ਮਰਨ ਤੱਕ ਜੇਲ੍ਹ ‘ਚ ਡੱਕਿਆ ਆਸਾ ਰਾਮ
ਜੋਧਪੁਰ/ਬਿਊਰੋ ਨਿਊਜ਼ : ਕੇਂਦਰੀ ਜੇਲ੍ਹ ਜੋਧਪੁਰ ਵਿੱਚ ਕਾਇਮ ઠਵਿਸ਼ੇਸ਼ ਅਦਾਲਤ ਨੇ ਅਖੌਤੀ ਸਾਧ ਆਸਾ ਰਾਮ ਨੂੰ ਨਾਬਾਲਗ ਲੜਕੀ ਨਾਲ ਬਲਾਤਕਾਰ ਦੇ ਦੋਸ਼ ਵਿੱਚ ਬੁੱਧਵਾਰ ਨੂੰ ਤਾਉਮਰ ਕੈਦ ਦੀ ਸ਼ਜਾ ਸੁਣਾਉਣ ਦੇ ਨਾਲ ਇੱਕ ਲੱਖ ਰੁਪਏ ਜੁਰਮਾਨਾ ਕੀਤਾ ਹੈ। ਆਸਾ ਰਾਮ ਨੂੰ ਪੰਜ ਸਾਲ ਪਹਿਲਾਂ ਆਪਣੇ ਆਸ਼ਰਮ ਵਿੱਚ ਨਾਬਾਲਗ ਲੜਕੀ ਨਾਲ ਬਲਾਤਕਾਰ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ। ਇਸ ਮਾਮਲੇ ਦੇ ਦੋ ਹੋਰ ਦੋਸ਼ੀਆਂ ਸ਼ਰਦ ਤੇ ਸ਼ਿਲਪੀ ਨੂੰ ਵੀਹ-ਵੀਹ ਸਾਲ ਦੀ ਸਜ਼ਾ ਦਿੱਤੀ ਗਈ ਹੈ ਅਤੇ ਦੋ ਮੁਲਜ਼ਮਾਂ ਨੂੰ ਅਦਾਲਤ ਨੇ ਬਰੀ ਕਰ ਦਿੱਤਾ ਹੈ। ਜ਼ਿਕਰਯੋਗ ਹੈ ਕਿ ਆਸਾ ਰਾਮ ਵਿਰੁੱਧ ਕੇਸ ਦਾ ਫੈਸਲਾ ਆਉਣ ਤੋਂ ਪਹਿਲਾਂ ਗ੍ਰਹਿ ਵਿਭਾਗ ਨੇ ਰਾਜਸਥਾਨ, ਗੁਜਰਾਤ ਅਤੇ ਹਰਿਆਣਾ ਵਿੱਚ ਸਖਤ ਸੁਰੱਖਿਆ ਪ੍ਰਬੰਧ ਕੀਤੇ ਸਨ। ਵਿਸ਼ੇਸ਼ ਜੱਜ ਮਧੂਸੁਦਨ ਸ਼ਰਮਾ ਦਾ ਆਸਾ ਰਾਮ (77) ਵਿਰੁੱਧ ਬਲਾਤਕਾਰ ਦੇ ਦੋਸ਼ ਵਿੱਚ ਫੈਸਲਾ ਉਦੋਂ ਆਇਆ ਜਦੋਂ ਦੇਸ਼ ਵਿੱਚ ਬਲਾਤਕਾਰ ਦੇ ਦੋਸ਼ੀਆਂ ਨੂੰ ਸਖ਼ਤ ਸ਼ਜ਼ਾਵਾਂ ਦੇਣ ਦੀ ਮੰਗ ਜ਼ੋਰ ਫੜ ਚੁੱਕੀ ਹੈ। ਮਾਮਲੇ ਦੀ ਨਜ਼ਾਕਤ ਨੂੰ ਦੇਖਦਿਆਂ ਜੋਧਪੁਰ ਜੇਲ੍ਹ ਵਿੱਚ ਵਿਸ਼ੇਸ਼ ਅਦਾਲਤ ਕਾਇਮ ਕੀਤੀ ਗਈ ਸੀ। ਅਦਾਲਤ ਦੇ ਫੈਸਲੇ ਬਾਰੇ ਸਰਕਾਰੀ ਵਕੀਲ ਪੋਕਰ ਰਾਮ ਬਿਸ਼ਨੋਈ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਆਸਾ ਰਾਮ ਕੁਦਰਤੀ ਮੌਤ ਤੱਕ ਜੇਲ੍ਹ ਵਿੱਚ ਹੀ ਰਹੇਗਾ। ਉਨ੍ਹਾਂ ਕਿਹਾ ਕਿ ਸਰਕਾਰੀ ਧਿਰ ਨੇ ਆਸਾ ਰਾਮ ਲਈ ਵੱਧ ਤੋਂ ਵੱਧ ਸਜ਼ਾ ਦੀ ਮੰਗ ਕੀਤੀ ਸੀ। ਉਨ੍ਹਾਂ ਕਿਹਾ ਕਿ ਆਸਾ ਰਾਮ ਕੋਈ ਸੰਤ ਨਹੀ, ਉਸ ਨੇ ਇੱਕ ਸਾਜਿਸ਼ ਤਹਿਤ ਲੜਕੀ ਨੂੰ ਹੋਸਟਲ ਵਿੱਚੋਂ ਬੁਲਾਇਆ ਅਤੇ ਉਸਦੇ ਨਾਲ ਬਲਾਤਕਾਰ ਕੀਤਾ। ਦੋ ਹੋਰ ਦੋਸ਼ੀਆਂ ਸ਼ਰਦ ਅਤੇ ਸ਼ਿਲਪੀ ਨੂੰ ਵੀਹ-ਵੀਹ ਸਾਲ ਦੀ ਸਜ਼ਾ ਸੁਣਾਈ ਗਈ ਹੈ। ਅਦਾਲਤ ਵਿੱਚ ਇਸ ਕੇਸ ਉੱਤੇ ਅੰਤਿਮ ਬਹਿਸ ਸੱਤ ਅਪਰੈਲ ਨੂੰ ਮੁਕੰਮਲ ਹੋ ਗਈ ਸੀ ਅਤੇ ਅਦਾਲਤ ਨੇ 25 ਅਪਰੈਲ ਲਈ ਫੈਸਲਾ ਰਾਖਵਾਂ ਰੱਖ ਲਿਆ ਸੀ।ਆਸਾ ਰਾਮ ਜਿਸ ਨੇ ਸਾਬਰਮਤੀ ਦਰਿਆ ਦੇ ਕੰਢਿਓਂ ਇੱਕ ਦੁਕਾਨ ਤੋਂ ਸ਼ੁਰੂਆਤ ਕੀਤੀ, ਨੇ ਦੇਸ਼ ਭਰ ਵਿੱਚ ਚਾਰ ਸੌ ਆਸ਼ਰਮ ਬਣਾ ਕੇ ਚਾਰ ਦਹਾਕਿਆਂ ਵਿੱਚ ਆਪਣੀ 10000 ਕਰੋੜ ਤੱਕ ਦੀ ਸਲਤਨਤ ਖੜ੍ਹੀ ਕਰ ਲਈ। ਆਸਾ ਰਾਮ ਅਤੇ ਹੋਰਨਾਂ ਵਿਰੁੱਧ ਪੁਲਿਸ ਨੇ 6 ਨਵੰਬਰ 2013 ਨੂੰ ਪੋਸਕੋ ਐਕਟ ਤਹਿਤ ਵੱਖ-ਵੱਖ ਧਰਾਵਾਂ ਤਹਿਤ ਅਤੇ ਨਾਬਾਲਗਾਂ ਨੂੰ ਨਿਆਂ ਕਾਨੂੰਨ ਅਤੇ ਭਾਰਤੀ ਦੰਡਾਵਲੀ ਤਹਿਤ ਕੇਸ ਦਰਜ ਕੀਤਾ ਸੀ। ਉੱਤਰ ਪ੍ਰਦੇਸ਼ ਦੇ ਸ਼ਾਹਜਹਾਨਪੁਰ ਸ਼ਹਿਰ ਦੀ ਲੜਕੀ ਆਸਾ ਰਾਮ ਦੇ ਛਿੰਦਵਾੜਾ (ਮੱਧ ਪ੍ਰਦੇਸ਼) ਸਥਿਤ ਵਿੱਚ ਪੜ੍ਹਦੀ ਸੀ ਅਤੇ ਪਰਿਵਾਰ ਬਾਬੇ ਦਾ ਸ਼ਰਧਾਲੂ ਸੀ। ਲੜਕੀ ਵੱਲੋਂ ਕੀਤੀ ਸ਼ਿਕਾਇਤ ਅਨੁਸਾਰ ਆਸਾ ਰਾਮ ਨੇ ਉਸ ਨੂੰ ਜੋਧਪੁਰ ਨੇੜੇ ਮਨਾਈ ਇਲਾਕੇ ਵਿੱਚ ਸਥਿਤ ਆਸ਼ਰਮ ਵਿੱਚ ਬੁਲਾਇਆ ਅਤੇ 15 ਅਗਸਤ 2013 ਦੀ ਰਾਤ ਨੂੰ ਉਸ ਦੇ ਨਾਲ ਬਲਾਤਕਾਰ ਕੀਤਾ। ਆਸਾ ਰਾਮ ਨੂੰ ਇੰਦੌਰ ਤੋਂ ਗ੍ਰਿਫ਼ਤਾਰ ਕਰਕੇ ਜੋਧਪੁਰ ਲਿਆਂਦਾ ਸੀ। ਉਹ 2 ਸਤੰਬਰ 2013 ਤੋਂ ਅਦਾਲਤੀ ਹਿਰਾਸਤ ਵਿੱਚ ਹੈ। ਉਸ ਵਿਰੁੱਧ ਸੂਰਤ ਵਿੱਚ ਇੱਕ ਹੋਰ ਬਲਾਤਕਾਰ ਦਾ ਕੇਸ ਸੁਣਵਾਈ ਅਧੀਨ ਹੈ।
ਸਜ਼ਾ ਸੁਣਦਿਆਂ ਰੋ ਪਿਆ ‘ਬਾਬਾ’
ਆਪਣੇ ਖ਼ਿਲਾਫ਼ ਅਦਾਲਤ ਦਾ ਫ਼ੈਸਲਾ ਸੁਣਦਿਆਂ ਹੀ ਆਸਾਰਾਮ ਸਿਰ ਫੜ ਕੇ ਰੋਣ ਲੱਗਾ ਅਤੇ ਕਿਹਾ ਕਿ ਉਸ ਨੂੰ ਅਜਿਹੇ ਫ਼ੈਸਲੇ ਦੀ ਉਮੀਦ ਨਹੀਂ ਸੀ। ਸਜ਼ਾ ਸੁਣਾਏ ਜਾਣ ਤੋਂ ਪਹਿਲਾਂ ਆਸਾ ਰਾਮ ਅਦਾਲਤ ਵਿਚ ਵਾਰ-ਵਾਰ ਪਾਣੀ ਪੀਂਦਾ ਅਤੇ ਕੋਈ ਮੰਤਰ ਉਚਾਰਨ ਕਰਦਾ ਨਜ਼ਰ ਆਇਆ। ਸਜ਼ਾ ਸੁਣਾਏ ਜਾਣ ਦੇ ਬਾਅਦ ਉਸ ਨੂੰ ਬੈਰਕ ਨੰਬਰ ਦੋ ਵਿਚ ਲਿਜਾਇਆ ਗਿਆ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਆਸਾ ਰਾਮ ਦੇ ਕਈ ਆਸ਼ਰਮਾਂ ‘ਤੇ ਤਾਲਾ ਵੀ ਲਗਾ ਦਿੱਤਾ ਗਿਆ ਹੈ।
ਪੀੜਤਾ ਦੇ ਪਿਤਾ ਨੇ ਨਿਆਂ ਪਾਲਿਕਾ ਅਤੇ ਮੀਡੀਆ ਦਾ ਕੀਤਾ ਧੰਨਵਾਦ
ਸ਼ਾਹਜਹਾਨਪੁਰ: ਆਸਾ ਰਾਮ ਨੂੰ ਸਜ਼ਾ ਮਿਲਣ ਤੋਂ ਬਾਅਦ ਲੜਕੀ ਦੇ ਪਿਤਾ ਨੇ ਨਿਆਂ ਪ੍ਰਬੰਧ ਵਿੱਚ ਤਸੱਲੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਉਸ ਨੂੰ ਖੁਸ਼ੀ ਹੈ ਕਿ ਉਸਦੀ ਲੜਕੀ ਨੂੰ ਇਨਸਾਫ ਮਿਲਿਆ ਹੈ, ਹੁਣ ਭਾਵੇਂ ਉਹ ਮਰ ਹੀ ਜਾਵੇ, ਉਸ ਨੂੰ ਕੋਈ ਪਛਤਾਵਾ ਨਹੀਂ ਹੈ, ਅਸੀਂ ਆਪਣੀ ਧੀ ਦੇ ਲਈ ਇਨਸਾਫ ਹਾਸਲ ਕਰ ਸਕੇ ਹਾਂ। ਉਨ੍ਹਾਂ ਨੇ ਅਦਾਲਤ ਦਾ ਫੈਸਲਾ ਆਉਣ ਉੱਤੇ ਸੁੱਖ ਦਾ ਸਾਹ ਲਿਆ ਹੈ। ਉਸ ਨੇ ਨਿਆਂ ਪਾਲਿਕਾ ਅਤੇ ਮੀਡੀਆ ਦਾ ਧੰਨਵਾਦ ਕੀਤਾ।
ਪੁੱਤਰ ਨਰਾਇਣ ਸਾਈਂ ‘ਤੇ ਵੀ ਸਰੀਰਕ ਸ਼ੋਸ਼ਣ ਦੇ ਦੋਸ਼
ਆਸਾ ਰਾਮ ਦਾ ਵਿਆਹ ਲਕਸ਼ਮੀ ਦੇਵੀ ਨਾਲ ਹੋਇਆ ਸੀ ਅਤੇ ਉਸ ਦੇ ਦੋ ਬੱਚੇ ਇਕ ਲੜਕਾ ਤੇ ਇਕ ਲੜਕੀ ਸੀ। ਆਸਾ ਰਾਮ ਦੇ ਲੜਕੇ ਨਰਾਇਣ ਸਾਈਂ ‘ਤੇ ਵੀ ਸਰੀਰਕ ਸ਼ੋਸ਼ਣ ਦੇ ਦੋਸ਼ ਹਨ ਅਤੇ ਉਹ ਵੀ ਮੌਜੂਦਾ ਸਮੇਂ ਜੇਲ੍ਹ ਵਿਚ ਕੈਦ ਹੈ। ਆਸਾ ਰਾਮ ਦੀ ਬੇਟੀ ਦਾ ਨਾਂ ਭਾਰਤੀ ਦੇਵੀ ਹੈ।
ਸ਼ਿਲਪੀ ਅਤੇ ਸ਼ਰਦ ਨੂੰ 20-20 ਸਾਲ ਦੀ ਸਜ਼ਾ
ਸ਼ਰਦ ਤੇ ਸ਼ਿਲਪੀ ਨੂੰ ਵੀਹ-ਵੀਹ ਸਾਲ ਦੀ ਸਜ਼ਾ ਸੁਣਾਈ ਗਈ ਹੈ। ਇਨ੍ਹਾਂ ਦੋਵਾਂ ਦੋਸ਼ੀਆਂ ਸ਼ਰਦ ਤੇ ਸ਼ਿਲਪੀ ਨੇ ਮਿਲ ਕੇ ਵਿਦਿਆਰਥਣ ਦੇ ਯੌਨ ਸ਼ੋਸਣ ਦੀ ਸਾਜ਼ਿਸ਼ ਰਚੀ ਸੀ।
ਨਜਾਇਜ਼ ਸ਼ਰਾਬ ਦਾ ਕਾਰੋਬਾਰ ਕਰਦਾ ਸੀ ਆਸਾ ਰਾਮ
ਆਸਾ ਰਾਮ ਨੇ ਸ਼ੁਰੂਆਤ ਵਿਚ ਨਜਾਇਜ਼ ਸ਼ਰਾਬ ਦਾ ਧੰਦਾ ਸ਼ੁਰੂ ਕੀਤਾ। ਫਿਰ ਹੱਤਿਆ ਦੇ ਮਾਮਲੇ ਵਿਚ ਜੇਲ੍ਹ ਗਿਆ। ਉਸ ਤੋਂ ਬਾਅਦ ਅਜਮੇਰ ਵਿਚ ਤਾਂਗਾ ਚਲਾਇਆ। ਗੁਰੂ ਲੀਲਾ ਸ਼ਾਹ ਦੀ ਸ਼ਰਨ ਵਿਚ ਜਾਣ ਤੋਂ ਬਾਅਦ ਕਿਸਮਤ ਪਲਟੀ ਅਤੇ ਲੱਖਾਂ ਲੋਕ ਉਸ ਦੇ ਭਗਤ ਬਣ ਗਏ। ਆਸਾ ਰਾਮ ਕੋਲ 10 ਹਜ਼ਾਰ ਕਰੋੜ ਤੋਂ ਵੱਧ ਦੀ ਜਾਇਦਾਦ ਹੈ।
10,000 ਕਰੋੜ ਦੀ ਜਾਇਦਾਦ ਦਾ ਮਾਲਕਹੈ ਆਸਾ ਰਾਮ
ਆਸਾ ਰਾਮ ਨੇ ਚਾਰ ਦਹਾਕਿਆਂ ਵਿਚ 10,000 ਕਰੋੜ ਦੀ ਜਾਇਦਾਦ ਬਣਾਈ। 1970 ਦੇ ਦਹਾਕੇ ਵਿਚ ਸਾਬਰਮਤੀ ਦਰਿਆ ਦੇ ਕਿਨਾਰੇ ਤੋਂ ਇਕ ਝੌਂਪੜੀ ਤੋਂ ਸ਼ੁਰੂਆਤ ਕਰਦਿਆਂ ਹੋਇਆ ਮੌਜੂਦਾ ਸਮੇਂ ਦੇਸ਼ ਅਤੇ ਵਿਦੇਸ਼ ਵਿਚ ਆਸਾ ਰਾਮ ਦੇ 400 ਤੋਂ ਵੱਧ ਆਸ਼ਰਮ ਹਨ। ਪੁਲਿਸ ਵਲੋਂ ਆਸਾ ਰਾਮ ਨੂੰ ਗ੍ਰਿਫ਼ਤਾਰ ਕੀਤੇ ਜਾਣ ਤੋਂ ਬਾਅਦ ਬਰਾਮਦ ਕੀਤੇ ਗਏ ਦਸਤਾਵੇਜ਼ਾਂ ਵਿਚ ਇਸ ਸੰਪਤੀ ਦਾ ਖੁਲਾਸਾ ਹੋਇਆ ਸੀ, ਜਿਸ ‘ਚ ਮਹਿੰਗੀ ਕੀਮਤ ਵਾਲੀਆਂ ਜ਼ਮੀਨਾਂ ਵੀ ਸ਼ਾਮਿਲ ਹਨ।
Check Also
ਟਰੂਡੋ ਸਰਕਾਰ ਨੇ ਸਟੱਡੀ ਵੀਜ਼ਾ ਨਿਯਮ ਕੀਤੇ ਸਖਤ
ਕੈਨੇਡਾ ਪਹੁੰਚ ਕੇ ਹੁਣ ਕਾਲਜ ਨਹੀਂ ਬਦਲ ਸਕਣਗੇ ਵਿਦਿਆਰਥੀ ਟੋਰਾਂਟੋ : ਕੈਨੇਡਾ ਦੀ ਜਸਟਿਨ ਟਰੂਡੋ …