ਅੰਮ੍ਰਿਤਸਰ : ਸਿੱਖ ਪ੍ਰਚਾਰਕ ਰਣਜੀਤ ਸਿੰਘ ਢੱਡਰੀਆਂਵਾਲਾ ਮਾਮਲੇ ਦੀ ਜਾਂਚ ਰਿਪੋਰਟ ਨੂੰ ਘੋਖਣ ਮਗਰੋਂ ਪੰਜ ਸਿੰਘ ਸਾਹਿਬਾਨ ਨੇ ਸਿੱਖ ਸੰਗਤ ਨੂੰ ਆਦੇਸ਼ ਕੀਤਾ ਹੈ ਕਿ ਜਦ ਤੱਕ ਢੱਡਰੀਆਂਵਾਲਾ ਆਪਣੀ ਗਲਤ ਬਿਆਨੀ ਲਈ ਅਕਾਲ ਤਖ਼ਤ ਸਾਹਿਬ ‘ਤੇ ਪੇਸ਼ ਹੋ ਕੇ ਮੁਆਫ਼ੀ ਨਹੀਂ ਮੰਗਦਾ, ਉਦੋਂ ਤੱਕ ਸਿੱਖ ਸੰਗਤ ਉਸ ਦੇ ਸਮਾਗਮ ਨਾ ਕਰਵਾਏ। ਇਸ ਦੇ ਪ੍ਰਚਾਰ ਨੂੰ ਨਾ ਸੁਣਿਆ ਜਾਵੇ ਤੇ ਨਾ ਹੀ ਉਸ ਦੀਆਂ ਵੀਡੀਓ ਆਦਿ ਅਗਾਂਹ ਸਾਂਝੀਆਂ ਕੀਤੀਆਂ ਜਾਣ। ਢੱਡਰੀਆਂਵਾਲਾ ਮਾਮਲੇ ਦੀ ਜਾਂਚ ਰਿਪੋਰਟ ਐਤਵਾਰ ਵਾਲੇ ਦਿਨ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਸੌਂਪੀ ਗਈ ਸੀ। ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਹੋਈ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਵਿਚ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ, ਤਖ਼ਤ ਸ੍ਰੀ ਪਟਨਾ ਸਾਹਿਬ ਦੇ ਜਥੇਦਾਰ ਰਣਜੀਤ ਸਿੰਘ ਗੌਹਰ, ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਗਿਆਨੀ ਗੁਰਮਿੰਦਰ ਸਿੰਘ ਅਤੇ ਪੰਜ ਪਿਆਰਿਆਂ ਵਿਚ ਸ਼ਾਮਲ ਭਾਈ ਦਿਲਬਾਗ ਸਿੰਘ ਸ਼ਾਮਲ ਸਨ।
ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਆਖਿਆ ਕਿ ਜਾਂਚ ਰਿਪੋਰਟ ਮੁਤਾਬਕ ਸਿੱਖ ਪ੍ਰਚਾਰਕ ਵਲੋਂ ਗੁਰਮਤਿ ਪ੍ਰਤੀ ਗਲਤ ਬਿਆਨਬਾਜ਼ੀ ਕੀਤੀ ਗਈ ਹੈ ਅਤੇ ਉਹ ਆਪਣੇ ਇਨ੍ਹਾਂ ਕਥਨਾਂ ਸਬੰਧੀ ਸਪੱਸ਼ਟੀਕਰਨ ਦੇਣ ਤੋਂ ਵੀ ਇਨਕਾਰੀ ਹੈ। ਜੇਕਰ ਕੋਈ ਉਸ ਦਾ ਸਮਾਗਮ ਕਰਾਉਂਦਾ ਹੈ ਅਤੇ ਉੱਥੇ ਕੋਈ ਅਣਸੁਖਾਵੀਂ ਘਟਨਾ ਵਾਪਰਦੀ ਹੈ ਤਾਂ ਉਸ ਲਈ ਉਹ ਖ਼ੁਦ ਜ਼ਿੰਮੇਵਾਰ ਹੋਵੇਗਾ। ਪੰਜ ਸਿੰਘ ਸਾਹਿਬਾਨ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਇਹ ਸਿੱਖ ਪ੍ਰਚਾਰਕ ਹੁਣ ਵੀ ਗੁਰੂ ਗ੍ਰੰਥ ਸਾਹਿਬ ਅਤੇ ਗੁਰੂ ਪੰਥ ਪ੍ਰਤੀ ਗਲਤ ਕਥਨ ਬਿਆਨਣ ਤੋਂ ਬਾਜ਼ ਨਾ ਆਇਆ ਤਾਂ ਉਸ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਇਸੇ ਦੌਰਾਨ ਭਾਈ ਹਰਿੰਦਰ ਸਿੰਘ ਨਿਰਵੈਰ ਖਾਲਸਾ ਜਥਾ ਯੂਕੇ, ਜਿਸ ਖ਼ਿਲਾਫ਼ ਸਿੱਖ ਸੰਗਤ ਵਲੋਂ ਸ਼ਿਕਾਇਤ ਕਰਕੇ ਦੋਸ਼ ਲਾਇਆ ਗਿਆ ਹੈ ਕਿ ਉਸ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਪ੍ਰਤੀ ਇਤਰਾਜ਼ਯੋਗ ਸ਼ਬਦਾਵਲੀ ਵਰਤੀ ਹੈ, ਬਾਰੇ ਪੰਜ ਸਿੰਘ ਸਾਹਿਬਾਨ ਨੇ ਆਖਿਆ ਕਿ ਉਸ ਕੋਲੋਂ ਸਪੱਸ਼ਟੀਕਰਨ ਮੰਗਿਆ ਗਿਆ ਸੀ, ਪਰ ਉਸ ਨੇ ਨਹੀਂ ਭੇਜਿਆ। ਇਸ ਬਾਰੇ ਵੀ ਆਦੇਸ਼ ਕੀਤਾ ਗਿਆ ਹੈ ਕਿ ਜਦੋਂ ਤੱਕ ਉਹ ਅਕਾਲ ਤਖ਼ਤ ਸਾਹਿਬ ‘ਤੇ ਮੁਆਫ਼ੀ ਨਹੀਂ ਮੰਗਦਾ, ਉਸ ਦੇ ਸਮਾਗਮ ਨਾ ਕਰਵਾਏ ਜਾਣ।
ਚੀਫ਼ ਖਾਲਸਾ ਦੀਵਾਨ ਦੇ ਗ਼ੈਰ ਅੰਮ੍ਰਿਤਧਾਰੀ ਮੈਂਬਰਾਂ ਸਬੰਧੀ ਸ਼ਿਕਾਇਤ ਦਾ ਮਾਮਲਾ ਵਿਚਾਰਦਿਆਂ ਉਨ੍ਹਾਂ ਆਖਿਆ ਕਿ ਇਸ ਸਬੰਧੀ ਕਈ ਵਾਰ ਸੰਸਥਾ ਕੋਲੋਂ ਜਾਣਕਾਰੀ ਮੰਗੀ ਹੈ ਪਰ ਉਨ੍ਹਾਂ ਨਹੀਂ ਭੇਜੀ। ਦੀਵਾਨ ਦੇ ਪ੍ਰਧਾਨ ਅਤੇ ਅਹੁਦੇਦਾਰਾਂ ਨੂੰ ਆਦੇਸ਼ ਕੀਤਾ ਗਿਆ ਹੈ ਕਿ ਉਹ ਸਬੰਧਤ ਜਾਣਕਾਰੀ ਲੈ ਕੇ 18 ਸਤੰਬਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਹਾਜ਼ਰ ਹੋਣ। ਉੜੀਸਾ ਦੇ ਜਗਨਨਾਥ ਪੁਰੀ ਵਿਖੇ ਬਾਬਾ ਸ਼ਮਸ਼ੇਰ ਸਿੰਘ ਵਲੋਂ ਬਣਾਏ ਗਏ ਗੁਰਦੁਆਰਾ ਆਰਤੀ ਸਾਹਿਬ ਬਾਰੇ ਉਸ ਨੂੰ ਆਦੇਸ਼ ਕੀਤਾ ਗਿਆ ਹੈ ਕਿ ਇਕ ਮਹੀਨੇ ਵਿਚ ਉਹ ਗੁਰਦੁਆਰੇ ਦਾ ਨਾਂ ਤਬਦੀਲ ਕਰੇ ਅਤੇ ਇਸ ਸਬੰਧੀ ਜਾਣਕਾਰੀ ਅਕਾਲ ਤਖ਼ਤ ਸਾਹਿਬ ‘ਤੇ ਭੇਜੇ।
ਅਯੁੱਧਿਆ ਵਿਚ ਸਾਬਕਾ ਜਥੇਦਾਰ ਗਿਆਨੀ ਇਕਬਾਲ ਸਿੰਘ ਵਲੋਂ ਗੁਰੂ ਸਾਹਿਬਾਨ ਨੂੰ ਲਵ-ਕੁਸ਼ ਦੇ ਵੰਸ਼ਜ ਦੱਸੇ ਜਾਣ ਬਾਰੇ ਪੰਜ ਸਿੰਘ ਸਾਹਿਬਾਨ ਨੇ ਕਿਹਾ ਕਿ ਉਹ ਅਜਿਹੇ ਕਿਸੇ ਦਾਅਵੇ ਨਾਲ ਸਹਿਮਤ ਨਹੀਂ ਹਨ। ਉਨ੍ਹਾਂ ਕਿਹਾ ਕਿ ਸਿੱਖ ਇਕ ਵੱਖਰੀ ਕੌਮ ਹੈ ਅਤੇ ਵੱਖਰੀ ਰਹੇਗੀ।
ਮੇਰੀ ਗਲਤੀ ਸਾਬਤ ਕਰੋ ਮੈਂ ਲੰਮਾ ਪੈ ਕੇ ਆਵਾਂਗਾ : ਢੱਡਰੀਆਂ ਵਾਲਾ
ਪਟਿਆਲਾ : ਰਣਜੀਤ ਸਿੰਘ ਢੱਡਰੀਆਂ ਵਾਲੇ ਨੇ ਵੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਜਵਾਬ ਦਿੱਤਾ ਹੈ। ਢੱਡਰੀਆਂ ਵਾਲੇ ਨੇ ਕਿਹਾ ਕਿ ਮੈਂ ਲੰਮਾ ਪੈ ਕੇ ਮੱਥਾ ਟੇਕਣ ਨੂੰ ਤਿਆਰ ਹਾਂ ਪਰ ਮੇਰੀ ਜੇ ਕੋਈ ਗਲਤੀ ਹੈ ਤਾਂ ਉਸ ਨੂੰ ਸਾਬਤ ਕੀਤਾ ਜਾਵੇ। ਜੇ ਗਲਤੀ ਸਾਬਤ ਹੁੰਦੀ ਹੈ ਤਾਂ ਜਿਥੇ ਮਰਜ਼ੀ ਲੈ ਜਾਓ, ਸਦਾ ਲਈ ਪ੍ਰਚਾਰ ਬੰਦ ਕਰਕੇ ਹਮੇਸ਼ਾ ਭਾਂਡੇ ਮਾਂਜਾਂਗਾ ਅਤੇ ਪ੍ਰਮੇਸ਼ਰ ਦੁਆਰ ਵੀ ਸ੍ਰੀ ਅਕਾਲ ਤਖਤ ਸਾਹਿਬ ਨੂੰ ਦੇ ਦਿਆਂਗਾ। ਉਨ੍ਹਾਂ ਕਿਹਾ ਕਿ ਗਲਤ ਹੋਵਾਂਗਾ ਤਾਂ ਹਰ ਸਜ਼ਾ ਭੁਗਤਣ ਨੂੰ ਤਿਆਰ ਹਾਂ, ਪਰ ਮੈਂ ਕੋਈ ਗਲਤੀ ਨਹੀਂ ਕੀਤੀ।
Check Also
ਕੈਨੇਡਾ ‘ਚ ਪੱਕੇ ਹੋਣ ਦਾ LMIA ਵਾਲਾ ਰਾਹ ਵੀ ਹੋਵੇਗਾ ਬੰਦ
ਪੱਕੀ ਰਿਹਾਇਸ਼ ਲਈ LMIA ਦੀ ਵੱਡੇ ਪੱਧਰ ‘ਤੇ ਹੋ ਰਹੀ ਦੁਰਵਰਤੋਂ : ਮਾਰਕ ਮਿੱਲਰ ਟੋਰਾਂਟੋ/ਬਿਊਰੋ …