Breaking News
Home / ਹਫ਼ਤਾਵਾਰੀ ਫੇਰੀ / ਅਮਨ ਦਾ ਪੰਛੀ ਉਡ ਗਿਆ, ਖੌਫ਼ ਦਾ ਸਾਇਆ ਪਸਰਿਆ ਹੈ ਇਸ ਦਰ ਤੋਂ ਲੈ ਕੇ ਉਸ ਦਰ ਤੱਕ

ਅਮਨ ਦਾ ਪੰਛੀ ਉਡ ਗਿਆ, ਖੌਫ਼ ਦਾ ਸਾਇਆ ਪਸਰਿਆ ਹੈ ਇਸ ਦਰ ਤੋਂ ਲੈ ਕੇ ਉਸ ਦਰ ਤੱਕ

Bhaskar 3 copy copyਪੰਜਾਬ ਚੋਣਾਂ ਖੌਫ ਦੇ ਸਾਏ ਹੇਠ
ਡੇਰਾ ਮੁਖੀ ਦੇ ਕੁੜਮ ਕਾਂਗਰਸੀ ਉਮੀਦਵਾਰ ਜੱਸੀ ‘ਤੇ ਹਮਲੇ ਦੀ ਕੋਸ਼ਿਸ਼ ‘ਚ 3 ਧਮਾਕੇ, 6 ਦੀ ਮੌਤ
ਮੌੜ ਮੰਡੀ/ਬਿਊਰੋ ਨਿਊਜ਼ : ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਦੇ ਕੁੜਮ ਕਾਂਗਰਸੀ ਉਮੀਦਵਾਰ ਹਰਮੰਦਰ ਸਿੰਘ ਜੱਸੀ ‘ਤੇ ਮੰਗਲਵਾਰ ਰਾਤ 8.30 ਵਜੇ ਪ੍ਰੈਸ਼ਰ ਕੂਕਰ ਬੰਬ ਰਾਹੀਂ ਹਮਲਾ ਹੋਇਆ। ਜੱਸੀ ਤਾਂ ਵਾਲ-ਵਾਲ ਬਚ ਗਏ, ਪਰ ਛੇ ਵਿਅਕਤੀਆਂ ਦੀ ਮੌਤ ਹੋ ਗਈ। ਹਮਲਾ ਮੌੜ ਵਿਚ ਉਨ੍ਹਾਂ ਦੀ ਚੋਣਾਵੀ ਮੀਟਿੰਗ ਵਿਚ ਉਦੋਂ ਹੋਇਆ, ਜਦ ਉਹ ਭਾਸ਼ਣ ਦੇ ਕੇ ਜਾਣ ਲੱਗੇ ਸਨ। ਅੱਖੀਂ ਦੇਖਣ ਵਾਲਿਆਂ ਅਨੁਸਾਰ ਇਕ ਤੋਂ ਬਾਅਦ ਇਕ-ਇਕ ਕਰਕੇ ਤਿੰਨ ਧਮਾਕੇ ਹੋਏ। ਮੀਟਿੰਗ ਵਿਚ ਫਰਿਆਦ ਲੈ ਕੇ ਆਏ ਬਾਪ-ਬੇਟੀ ਸਮੇਤ ਜੱਸੀ ਦੇ ਦਫਤਰ ਇੰਚਾਰਜ ਪਾਲੀ ਦੀ ਮੌਤ ਹੋ ਗਈ। ਜਦਕਿ 9 ਵਿਅਕਤੀ ਜ਼ਖ਼ਮੀ ਹੋਏ ਹਨ। ਜ਼ਖ਼ਮੀਆਂ ਵਿਚ ਜ਼ਿਆਦਾਤਰ ਬੱਚੇ ਹਨ। ਪਹਿਲਾ ਧਮਾਕਾ ਉਸ ਸਮੇਂ ਹੋਇਆ, ਜਦ ਜੱਸੀ ਆਪਣੀ ਫਾਰਚੂਨਰ ਗੱਡੀ ਵਿਚ ਬੈਠਕੇ ਜਾਣ ਲੱਗੇ। ਇਸੇ ਦੌਰਾਨ ਮੀਟਿੰਗ ਵਾਲੇ ਸਥਾਨ ਤੋਂ 10 ਕਦਮ ਦੀ ਦੂਰੀ ‘ਤੇ ਖੜ੍ਹੀ ਮਾਰੂਤੀ-800 ਕਾਰ ਵਿਚ ਜ਼ੋਰਦਾਰ ਧਮਾਕਾ ਹੋਇਆ। ਇਹ ਕਾਰ ਜੱਸੀ ਦੀ ਕਾਰ ਦੇ ਨਾਲ ਹੀ ਖੜ੍ਹੀ ਸੀ। ਉਸ ਤੋਂ ਬਾਅਦ ਦੋ ਹੋਰ ਧਮਾਕੇ ਹੋਏ। ਜੱਸੀ ਦੀ ਕਾਰ ਦਾ ਡਰਾਈਵਰ ਗੱਡੀ ਭਜਾ ਕੇ ਲਿਜਾਣ ਲੱਗਾ ਤਾਂ ਫਾਇਰਿੰਗ ਸ਼ੁਰੂ ਹੋ ਗਈ।
ਤਿੰਨ ਗੋਲੀਆਂ ਜੱਸੀ ਦੀ ਗੱਡੀ ਦੀ ਪਿਛਲੀ ਖਿੜਕੀ ‘ਤੇ ਲੱਗੀਆਂ। ਬੁਲੇਟਪਰੂਫ ਹੋਣ ਕਰਕੇ ਗੋਲੀਆਂ ਦਾ ਅਸਰ ਨਹੀਂ ਹੋਇਆ। ਗੱਡੀ ਬੰਦ ਹੋ ਗਈ ਅਤੇ ਜੱਸੀ ਨੇ ਦੌੜ ਕੇ ਜਾਨ ਬਚਾਈ ਅਤੇ ਦੌੜਦਿਆਂ ਹੋਇਆਂ ਉਨ੍ਹਾਂ ਦੇ ਸੱਟਾਂ ਵੀ ਲੱਗੀਆਂ ਹਨ।  ਧਮਾਕਾ ਏਨਾ ਜ਼ਬਰਦਸਤ ਸੀ ਕਿ 12 ਫੁੱਟ ਉਚਾਈ ‘ਤੇ 11ਕੇਵੀ ਦੀ ਬਿਜਲੀ ਲਾਈਨ ਨਸ਼ਟ ਹੋ ਗਈ ਅਤੇ ਇਕ ਕਿਲੋਮੀਟਰ ਤੱਕ ਘਰਾਂ ਦੇ ਸ਼ੀਸ਼ੇ ਅਤੇ ਦਰਵਾਜ਼ੇ ਕੰਬ ਗਏ। ਚੋਣ ਮੀਟਿੰਗ ਡੇਰਾ ਸੱਚਾ ਸੌਦਾ ਦੇ ਪ੍ਰੇਮੀ ਹੇਮਰਾਮ ਦੀ ਆਰ.ਕੇ. ਇੰਟਰਪ੍ਰਾਈਜ਼ਿਜ਼ ਸ਼ਾਪ ਦੇ ਬਾਹਰ ਹੋ ਰਹੀ ਸੀ। ਡੀਜੀਪੀ ਸੁਰੇਸ਼ ਅਰੋੜਾ ਨੇ ਕਿਹਾ ਕਿ ਅੱਤਵਾਦੀ ਹਮਲੇ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਟਵੀਟ ਕੀਤਾ ਕਿ ਹਮਲੇ ਵਿਚ ਆਈਈਡੀ ਦਾ ਇਸਤੇਮਾਲ ਕੀਤਾ ਗਿਆ ਹੈ। ਇਸ ਚੋਣ ਪਿੜ ਵਿਚ ਕਈ ਧਿਰਾਂ ਖਦਸ਼ਾ ਜ਼ਰੂਰ ਪ੍ਰਗਟਾ ਰਹੀਆਂ ਸਨ ਕਿ ਕੋਈ ਅਣਸੁਖਾਵੀਂ ਘਟਨਾ ਵਾਪਰ ਸਕਦੀ ਹੈ ਤੇ ਉਸ ਖਦਸ਼ੇ ਨੂੰ ਸੱਚ ‘ਚ ਬਦਲਦੀ ਪਹਿਲੀ ਘਟਨਾ ਹੈ।
ਆਸਾਰ ਤਾਂ ਕਈ ਵਾਰ ਦਿਖੇ ਪਰ ਸਰਕਾਰਾਂ ਤੇ ਸੁਰੱਖਿਆ ਏਜੰਸੀਆਂ ਦੀ ਨੀਂਦ ਨਾ ਟੁੱਟੀ
4 ਅਪ੍ਰੈਲ : ਮਾਤਾ ਚੰਦ ਕੌਰ ਦੀ ਹੱਤਿਆ
24 ਅਪ੍ਰੈਲ : ਸ਼ਿਵ ਸੈਨਾ ਨੇਤਾ ਦੀ ਹੱਤਿਆ
17 ਮਈ : ਢੱਡਰੀਆਂ ਵਾਲਿਆਂ ‘ਤੇ ਹਮਲਾ
3 ਜੂਨ : ਜਲੰਧਰ ਦੇ ਵਪਾਰੀ ਦੀ ਹੱਤਿਆ
6 ਅਗਸਤ : ਜਲੰਧਰ ‘ਚ ਜਗਦੀਸ਼ ਗਗਨੇਜਾ ‘ਤੇ ਹਮਲਾ
27 ਨਵੰਬਰ : ਨਾਭਾ ਵਿਚ ਜੇਲ੍ਹ ਬਰੇਕ ਕਾਂਡ
14 ਜਨਵਰੀ : ਹਿੰਦੂ ਨੇਤਾ ‘ਤੇ ਹਮਲਾ
31 ਜਨਵਰੀ : ਮੌੜ ਮੰਡੀ ‘ਚ ਬੰਬ ਧਮਾਕਾ
ਮਨਪ੍ਰੀਤ ਬਾਦਲ ਦੇ ਚੋਣ ਦਫਤਰ ‘ਤੇ ਫਾਇਰਿੰਗ
ਬਠਿੰਡਾ : ਜਨਤਾ ਨਗਰ ਦੀ ਗਲੀ ਨੰਬਰ 2 ਵਿਚ ਸੋਮਵਾਰ ਰਾਤ ਨੂੰ ਅਣਪਛਾਤੇ ਵਿਅਕਤੀਆਂ ਨੇ ਕਾਂਗਰਸੀ ਉਮੀਦਵਾਰ ਮਨਪ੍ਰੀਤ ਸਿੰਘ ਬਾਦਲ ਦੇ ਚੋਣ ਦਫਤਰ ਦੇ ਬਾਹਰ ਫਾਇਰਿੰਗ ਅਤੇ ਪਥਰਾਅ ਕੀਤਾ। ਕਾਂਗਰਸੀ ਉਮੀਦਵਾਰ ਮਨਪ੍ਰੀਤ ਸਿੰਘ ਬਾਦਲ ਨੇ ਇਸ ਵਾਰਦਾਤ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਸਾਜਿਸ਼ ਕਰਾਰ ਦਿੰਦੇ ਹੋਏ ਚੋਣ ਕਮਿਸ਼ਨ ਨੂੰ ਇਸ ਦੀ ਲਿਖਤੀ ਸ਼ਿਕਾਇਤ ਭੇਜੀ ਹੈ। ਬਠਿੰਡਾ ਸ਼ਹਿਰੀ ਤੋਂ ਕਾਂਗਰਸ ਉਮੀਦਵਾਰ ਮਨਪ੍ਰੀਤ ਸਿੰਘ ਬਾਦਲ ਨੇ ਸ਼ਿਕਾਇਤ ‘ਚ ਦੱਸਿਆ ਕਿ ਸੋਮਵਾਰ ਰਾਤ ਲਗਭਗ ਢਾਈ ਵਜੇ ਅਣਪਛਾਤੇ ਵਿਅਕਤੀਆਂ ਨੇ ਕਾਂਗਰਸ ਪਾਰਟੀ ਦੇ ਦਫਤਰ ਦੇ ਬਾਹਰ ਆ ਕੇ ਜੰਮ ਕੇ ਪਥਰਾਅ ਕਰਦੇ ਹੋਏ ਗੋਲੀਆਂ ਚਲਾਈਆਂ।

ਧਮਾਕੇ ਵਿਚ ਸੁਖਬੀਰ ਬਾਦਲ ਦੀ ਭੂਮਿਕਾ ਦੀ ਜਾਂਚ ਹੋਵੇ ਤੇ ਪੰਜਾਬ ਚੋਣਾਂ ਸ਼ਾਂਤੀ ਨਾਲ ਨੇਪਰੇ ਚੜ੍ਹ ਸਕਣ ਇਸ ਦੇ ਲਈ ਸੁਖਬੀਰ ਬਾਦਲ ਦੀ ਗ੍ਰਿਫ਼ਤਾਰੀ ਜ਼ਰੂਰੀ।
-ਅਰਵਿੰਦ ਕੇਜਰੀਵਾਲ
ਜਦੋਂ ਦੀ ‘ਆਪ’ ਪੰਜਾਬ ‘ਚ ਆਈ ਹੈ ਤਦ ਤੋਂ ਹੀ ਬੇਅਦਬੀ ਵਰਗੀਆਂ ਘਟਨਾਵਾਂ ਅਤੇ ਇਹ ਅੱਤਵਾਦੀ ਹਮਲੇ ਸ਼ੁਰੂ ਹੋਏ ਹਨ। ਲੋਕ ਇਨ੍ਹਾਂ ਤੋਂ ਸੁਚੇਤ ਰਹਿਣ।
-ਸੁਖਬੀਰ ਬਾਦਲ
ਇਸ ਹਮਲੇ ਪਿੱਛੇ ਅਰਵਿੰਦ ਕੇਜਰੀਵਾਲ ਅਤੇ ਖਾਲਿਸਤਾਨ ਕਮਾਂਡੋ ਫੋਰਸ ਦਾ ਹੱਥ ਹੈ। ਇਹ ਆਪਸ ਵਿਚ ਮਿਲ ਕੇ ਪੰਜਾਬ ਦਾ ਮਾਹੌਲ ਖ਼ਰਾਬ ਕਰਨਾ ਚਾਹੁੰਦੇ ਹਨ।
-ਕੈਪਟਨ ਅਮਰਿੰਦਰ

Check Also

ਕਾਂਗਰਸੀ ਆਗੂ ਨੇ ਪ੍ਰਧਾਨ ਮੰਤਰੀ ਦੀਆਂ ਗੱਲਾਂ ਹੁਣ ਹਲਕੀਆਂ ਲੱਗਣ ਦਾ ਕੀਤਾ ਦਾਅਵਾ

ਜੈਪੁਰ : ਕਾਂਗਰਸੀ ਆਗੂ ਪ੍ਰਿਅੰਕਾ ਗਾਂਧੀ ਵਾਡਰਾ ਨੇ ਆਰੋਪ ਲਾਇਆ ਕਿ ਭਾਜਪਾ ਦੇਸ਼ ਵਿੱਚ ਸੰਵਿਧਾਨ …