕਰ ਲਈ ਹੈ।
ਜਗਮੀਤ ਸਿੰਘ ਵੱਲੋਂ ਹਾਊਸ ਆਫ ਕਾਮਨਜ਼ ਦੇ ਸਰਦ ਰੁੱਤ ਇਜਲਾਸ ਦੇ ਆਖਰੀ ਦਿਨ ਸਰਕਾਰ ਦੀ ਵਿਰੋਧਤਾ ਕਰਨ ‘ਤੇ ਸਵਾਲ ਉੱਠ ਰਹੇ ਹਨ।
ਬਸੰਤ ਰੁੱਤ ਦਾ ਸੈਸ਼ਨ 27 ਜਨਵਰੀ ਤੋਂ ਬਾਅਦ ਸੱਦਿਆ ਜਾ ਸਕਦਾ ਹੈ। ਸਿਆਸੀ ਮਾਹਿਰਾਂ ਅਨੁਸਾਰ ਗਵਰਨਰ ਜਨਰਲ ਬੀਬੀ ਮੈਰੀ ਸਾਈਮਨ ਦੀ ਨਿਯੁਕਤੀ ਜਸਟਿਨ ਟਰੂਡੋ ਦੀ ਪਸੰਦ ਸੀ ਤੇ ਸਪੀਕਰ ਨੂੰ ਵੀ ਉਨ੍ਹਾਂ ਦੇ ਨੇੜਲਿਆਂ ‘ਚੋਂ ਸਮਝਿਆ ਜਾਂਦਾ ਹੈ। ਹੁਣ ਦੇਖਣਾ ਹੋਵੇਗਾ ਕਿ ਦੋਹਾਂ ਵੱਲੋਂ ਸੰਵਿਧਾਨਕ ਫੈਸਲੇ ਮੌਕੇ ਕੋਈ ਉਲਾਰ ਤਾਂ ਨਹੀਂ ਵਿਖਾਇਆ ਜਾਂਦਾ।
ਸਿਆਸੀ ਅਸਥਿਰਤਾ ਦਾ ਦੇਸ਼ ਦੀ ਆਰਥਿਕਤਾ ‘ਤੇ ਪੈ ਰਿਹੈ ਅਸਰ
ਕੈਨੇਡਾ ਦੀ ਸਿਆਸੀ ਅਸਥਿਰਤਾ ਦਾ ਅਸਰ ਇਸ ਦੀ ਆਰਥਿਕਤਾ ਨੂੰ ਪ੍ਰਭਾਵਿਤ ਕਰ ਰਿਹਾ ਹੈ। ਬੀਤੇ ਦਿਨਾਂ ਵਿੱਚ ਕੈਨੇਡੀਅਨ ਡਾਲਰ ਦੀ ਕੌਮਾਂਤਰੀ ਕੀਮਤ 3.5 ਫੀਸਦ ਹੇਠਾਂ ਡਿੱਗ ਕੇ ਭਾਰਤੀ ਕਰੰਸੀ ਅਨੁਸਾਰ 61.5 ਤੋਂ 59 ਰੁਪਏ ਰਹਿ ਗਈ ਹੈ। ਇਸ ਨੇ ਵਿੱਤੀ ਸੰਸਥਾਵਾਂ ਨੂੰ ਚਿੰਤਾ ਵਿੱਚ ਪਾ ਦਿੱਤਾ ਹੈ। ਦੋ ਹਫਤਿਆਂ ਦੀਆਂ ਕ੍ਰਿਸਮਸ ਛੁੱਟੀਆਂ ਕਾਰਨ ਸਰਕਾਰੀ ਕੰਮਕਾਜ ਪ੍ਰਭਾਵਿਤ ਹੋਣਗੇ।
ਓਨਟਾਰੀਓ ਦੇ ਲਿਬਰਲ ਮੈਂਬਰ ਪਾਰਲੀਮੈਂਟਾਂ ਵੱਲੋਂ ਵੀ ਜਸਟਿਨ ਟਰੂਡੋ ਦੇ ਅਸਤੀਫੇ ਦੀ ਮੰਗ
ਟੋਰਾਂਟੋ : ਉਨਟਾਰੀਓ ਨਾਲ ਸਬੰਧਤ 50 ਤੋਂ ਵਧੇਰੇ ਲਿਬਰਲ ਸੰਸਦ ਮੈਂਬਰਾਂ ਨੇ ਸਹਿਮਤ ਹੁੰਦਿਆਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਤੋਂ ਅਸਤੀਫ਼ੇ ਦੀ ਮੰਗ ਕੀਤੀ ਹੈ। ਪਤਾ ਲੱਗਾ ਹੈ ਕਿ ਵੀਕ ਐਂਡ ਤੇ ਆਨਲਾਈਨ ਮੀਟਿੰਗ ਵਿੱਚ ਲਿਬਰਲ ਪਾਰਟੀ ਦੇ ਮੁਖੀ ਜਸਟਿਨ ਟਰੂਡੋ ਨੂੰ ਪਾਰਟੀ ਲੀਡਰ ਵਜੋਂ ਅਸਤੀਫਾ ਦੇਣ ਲਈ ਕਿਹਾ ਹੈ, ਇਸ ਆਨਲਾਈਨ ਉਨਟਾਰੀਓ ਲਿਬਰਲ ਪਾਰਟੀ ਕੌਕਸ ਮੀਟਿੰਗ ਵਿੱਚ ਸੰਸਦ ਮੈਂਬਰਾਂ ਨੇ ਟਰੂਡੋ ਤੋਂ ਅਸਤੀਫੇ ਦੀ ਮੰਗ ਕੀਤੀ । ਇਸ ਮੀਟਿੰਗ ਵਿੱਚ ਕਿਸੇ ਵੀ ਪੰਜਾਬੀ ਮੂਲ ਦੇ ਸੰਸਦ ਮੈਂਬਰਾਂ ਦੀ ਸ਼ਮੂਲੀਅਤ ਬਾਰੇ ਕੋਈ ਜਾਣਕਾਰੀ ਨਹੀਂ ਮਿਲੀ। ਵਰਨਣਯੋਗ ਹੈ ਕਿ ਟਰੂਡੋ ‘ਤੇ ਇਸ ਸਮੇਂ ਕੈਨੇਡਾ ਵਿੱਚ ਸਾਰੇ ਪਾਸੇ ਤੋ ਅਸਤੀਫ਼ੇ ਲਈ ਜ਼ੋਰ ਪੈ ਰਿਹਾ ਹੈ ਪਰ ਪ੍ਰਧਾਨ ਟਰੂਡੋ ਅਜੇ ਅਹੁਦਾ ਨਾ ਛੱਡਣ ਲਈ ਬੇਜਿੱਦ ਹਨ। ਸੂਤਰਾਂ ਅਨੁਸਾਰ ਨਵੇਂ ਸਾਲ ਦੇ ਸ਼ੁਰੂਆਤ ਵਿੱਚ ਟਰੂਡੋ ਸਰਕਾਰ ਡਿੱਗ ਸਕਦੀ ਹੈ।