ਇਮੀਗਰੇਸ਼ਨ ਘਟਾਉਣ ਦਾ ਅਸਰ ਦੇਸ਼ ਦੀ ਆਰਥਿਕਤਾ ‘ਤੇ ਪੈਣ ਦੀ ਸੰਭਾਵਨਾ
ਟੋਰਾਂਟੋ/ਸਤਪਾਲ ਸਿੰਘ ਜੌਹਲ : ਅਮਰੀਕੀ ਪ੍ਰਸ਼ਾਸਨ ਵਲੋਂ ਸੰਸਾਰ ਦੇ ਕਈ ਹੋਰ ਦੇਸ਼ਾਂ ਤੋਂ ਪਹਿਲਾਂ ਇਸ ਸਾਲ ਦੇ ਸ਼ੁਰੂ ਵਿਚ ਆਪਣੇ ਗੁਆਂਢੀ ਦੇਸ਼ ਕੈਨੇਡਾ ਨਾਲ ਵਿੱਢੀ ਗਈ ਵਪਾਰਕ ਜੰਗ ਨੂੰ ਇਨ੍ਹੀਂ ਦਿਨੀਂ ਆਪਣੇ ਆਖਰੀ ਦੌਰ ਵਿਚ ਸਮਝਿਆ ਜਾ ਸਕਦਾ ਹੈ। ਪਰ ਦੋਵਾਂ ਦੇਸ਼ਾਂ ਦੀ ਸਮਝੌਤੇ ਲਈ ਚੱਲ ਰਹੀ ਗੱਲਬਾਤ ਦੌਰਾਨ ਬੇਯਕੀਨੀ ਬਣੀ ਹੋਈ ਹੈ। ਅਜਿਹੇ ਵਿਚ ਪ੍ਰਧਾਨ ਮੰਤਰੀ ਮਾਰਕ ਕਾਰਨੀ ਅਤੇ ਸੂਬਿਆਂ ਦੇ ਮੁੱਖ ਮੰਤਰੀ ਭਾਵੇਂ ਇਕਜੁੱਟ ਨਜ਼ਰ ਆ ਰਹੇ ਹਨ, ਪਰ ਰਾਸ਼ਟਰਪਤੀ ਡੋਨਾਲਡ ਟਰੰਪ ਵਲੋਂ ਆਪਣੇ ਬਿਆਨ ਬਦਲਦੇ ਰਹਿਣ ਨਾਲ ਅਜੇ ਮੰਨਣਾ ਮੁਸ਼ਕਿਲ ਹੈ ਕਿ 1 ਅਗਸਤ 2025 ਦੀ ਮਿੱਥੀ ਗਈ ਤਰੀਕ ਤੱਕ ਸਮਝੌਤਾ ਹੋ ਜਾਵੇਗਾ। ਅਜਿਹੇ ਵਿਚ ਕੈਨੇਡਾ ਵਿਚ ਮਹਿੰਗਾਈ, ਬੇਰੁਜ਼ਗਾਰੀ, ਕਾਰੋਬਾਰਾਂ ਦੀ ਮੰਦੀ ਅਤੇ ਜ਼ੁਰਮ ਵਧਣ ਦੀਆਂ ਖਬਰਾਂ ਹਨ। ਕਾਰੋਬਾਰ ਬੰਦ ਹੋਣ ਅਤੇ ਕਾਰੋਬਾਰੀਆਂ ਵਲੋਂ ਦਿਵਾਲਾ ਕੱਢਣ ਦੀ ਮਜਬੂਰੀ ਨਾਲ ਬਾਜ਼ਾਰ ਵਿਚ ਬੇਯਕੀਨੀ ਹੈ।
ਓਧਰ ਸਰਕਾਰ ਵਲੋਂ ਅਗਲੇ ਸਾਲਾਂ ਲਈ ਇਮੀਗਰੇਸ਼ਨ ਦਾ ਕੋਟਾ ਘਟਾਉਣ ਕਰਕੇ ਆਰਥਿਕ ਮਾਹਿਰਾਂ ਵਲੋਂ ਦੇਸ਼ ਵਿਚ ਵਸਤਾਂ ਦੀ ਮੰਗ ਘਟਣ ਅਤੇ ਸਿੱਟੇ ਵਜੋਂ ਉਤਪਾਦਨ ਉਪਰ ਵੀ ਨਾਂਹ ਪੱਖੀ ਅਸਰ ਪੈਣਾ ਤੈਅ ਮੰਨਿਆ ਜਾ ਰਿਹਾ ਹੈ। ਇਥੋਂ ਤੱਕ ਕਿ ਕੈਨੇਡਾ ਵਿਚ ਰਹਿਣਾ ਮਹਿੰਗਾ ਅਤੇ ਔਖਾ ਹੋਣ ਕਰਕੇ ਬਹੁਤ ਸਾਰੇ ਵਿਦੇਸ਼ੀ ਆਪਣੇ ਦੇਸ਼ਾਂ ਨੂੰ ਵਾਪਸ ਜਾਣੇ ਵੀ ਜਾਰੀ ਹਨ। ਇਹ ਵੀ ਕਿ ਆਮ ਲੋਕਾਂ ਦੀ ਆਮਦਨ ਵਿਚ ਵਾਧਾ ਨਾਮਾਤਰ ਹੁੰਦਾ ਹੈ, ਪਰ ਵਸਤਾਂ ਦੀਆਂ ਕੀਮਤਾਂ, ਟੈਕਸ, ਪ੍ਰਧਾਨ ਮੰਤਰੀ ਸਮੇਤ ਚੁਣੇ ਹੋਏ ਆਗੂਆਂ ਦੀਆਂ ਤਨਖਾਹਾਂ ਤੇ ਪੈਨਸ਼ਨਾਂ ਵਿਚ (ਚੋਖਾ) ਵਾਧਾ ਜਾਰੀ ਰਹਿੰਦਾ ਹੈ। ਲੋਕ ਮਨਾਂ ਵਿਚ ਰੋਹ ਅਤੇ ਜੁਰਮ ਵਧਣ ਕਰਕੇ ਚੁਣੇ ਹੋਏ ਨੁਮਾਇੰਦਿਆਂ ਨੂੰ ਵੀ ਆਪਣੇ ਬਚਾਓ ਵਾਸਤੇ ਸੁਰੱਖਿਆ ਦੇ ਘੇਰੇ ਵਿਚ ਰਹਿਣ ਦੀ ਲੋੜ ਮਹਿਸੂਸ ਹੁੰਦੀ ਰਹਿੰਦੀ ਹੈ ਪਰ ਕਈ ਸਾਲਾਂ ਤੋਂ ਉਨ੍ਹਾਂ ਦੀਆਂ ਸਰਕਾਰਾਂ ਦੇ ਚੱਲਦਿਆਂ ਦੇਸ਼ ਦੇ ਹਾਲਾਤ ਇਥੋਂ ਤੱਕ ਡਿੱਗ ਜਾਣ ਦੀ ਜ਼ਿੰਮੇਵਾਰੀ ਲੈਣ ਤੋਂ ਆਨਾਕਾਨੀ ਕਰਨਾ ਜਾਰੀ ਰੱਖ ਕੇ ਇਸ ਪ੍ਰਤੀ ਚੁੱਪ ਰਹਿਣਾ ਜਾਰੀ ਹੈ।
ਮੌਜੂਦਾ ਸਮੇਂ ਕੈਨੇਡਾ ਸਰਕਾਰ ਦਾ ਧਿਆਨ ਅਮਰੀਕਾ ਨਾਲ ਵਪਾਰਕ ਰਿਸ਼ਤੇ ਸਥਿਰ ਕਰਨ ਪ੍ਰਤੀ ਕੇਂਦਰਤ ਹੈ, ਪਰ ਦੇਸ਼ ਅੰਦਰ ਮਹਿੰਗਾਈ ਅਤੇ ਜੁਰਮਾਂ ਤੋਂ ਪ੍ਰੇਸ਼ਾਨ ਲੋਕਾਂ ਨੂੰ ਉਨ੍ਹਾਂ ਦੇ ਹਾਲਾਤ ਉਪਰ ਛੱਡਿਆ ਜਾਪਦਾ ਹੈ। ਕੈਨੇਡਾ ਵਿਚ ਪੁਲਿਸ ਅਧਿਕਾਰੀਆਂ ਵਲੋਂ 2024 ਦੇ ਜਾਰੀ ਕੀਤੇ ਗਏ ਤਾਜ਼ਾ ਅੰਕੜਿਆਂ ਅਨੁਸਾਰ 2015 ਤੋਂ ਬਾਅਦ ਕੈਨੇਡਾ ਵਿਚ ਜੁਰਮ 130 ਫੀਸਦੀ ਵਧ ਗਏ ਹਨ ਫਿਰ ਵੀ ਸਰਕਾਰ ਵਲੋਂ ਆਪਣੇ ਬੇਅਸਰ ਬੰਦੂਕ ਖਰੀਦ ਪ੍ਰੋਗਰਾਮ ਨਾਲ ਵਸਨੀਕਾਂ ਦੇ ਲਾਇਸੈਂਸੀ ਹਥਿਆਰ ਵਾਪਸ ਲਏ ਜਾ ਰਹੇ ਹਨ, ਜਦਕਿ ਆਮ ਅਪਰਾਧ ਨਜਾਇਜ਼ ਹਥਿਆਰਾਂ ਨਾਲ ਵਾਪਰਨ ਬਾਰੇ ਪਤਾ ਲੱਗਦਾ ਰਹਿੰਦਾ ਹੈ। ਅੰਕੜਿਆਂ ਵਿਚ ਦਰਜ ਹੈ ਕਿ 2015 ਤੋਂ (ਟਰੂਡੋ ਸਰਕਾਰ ਦੌਰਾਨ) ਦੇਸ਼ ਵਿਚ ਹਿੰਸਕ ਅਪਰਾਧ ਕਰੀਬ 55 ਪ੍ਰਤੀਸ਼ਤ ਵਧੇ ਹਨ, ਕਤਲਾਂ ਵਿਚ 29 ਪ੍ਰਤੀਸ਼ਤ ਵਾਧਾ ਅਤੇ ਜਿਨਸੀ ਹਮਲਿਆਂ ਵਿਚ 76 ਪ੍ਰਤੀਸ਼ਤ ਵਾਧਾਹੋਇਆ ਹੈ।
2014 ਤੋਂ ਧੋਖਾਧੜੀ ਦੇ ਮਾਮਲੇ 94 ਪ੍ਰਤੀਸ਼ਤ ਵਧੇ ਹਨ, ਫਿਰੌਤੀਆਂ ਤੇ ਮਾਮਲਿਆਂ ਵਿਚ 33 ਪ੍ਰਤੀਸ਼ਤ ਵਾਧਾ ਹੋਇਆ ਹੈ। ਆਪਣੇ ਜੀਵਨ ਸਾਥੀ (ਪਤੀ/ਪਤਨੀ) ਜਾਂ ਨਜ਼ਦੀਕੀ ਸਾਥੀ ਵਲੋਂ ਘਰੇਲੂ ਹਿੰਸਾ ਦਾ ਸ਼ਿਕਾਰ ਔਰਤਾਂ ਦਾ ਅਨੁਪਾਤ 2023 ਵਿਚ 32 ਪ੍ਰਤੀਸ਼ਤ ਤੋਂ ਵਧ ਕੇ 2024 ਵਿਚ 42 ਪ੍ਰਤੀਸ਼ਤ ਹੋ ਗਿਆ। ਅੱਲੜ੍ਹ ਉਮਰ ਵਿਚ ਜੁਰਮ ਕਰਨ ਕਰਕੇ ਬੱਚਿਆਂਦੀਆਂ ਗ੍ਰਿਫਤਾਰੀਆਂ ਵੀ ਲਗਾਤਾਰ ਜਾਰੀ ਹਨ। ਆਰਥਿਕ ਮੁਸ਼ਕਲਾਂ ਵਿਚ ਘਿਰੇ ਪਰਿਵਾਰਾਂ ਵਿਚ ਘਰੇਲੂ ਹਿੰਸਾ ਦੇ ਮਾਮਲੇ ਵਧ ਰਹੇ ਹਨ। ਅਪਰਾਧੀਆਂ ਨੂੰ ਅਸਾਨੀ ਨਾਲ ਮਿਲ ਜਾਂਦੀ ਜ਼ਮਾਨਤ ਲਈ ਕਾਨੂੰਨੀ ਸਿਸਟਮ ਨੂੰ ਨਕਾਰਾ ਮੰਨਿਆ ਜਾ ਰਿਹਾ ਹੈ, ਪਰ ਕੈਨੇਡਾ ਸਰਕਾਰ ਦੇ ਆਗੂ ਇਸ ਨਕਾਰਾ ਸਿਸਟਮ ਨੂੰ ਸੁਧਾਰਨ ਪ੍ਰਤੀ ਬੀਤੇ ਕਈ ਸਾਲਾਂ ਤੋਂ ਬੇਹੱਦ ਸੁਸਤ ਹੀ ਨਹੀਂ, ਸਗੋਂ ਇਨਕਾਰੀ ਰਹੇ ਹਨ, ਜਿਸ ਕਾਰਨ ਅਜਿਹਾ ਵਰਤਾਰਾ ਜਾਰੀ ਹੈ।

