2.5 C
Toronto
Saturday, November 15, 2025
spot_img
Homeਹਫ਼ਤਾਵਾਰੀ ਫੇਰੀਖਾਲਸਈ ਰੰਗ 'ਚ ਰੰਗਿਆ ਟੋਰਾਂਟੋ

ਖਾਲਸਈ ਰੰਗ ‘ਚ ਰੰਗਿਆ ਟੋਰਾਂਟੋ

2013-05-31 03.32ਵੱਖ-ਵੱਖ ਪਾਰਟੀਆਂ ਦੇ ਸਿਆਸੀ ਆਗੂਆਂ ਸਮੇਤ ਵੱਡੀ ਤਾਦਾਦ ‘ਚ ਸੰਗਤ ਨੇ ਕੀਤੀ ਸ਼ਿਰਕਤ
ਕਾਮਾਗਾਟਾ ਮਾਰੂ ਤੇ ਦਸਤਾਰ ਸਮੇਤ ਮੋਟਰਸਾਈਕਲਰਹੇ ਮੁੱਖ ਮੁੱਦੇ
ਨਾਨਕਸ਼ਾਹੀ ਕੈਲੰਡਰ ਦੇ ਬਾਨੀ ਪਾਲ ਸਿੰਘ ਪੁਰੇਵਾਲ ਦਾ ਸ਼੍ਰੋਮਣੀ ਕਮੇਟੀ ‘ਤੇ ਰੋਸ
ਕੇਸਰੀ ਦਸਤਾਰਾਂ ਅਤੇ ਕੇਸਰੀ ਦੁਪੱਟਿਆਂ ਦਾ ਠਾਠਾਂ ਮਾਰਦਾ ਸਮੁੰਦਰ ਰਿਹਾ ਖਿੱਚ ਦਾ ਕੇਂਦਰ
ਟੋਰਾਂਟੋ/ਕੰਵਲਜੀਤ ਸਿੰਘ ਕੰਵਲ
ਖਾਲਸੇ ਦੇ 317ਵੇਂ ਸਾਜਨਾ ਦਿਵਸ ‘ਤੇ ਓਨਟਾਰੀਓ ਸਿੱਖ ਅਤੇ ਗੁਰਦੁਆਰਾ ਕੌਂਸਲ ਵੱਲੋਂ ਹਰ ਸਾਲ ਦੀ ਤਰ੍ਹਾਂ ਟਰਾਂਟੋ ਡਾਊਨ ਟਾਊਨ ਵਿਖੇ ਨਗਰ ਕੀਰਤਨ ਦਾ ਆਯੋਜਨ ਕੀਤਾ ਗਿਆ। ਟਰਾਂਟੋ ਦੀ ਸੀ ਐਨ ਈ ਗਰਾਊਂਡ ਦੇ ਬੈਟਰ ਲਿਵਿੰਗ ਸੈਂਟਰ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਾਜ਼ਰੀ ਵਿੱਚ ਦੀਵਾਨ ਸਜਾਏ ਗਏ। ਸਵੇਰੇ 9 ਵਜੇ ਤੋਂ 1 ਵਜੇ ਤੱਕ ਇੱਥੇ ਸਜੇ ਦੀਵਾਨਾਂ ‘ਚ ਰਾਗੀ ਢਾਡੀ ਜਥਿਆਂ ਵੱਲੋਂ ਸ਼ਬਦ ਕੀਰਤਨ ਅਤੇ ਗੁਰਬਾਣੀ ਜਸ ਨਾਲ ਸੰਗਤਾਂ ਨੂੰ ਨਿਹਾਲ ਕੀਤਾ। ਗੁਰੂ ਗ੍ਰੰਥ ਸਹਿਬ ਦੀ ਰਹਿਨੁਮਾਈ ਵਿੱਚ ਬਾਅਦ ਦੁਪਿਹਰ ਇਕ ਵਜੇ ਬੈਟਰ ਲਿਵਿੰਗ ਸੈਂਟਰ ਤੋਂ ਸ਼ਰੂ ਹੋਇਆ ਨਗਰ ਕੀਰਤਨ ਲੇਕ ਸ਼ੋਰ ਬੁਲੇਵਰਡ, ਯੋਰਕ ਸਟਰੀਟ ਅਤੇ ਆਰਮਰੀ ਸਟਰੀਟ ਤੋਂ ਹੁੰਦਾ ਹੋਇਆ ਲੱਗ ਪੱਗ ਸਾਢੇ 5 ਕਿਲੋਮੀਟਰ ਦਾ ਰਸਤਾ ਤਹਿ ਕਰਕੇ  ਕੋਈ 4 ਵਜੇ ਨੇਥਨ ਫਿਲਿਪਸ ਸੁਕੇਅਰ ਸਿਟੀ ਹਾਲ ਟਰਾਂਟੋ ਪੁੱਜਿਆ। ਨਗਰ ਕੀਰਤਨ ਵਿੱਚ ਸ਼ਾਮਲ ਹਜ਼ਾਰਾਂ ਦੀ ਤਦਾਦ ‘ਚ ਪੁੱਜੀਆਂ ਸੰਗਤਾਂ ਲਈ ਸ਼ਰਧਾਲੂਆਂ ਵੱਲੋਂ ਤਰ੍ਹਾਂ-ਤਰ੍ਹਾਂ ਦੇ ਥਾਂ-ਥਾਂ ‘ਤੇ ਖਾਣ ਪੀਣ ਦੇ ਸਟਾਲ ਲਗਾਏ ਗਏ ਸਨ। ਸ਼ਾਨਦਾਰ ਸਜਾਈ ਗਈ ਸੀ੍ਰ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਲਕੀ ਦੀ ਅਗਵਾਈ ਖਾਲਸਾਈ ਬਾਣੇ ਵਿੱਚ ਪੰਜ ਪਿਆਰੇ ਕਰ ਰਹੇ ਸਨ। ਨਗਰ ਕੀਰਤਨ ‘ਚ ਸ਼ਾਮਲ ਫਲੋਟ ਜਿਹਨਾਂ ‘ਚ ਪੁਰਾਤਨ ਸਿੱਖ ਸੰਗੀਤ  ਦੇ ਤੰਤੀ ਸਾਜ਼ਾਂ, ਸਿੱਖ ਇਤਿਹਾਸ ਨਾਲ ਸਬੰਧਤ ਹੋਰ ਸਮੱਗਰੀ, ਦਸਤਾਰ ਸਜਾ ਕੇ ਮੋਟਰਸਾਈਕਲ ਚਲਾਉਣ ਦੀ ਇਜ਼ਾਜਤ ਮੰਗਣ ਵਾਲੇ ਸਿੱਖ ਨੌਜਵਾਨਾਂ ਦੀ ਕਲੱਬ ਵੱਲੋਂ ਮੋਟਰਸਾਈਕਲਾਂ ਦਾ ਪਰਦਰਸ਼ਨ, ਵੱਖ-ਵੱਖ ਗਤਕਾਂ ਪਾਰਟੀਆਂ, ਕੇਸਰੀ ਦਸਤਾਰਾਂ ਅਤੇ ਕੇਸਰੀ ਦੁਪੱਟਿਆਂ ਦਾ ਠਾਠਾਂ ਮਾਰਦਾ ਸਮੁੰਦਰ ਨਗਰ ਕੀਰਤਨ ‘ਚ ਵਿਸ਼ੇਸ਼ ਖਿੱਚ ਦਾ ਕੇਂਦਰ ਸੀ। ਓਨਟਾਰੀਓ ਸਿੱਖਸ ਅਤੇ ਗੁਰਦੁਆਰਾ ਕੌਂਸਲ ਦੇ ਚੇਅਰਮੈਨ ਭੁਪਿੰਦਰ ਸਿੰਘ ਨੇ ਇਸ ਮੌਕੇ ਜਾਰੀ ਜਾਰੀ ਪ੍ਰੈਸ ਨੋਟ  ਪੜ੍ਹਦਿਆਂ ਜਿੱਥੇ ਕੈਨੇਡਾ ਦੀ ਲਿਬਰਲ ਸਰਕਾਰ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਲੋਕਾਂ ਨਾਲ ਚੋਣਾਂ ਤੋਂ ਪਹਿਲਾਂ ਕਾਮਾ ਗਾਟਾ ਮਾਰੂ ਕਾਂਡ ਦੀ ਮੁਆਫੀ ਮੰਗਣ ਦੇ ਕੀਤੇ ਵਾਅਦੇ ਨੂੰ ਪੂਰਾ ਕਰਨ ਦਾ ਧੰਨਵਾਦ ਕੀਤਾ ਉੱਥੇ ਭਾਰਤ ਸਰਕਾਰ ਤੋਂ 1984 ਦੇ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾਵਾਂ, ਪੀੜਤਾਂ ਨੂੰ ਇਨਸਾਫ ਸਮੇਤ ਸਿੱਖਾਂ ਨੂੰ ਦਰਪੇਸ਼ ਮੁਸਕਲਾਂ ਦੇ ਨਿਪਟਾਰੇ ਦਾ ਜ਼ਿਕਰ ਵੀ ਕੀਤਾ। ਸਿਟੀ ਹਾਲ ਨੇੜੇ ਨੇਥਨ ਫਿਲਿਪਸ ਸੁਕੇਅਰ ਪਾਰਕ ‘ਚ ਜੁੜੇ ਸੰਗਤਾਂ ਦੇ ਇਸ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਸਮਾਗਮ ਦੇ ਕੁੰਜੀਵੱਤ ਬੁਲਾਰੇ ਅਤੇ ਨਾਨਕਸ਼ਾਹੀ ਕੈਲੰਡਰ ਦੇ ਰਚੇਤਾ ਪਾਲ ਸਿੰਘ ਪੁਰੇਵਾਲ ਨੇ ਰੋਸ ਪ੍ਰਗਟ ਕੀਤਾ ਕਿ ਉਹਨਾਂ ਦੀ ਸਾਲਾਂ ਬੱਧੀ ਕੀਤੀ ਮਿਹਨਤ ਨਾਲ ਤਿਆਰ ਕੀਤੇ ਨਾਨਕਸ਼ਾਹੀ ਕੈਲੰਡਰ ਨੂੰ ਲਾਗੂ ਨਹੀਂ ਕੀਤਾ ਗਿਆ ਜਿਸ ਕਾਰਨ ਸਿੱਖ ਭਾਈਚਾਰੇ ‘ਚ ਇਸ ਕੈਲੰਡਰ ਸਬੰਧੀ ਕਈ ਵਿਵਾਦ ਖੜ੍ਹੇ ਹੋਏ, ਉਹਨਾਂ ਸਮੂਹ ਗੁਰਦੁਆਰਾ ਪ੍ਰਬੰਧਕਾਂ ਨੂੰ ਬੇਨਤੀ ਕੀਤੀ ਕਿ ਉਹ ਨਾਨਕਸ਼ਾਹੀ ਕੈਲੰਡਰ ਨੂੰ ਸਿੱਖ ਸੰਗਤਾਂ ਤੱਕ ਪਹੁੰਚਾਉਣ ਅਤੇ ਉਸ ਨੂੰ ਸਿੱਖਾਂ ਵਿੱਚ ਪ੍ਰਚਲੱਤ ਕਰਨ ਵਿੱਚ ਆਪਣਾ ਯੋਗਦਾਨ ਪਾਉਣ। ਇਸ ਮੌਕੇ ਬੋਲਦਿਆਂ ਟਰਾਂਟੋ ਸਿਟੀ ਦੇ ਮੇਅਰ ਜੌਹਨ ਟੌਰੀ ਨੇ ਕਿਹਾ ਕਿ ਉਹਨਾਂ ਨੂੰ ਮਾਣ ਹੈ ਕਿ ਉਹ ਉਸ ਸ਼ਹਿਰ ਦੇ ਮੇਅਰ ਹਨ ਜਿੱਥੇ ਸਿੱਖ ਭਾਈਚਾਰਾ ਵੱਡੀ ਗਿਣਤੀ ਵਿੱਚ ਰਹਿੰਦਾ ਹੈ ਅਤੇ ਉਹ ਹਰ ਸਾਲ ਖਾਲਸਾ ਦਿਵਸ ਲੰਬੇ ਅਰਸੇ ਤੋਂ ਇੱਥੇ ਮਨਾਉਂਦੇ ਆ ਰਹੇ ਹਨ। ਕੈਨੇਡਾ ਦੇ ਸਾਇੰਸ ਅਤੇ ਇਕਨਾਮਿਕ ਵਿਕਾਸ ਮੰਤਰੀ ਨਵਦੀਪ ਸਿੰਘ ਬੈਂਸ ਵੱਲੋਂ ਪਰਧਾਨ ਮੰਤਰੀ ਜਸਟਿਨ ਟਰੂਡੋ ਦਾ ਇਸ ਮੌਕੇ ਭੇਜਿਆ ਵਧਾਈ ਸੰਦੇਸ਼ ਪੜ੍ਹਦਿਆਂ ਅਤੇ ਵਧਾਈ ਦੇਂਦਿਆਂ ਕਿਹਾ ਕਿ 18 ਮਈ ਨੂੰ ਕੈਨੇਡਾ ਦੀ ਪਾਰਲੀਮੈਂਟ ‘ਚ ਪ੍ਰਧਾਨ ਮੰਤਰੀ ਕਾਮਾਗਾਟਾ ਮਾਰੂ ਕਾਂਡ ਦੀ ਮਾਫੀ ਮੰਗਣ ਜਾ ਰਹੇ ਹਨ।
ਉਹਨਾਂ ਕਿਹਾ ਕਿ ਸਿੱਖ ਭਾਈਚਾਰੇ ਲਈ ਇਹ ਮਾਣ ਵਾਲੀ ਗੱਲ ਹੈ ਇਸ ਵਾਰ 17 ਪੰਜਾਬੀ ਮੈਂਬਰ ਪਾਰਲੀਮੈਂਟ ਹਨ ਅਤੇ ਪਾਰਲੀਮੈਂਟ ‘ਚ ਬੋਲੀਆਂ ਜਾਣ ਵਾਲੀਆਂ ਭਾਸ਼ਾਵਾਂ ਅੰਗੇਰਜ਼ੀ ਅਤੇ ਫਰੈਂਚ ਤੋਂ ਬਾਅਦ ਪੰਜਾਬੀ ਤੀਜੀ ਭਾਸ਼ਾ ਹੈ। ਇਸ ਮੌਕੇ ਉਹਨਾਂ ਨਾਲ ਰਮੇਸ਼ ਸੰਘਾ, ਸੋਨੀਆ ਸਿੱਧੂ, ਰਾਜ ਗਰੇਵਾਲ, ਗਗਨ ਸਿਕੰਦ, ਰੂਬੀ ਸਹੋਤਾ (ਸਾਰੇ ਮੈਂਬਰ ਪਾਰਲੀਮੈਂਟ) ਆਦਿ ਸ਼ਾਮਲ ਸਨ। ਫੈਡਰਲ ਵਿੱਚ ਆਪੋਜੀਸ਼ਨ ਕੰਜਰਵੇਟਿਵ ਪਾਰਟੀ ਦੀ ਨੇਤਾ ਰੋਨਾਂ ਐਂਬਰੋਸ ਨੇ ਸਿੱਖ ਭਾਈਚਾਰੇ ਨੂੰ ਵਧਾਈ ਦੇਂਦਿਆਂ ਕਿਹਾ ਕਿ 2008 ‘ਚ ਵੀ ਕੰਸਰਵੇਟਿਵ ਪਾਰਟੀ ਵੱਲੋਂ ਕਾਮਾ ਗਾਟਾ ਮਾਰੂ ਲਈ ਮਾਫੀ ਮੰਗਣ ਦੀ ਪਹਿਲ ਕੀਤੀ ਗਈ ਸੀ ਇਸ ਮੌਕੇ ਉਹਨਾਂ ਨਾਲ ਜੈਸਨ ਕੈਨੀ,ਬੌਬ ਸਰੋਇਆ ਦੋਵੇਂ ਮੈਂਬਰ ਪਾਰਲੀਮੈਂਟ ਅਤੇ ਬੱਲ ਗੋਸਲ (ਸਾਬਕਾ ਮੰਤਰੀ  ਆਦਿ ਸਨ। ੳਨਟਾਰੀਓ ਸੂਬੇ ਦੀ ਪ੍ਰੀਮੀਅਰ ਕੈਥਲਿਨ ਵਿੰਨ ਨੇ ਇਸ ਮੌਕੇ ਸਿੱਖ ਭਾਈਚਾਰੇ ਨੂੰ ਵਧਾਈ ਦੇਂਦਿਆਂ ਕਿਹਾ ਕਿ ਇਹ ਪਹਿਲੀ ਵਾਰ ਹੋਇਆ ਹੈ ਓਨਟਾਰੀਓ ਸੂਬੇ ਨੇ ਜਿੱਥੇ ਅਪਰੈਲ ਮਹੀਨੇਂ ਨੂੰ ਸਿੱਖ ਹੈਰੀਟੇਜ ਮਹੀਨੇਂ ਵੱਜੋਂ ਮਨਾਇਆ ਜਾ ਰਿਹਾ ਹੈ ਉੱਥੇ ਕੂਈਨਜ਼ ਪਾਰਕ (ਵਿਧਾਨ ਸਭਾ) ‘ਚ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ‘ਚ ਵਿਸਾਖੀ ਦੇ ਸਮਾਗਮ ਮਨਾਏ ਗਏ। ਇਸ ਮੌਕੇ ਉਹਨਾਂ ਨਾਲ ਹਰਿੰਦਰ ਮੱਲੀ, ਵਿੱਕ ਢਿੱਲੋਂ, ਦੀਪਿਕਾ ਡੁਮਰੇਲਾ, ਹਰਿੰਦਰ ਤੱਖੜ, ਅੰਮ੍ਰਿਤ ਮਾਂਗਟ, ਇੰਦਰਾ ਨਾਇਡੂ ਹੈਰਿਸ (ਸਾਰੇ ਐਮ ਪੀ ਪੀ) ਆਦਿ ਸ਼ਾਮਲ ਸਨ। ਜੁੜੇ ਇਕੱਠ ਨੂੰ ਸੰਬੋਧਨ ਕਰਨ ਵਾਲਿਆਂ ‘ਚ ਸੂਬੇ ਦੇ ਆਪੋਜੀਸ਼ਨ ਪੀ ਸੀ ਲੀਡਰ ਪੈਟਰਿਕ ਬਰਾਊਨ, ਐਨ ਡੀ ਪੀ ਵੱਲੋਂ ਐਡਰਿਊ ਹਾਰਵਿੱਥ, ਜਗਮੀਤ ਸਿੰਘ ਐਮ ਪੀ ਪੀ, ਸਿਟੀ ਆਫ ਬਰੈਂਪਟਨ ਵੱਲੋਂ ਕੌਂਸਲਰ ਗੁਰਪ੍ਰੀਤ ਸਿੰਘ ਢਿੱਲੋਂ, ਕੈਲੇਡਨ ਦੇ ਮੇਅਰ ਐਲਨ ਥੌਮਪਸਨ, ਵਰਲਡ ਸਿੱਖ ਆਰਗੇਨਾਈਜੇਸ਼ਨ ਦੇ ਪਰਧਾਨ ਮੁਖਬੀਰ ਸਿੰਘ, ਪੀਲ ਬੋਰਡ ਸਕੂਲ ਟਰਸਟੀ ਹਰਕੀਰਤ ਸਿੰਘ ਆਦਿ ਸ਼ਾਮਲ ਸਨ। ਸਟੇਜ ਸਕੱਤਰ ਦੀ ਭੂਮਿਕਾ ਕੌਸਿਲ ਦੇ ਸਕੱਤਰ ਬਲਕਰਨਜੀਤ ਸਿੰਘ ਗਿੱਲ ਨੇ ਬਾਖੂਬੀ ਨਿਭਾਈ।

RELATED ARTICLES
POPULAR POSTS