ਲਾਹੌਰ/ਬਿਊਰੋ ਨਿਊਜ਼ : ਪਾਕਿਸਤਾਨ ਵਿਚ ਕੁਝ ਕੱਟੜਪੰਥੀਆਂ ਨੇ ਲਾਹੌਰ ਜ਼ਿਲ੍ਹੇ ਵਿਚ ਸਥਿਤ ਮਹਾਰਾਜਾ ਰਣਜੀਤ ਸਿੰਘ ਦਾ ਬੁੱਤ ਤੋੜ ਦਿੱਤਾ। ਪੁਲਿਸ ਨੇ ਬੁੱਤ ਨੂੰ ਨੁਕਸਾਨ ਪਹੁੰਚਾਉਣ ਸਬੰਧੀ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਉਨ੍ਹਾਂ ਵਿਰੁੱਧ ਈਸ਼ਨਿੰਦਾ ਕਾਨੂੰਨ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਦੋਵਾਂ ਦਾ ਸਬੰਧ ਕੱਟੜਪੰਥੀ ਮੌਲਵੀ ਮੌਲਾਨਾ ਖਾਇਮ ਰਿਜ਼ਵੀ ਦੀ ਜਮਾਤ ਤਹਿਰੀਕ-ਲਬੈਕ ਪਾਕਿਸਤਾਨ ਨਾਲ ਦੱਸਿਆ ਜਾ ਰਿਹਾ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮੁਲਜ਼ਮਾਂ ਨੇ ਧਾਰਾ 370 ਤਹਿਤ ਜੰਮੂ ਕਸ਼ਮੀਰ ਨੂੰ ਮਿਲਿਆ ਵਿਸ਼ੇਸ਼ ਦਰਜਾ ਖਤਮ ਕਰਨ ਦੇ ਭਾਰਤ ਸਰਕਾਰ ਦੇ ਫੈਸਲੇ ‘ਤੇ ਨਰਾਜ਼ਗੀ ਦੇ ਚੱਲਦਿਆਂ ਇਹ ਹਰਕਤ ਕੀਤੀ। ਮਹਾਰਾਜਾ ਰਣਜੀਤ ਸਿੰਘ ਦੀ 180ਵੀਂ ਬਰਸੀ ਮੌਕੇ ਲੰਘੇ ਜੂਨ ਮਹੀਨੇ ਵਿਚ ਹੀ ਇਸ ਬੁੱਤ ਦਾ ਉਦਘਾਟਨ ਕੀਤਾ ਗਿਆ ਸੀ। 19ਵੀਂ ਸਦੀ ਵਿਚ ਕਰੀਬ 40 ਸਾਲ ਤੱਕ ਤੱਤਕਾਲੀ ਪੰਜਾਬ ਦੇ ਸ਼ਾਸ਼ਕ ਰਹੇ ਰਣਜੀਤ ਸਿੰਘ ਦੀ 1839 ਵਿਚ ਮੌਤ ਹੋ ਗਈ ਸੀ। ਕਾਂਸੇ ਦੇ ਬਣੇ ਇਸ ਨੌਂ ਫੁੱਟ ਉਚੇ ਬੁੱਤ ਵਿਚ ਮਹਾਰਾਜਾ ਨੂੰ ਹੱਥ ਵਿਚ ਕਿਰਪਾਨ ਫੜੀ ਆਪਣੇ ਪਸੰਸੀਦਾ ਘੋੜੇ ‘ਕਾਹਰ ਬਹਾਰ’ ਉਤੇ ਬੈਠਿਆਂ ਦਿਖਾਇਆ ਗਿਆ ਸੀ। ਲਾਹੌਰ ਵਿਚ ਕਿਲ੍ਹਿਆਂ ਦੀ ਦੇਖਭਾਲ ਕਰਨ ਵਾਲੀ ਸੰਸਥਾ ‘ਦਿ ਵਾਲਡ ਸਿਟੀ ਆਫ ਲਾਹੌਰ ਅਥਾਰਟੀ’ ਨੇ ਘਟਨਾ ਨੂੰ ਮੰਦਭਾਗਾ ਕਰਾਰ ਦਿੱਤਾ ਹੈ। ਨਾਲ ਹੀ ਈਦ ਤੋਂ ਤੁਰੰਤ ਬਾਅਦ ਬੁੱਤ ਦੀ ਮੁਰੰਮਤ ਕਰਵਾਉਣ ਦਾ ਭਰੋਸਾ ਵੀ ਦਿੱਤਾ ਹੈ। ਸੰਸਥਾ ਦੇ ਬੁਲਾਰੇ ਨੇ ਕਿਹਾ ਕਿ ਇਹ ਬਹੁਤ ਮੰਦਭਾਗੀ ਘਟਨਾ ਹੈ। ਭਵਿੱਖ ਵਿਚ ਅਜਿਹੀ ਘਟਨਾ ਨਾ ਵਾਪਰੇ ਇਹ ਯਕੀਨੀ ਕਰਨ ਲਈ ਲਾਹੌਰ ਕਿਲੇ ਦੀ ਸੁਰੱਖਿਆ ਵਧਾਈ ਜਾਵੇਗੀ। ਅਗਲੇ ਹਫਤੇ ਮੁਰੰਮਤ ਦਾ ਕੰਮ ਸ਼ੁਰੂ ਕੀਤਾ ਜਾਵੇਗਾ। ਮੁਰੰਮਤ ਪੂਰੀ ਹੋਣ ‘ਤੇ ਬੁੱਤ ਨੂੰ ਦੁਬਾਰਾ ਜਨਤਾ ਲਈ ਖੋਲ੍ਹ ਦਿੱਤਾ ਜਾਵੇਗਾ।
Check Also
ਕੈਨੇਡਾ ‘ਚ ਪੱਕੇ ਹੋਣ ਦਾ LMIA ਵਾਲਾ ਰਾਹ ਵੀ ਹੋਵੇਗਾ ਬੰਦ
ਪੱਕੀ ਰਿਹਾਇਸ਼ ਲਈ LMIA ਦੀ ਵੱਡੇ ਪੱਧਰ ‘ਤੇ ਹੋ ਰਹੀ ਦੁਰਵਰਤੋਂ : ਮਾਰਕ ਮਿੱਲਰ ਟੋਰਾਂਟੋ/ਬਿਊਰੋ …