Breaking News
Home / ਪੰਜਾਬ / ‘ਜੰਗਲਨਾਮਾ’ ਦੇ ਰਚੇਤਾ ਸਤਨਾਮ ਨੇ ਕੀਤੀ ਖ਼ੁਦਕੁਸ਼ੀ

‘ਜੰਗਲਨਾਮਾ’ ਦੇ ਰਚੇਤਾ ਸਤਨਾਮ ਨੇ ਕੀਤੀ ਖ਼ੁਦਕੁਸ਼ੀ

logo-2-1-300x105-3-300x105ਪਟਿਆਲਾ/ਬਿਊਰੋ ਨਿਊਜ਼
ਮਾਓਵਾਦੀ ਲਹਿਰ ਬਾਰੇ ਮਸ਼ਹੂਰ ਸਫ਼ਰਨਾਮਾ ‘ਜੰਗਲਨਾਮਾ’ ਲਿਖਣ ਵਾਲੇ ਇਨਕਲਾਬੀ ਲੇਖਕ ਸਤਨਾਮ (64) ਨੇ ਵੀਰਵਾਰ ਸਵੇਰੇ ਆਪਣੇ ਘਰ ਰਣਜੀਤ ਨਗਰ ਵਿੱਚ ਖ਼ੁਦਕੁਸ਼ੀ ਕਰ ਲਈ। ਉਹ ਪਿਛਲੇ ਕੁਝ ਸਮੇਂ ਤੋਂ ਪ੍ਰੇਸ਼ਾਨ ਸਨ ਤੇ ਇਕੱਲੇ ਰਹਿ ਰਹੇ ਸਨ। ਉਨਾਂ ਸੰਸਾਰ ਪ੍ਰਸਿੱਧ ਨਾਵਲ ‘ਸਪਾਰਟਕਸ’ ਦਾ ਪੰਜਾਬੀ ਵਿੱਚ ਅਨੁਵਾਦ ਅਤੇ ਇਨਕਲਾਬੀ ਸ਼ਾਇਰ ਜਗਮੋਹਣ ਜੋਸ਼ੀ ਦੀ ਉਰਦੂ ਸ਼ਾਇਰੀ ਦੇ ਸੰਗ੍ਰਹਿ ‘ਪੈਮਾਨਾ-ਏ-ਇਨਕਲਾਬ’ ਦਾ ਲਿੱਪੀਅੰਤਰਣ ਵੀ ਕੀਤਾ।
ਸਤਨਾਮ ਨੂੰ ‘ਕਰਾਸ ਵਰਡ ਬੁੱਕ ਐਵਾਰਡ’ ਲਈ ਵੀ ਨਾਮਜ਼ਦਗੀ ਮਿਲੀ। ਇਹ ਇਨਕਲਾਬੀ ਲੇਖਕ ਅੰਮ੍ਰਿਤਸਰ ਦੇ ਇਕ ਪਛੜੇ ਪਰਿਵਾਰ  ਦਾ ਜੰਮਪਲ ਸੀ। ਖ਼ਾਲਸਾ ਕਾਲਜ ਅੰਮ੍ਰਿਤਸਰ ਵਿੱਚ ਬਾਰਵੀਂ ਵਿੱਚ ਪੜਦਿਆਂ 1970ਵਿਆਂ ਦੇ ਸ਼ੁਰੂ ਵਿੱਚ ਉਹ ਨਕਸਲਬਾੜੀ ਲਹਿਰ ਵਿੱਚ ਕੁੱਦੇ। ਉਨਾਂ ਦੇ ਅਤਿ ਕਰੀਬੀ ਵਜੋਂ ਜਾਣੇ ਜਾਂਦੇ ਉੱਘੇ ਚਿੰਤਕ ਤੇ ਕਿਸਾਨ ਆਗੂ ਡਾ. ਦਰਸ਼ਨ ਪਾਲ ਨੇ ਦੱਸਿਆ ਕਿ ਗੁਜਰਾਤ ਵਿੱਚ ਮੁਸਲਮਾਨਾਂ ਦੀ ਕਤਲੋਗ਼ਾਰਤ ਵਿਰੁੱਧ ਸਤਨਾਮ ਨੇ ਮੁਸਲਿਮ ਘੱਟ ਗਿਣਤੀ ਅਤੇ ਜਮਹੂਰੀ ਜਥੇਬੰਦੀਆਂ ਨੂੰ ਇਕ ਮੰਚ ‘ਤੇ ਲਿਆਉਣ ਲਈ ਜ਼ੋਰਦਾਰ ਭੂਮਿਕਾ ਨਿਭਾਈ। ਉਹ ਪੀਪਲਜ਼ ਡੈਮੋਕਰੇਟਿਕ ਫਰੰਟ ਆਫ ਇੰਡੀਆ ਦੀ ਆਲ ਇੰਡੀਆ ਕਾਰਜਕਾਰਨੀ ਦੇ ਮੈਂਬਰ ਸਨ।
ਉਨ੍ਹਾਂ ਇਨਕਲਾਬੀ ਮਾਸਿਕ ਰਸਾਲੇ ਪੀਪਲਜ਼ ਮਾਰਚ, ਜਮਹੂਰੀ ਪੇਪਰਾਂ ਪੀਪਲਜ਼ ਰਜਿਸਟੈਂਸ, ਜਨ ਪ੍ਰਤੀਰੋਧ ਅਤੇ ਇਨਕਲਾਬੀ ਪੰਜਾਬੀ ਦੋ-ਮਾਸਿਕ ‘ਸੁਲਘਦੇ ਪਿੰਡ’ ਤੇ ‘ਲੋਕ ਕਾਫ਼ਲਾ’ ਦੇ ਸੰਪਾਦਕੀ ਮੰਡਲਾਂ ਵਿੱਚ ਵੀ ਸਰਗਰਮੀ ਨਾਲ ਕੰਮ ਕੀਤਾ। ਉਹ ਪੰਜਾਬ ਵਿੱਚ ਅਪਰੇਸ਼ਨ ਗਰੀਨ ਹੰਟ ਵਿਰੁੱਧ ਮੁਹਿੰਮ ਸ਼ੁਰੂ ਕਰਨ ਵਿੱਚ ਮੋਹਰੀ ਰਹੇ। ਉਨਾਂ ਦੇ ਪਰਿਵਾਰ ਵਿੱਚ ਪਿੱਛੇ ਧੀ ਰੀਵਾ ਹੈ। ਉਨਾਂ ਦੀ ਯਾਦ ਵਿੱਚ 8 ਮਈ ਨੂੰ ਇੱਥੇ ਸ਼ਰਧਾਂਜਲੀ ਸਮਾਗਮ ਰੱਖਿਆ ਗਿਆ ਹੈ।

Check Also

ਕਾਂਗਰਸ ਪਾਰਟੀ ਦੀ ਪੰਜਾਬ ਦੇ ਕਿਸਾਨ ਵੋਟਰਾਂ ’ਤੇ ਨਜ਼ਰ

ਰਾਜਾ ਵੜਿੰਗ ਨੇ ਲਾਲੜੂ ’ਚ ਕਿਸਾਨਾਂ ਦੀਆਂ ਮੁਸ਼ਕਿਲਾਂ ਸੁਣ ਵਿਰੋਧੀ ’ਤੇ ਸਾਧਿਆ ਨਿਸ਼ਾਨਾ ਲਾਲੜੂ/ਬਿਊਰੋ ਨਿਊਜ਼ …