ਸੈਕਰਾਮੈਂਟੋ/ਹੁਸਨ ਲੜੋਆ ਬੰਗਾ : ਅਮਰੀਕਾ ਦੇ ਉੱਘੇ ਸਿੱਖ ਆਗੂ ਅਤੇ ‘ਪੀਚ ਕਿੰਗ’ ਦੇ ਨਾਂਅ ਨਾਲ ਵਿਸ਼ਵ ਭਰ ਵਿਚ ਪ੍ਰਸਿੱਧ ਦੀਦਾਰ ਸਿੰਘ ਬੈਂਸ ਲੰਮੀ ਬਿਮਾਰੀ ਤੋਂ ਬਾਅਦ ਅਕਾਲ ਪੁਰਖ ਦੇ ਚਰਨਾਂ ‘ਚ ਜਾ ਬਿਰਾਜੇ ਹਨ। ਉਹ ਪੰਜਾਬ ਤੋਂ ਹੁਸ਼ਿਆਰਪੁਰ ਜ਼ਿਲ੍ਹੇ ਦੇ ਮਾਹਿਲਪੁਰ ਇਲਾਕੇ ਦੇ ਪਿੰਡ ਨੰਗਲ ਖੁਰਦ ਦੇ ਜੰਮਪਲ ਸਨ। ਉਹ 84 ਵਰ੍ਹਿਆਂ ਦੇ ਸਨ। ਉਨ੍ਹਾਂ ਦਾ ਜਨਮ 1938 ਵਿਚ ਹੋਇਆ ਤੇ 18 ਸਾਲ ਦੀ ਛੋਟੀ ਉਮਰ ਵਿਚ ਹੀ ਰੋਜ਼ਗਾਰ ਦੀ ਭਾਲ ਵਿਚ ਅਮਰੀਕਾ ਪਹੁੰਚ ਗਏ, ਜਿਥੇ ਉਨ੍ਹਾਂ ਨੇ ਦਿਨ-ਰਾਤ ਸਖ਼ਤ ਮਿਹਨਤ ਕੀਤੀ ਤੇ ਦੁਨੀਆ ਦੇ ਵੱਡੇ ਕਿਸਾਨਾਂ ਵਿਚ ਸ਼ਾਮਲ ਹੋ ਗਏ। ਉਨ੍ਹਾਂ ਨੇ ਇਸ ਦੇ ਨਾਲ ਹੀ ਸਿੱਖ ਧਰਮ ਦਾ ਵੀ ਪ੍ਰਚਾਰ ਕੀਤਾ। ਉਹ ਆਪਣੇ ਪਿੱਛੇ ਪਤਨੀ, ਬੇਟਾ ਅਜੀਤ ਸਿੰਘ ਬੈਂਸ, ਬੇਟੀ ਦਲਜੀਤ ਕੌਰ, ਬੇਟਾ ਕਰਮਦੀਪ ਸਿੰਘ ਬੈਂਸ, ਸਟਰ ਕਾਊਂਟੀ ਸੁਪਰਵਾਈਜ਼ਰ ਅਤੇ ਆਪਣੇ ਵੱਡੇ ਭਰਾ ਦਿਲਬਾਗ ਸਿੰਘ ਬੈਂਸ ਤੇ ਜਸਵੰਤ ਸਿੰਘ ਬੈਂਸ ਨੂੰ ਛੱਡ ਗਏ।
ਦੀਦਾਰ ਸਿੰਘ ਬੈਂਸ ਯੂਬਾ ਸਿਟੀ ਸਥਿਤ ਗੁਰਦੁਆਰਾ ਟਾਇਰਾ ਬਿਓਨਾ ਦੇ ਬਾਨੀ ਸਨ ਤੇ ਸਭ ਤੋਂ ਪਹਿਲਾਂ ਉਨ੍ਹਾਂ ਨੇ ਇਥੋਂ ਹੀ ਵਿਦੇਸ਼ਾਂ ‘ਚ ਨਗਰ ਕੀਰਤਨ ਸਜਾਏ ਜਾਣ ਦੀ ਰਵਾਇਤ ਚਲਾਈ ਸੀ। ਕਈ ਸਿੱਖ ਸੰਸਥਾਵਾਂ ਦੇ ਸਰਪ੍ਰਸਤ ਸ. ਬੈਂਸ ਨੇ ਸਾਰੀ ਜ਼ਿੰਦਗੀ ਸਿੱਖੀ ਦੀ ਚੜ੍ਹਦੀ ਕਲਾ ਲਈ ਕੰਮ ਕੀਤਾ ਅਤੇ ਕਈ ਸੰਸਥਾਵਾਂ ‘ਚ ਰਹੇ। ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਉਨ੍ਹਾਂ ਨੂੰ ਪੰਥ ਰਤਨ ਤੇ ਭਾਈ ਸਾਹਿਬ ਦਾ ਖ਼ਿਤਾਬ ਦਿੱਤਾ ਗਿਆ ਸੀ। ਉਨ੍ਹਾਂ ਨੂੰ ਨਾਨਕਸਰ ਸੰਪਰਦਾ ਵਲੋਂ ਰਾਜ ਯੋਗੀ ਦਾ ਖ਼ਿਤਾਬ ਵੀ ਦਿੱਤਾ ਗਿਆ ਸੀ। ਸੰਤ ਲਾਭ ਸਿੰਘ ਵਲੋਂ ਆਰੰਭੇ ਗਰੀਬ ਕੁੜੀਆਂ ਦੇ ਵਿਆਹਾਂ ਦੌਰਾਨ ਉਨ੍ਹਾਂ ਨੇ ਵੱਖ-ਵੱਖ ਸਮੇਂ ਸੈਂਕੜੇ ਗਰੀਬ ਕੁੜੀਆਂ ਦੇ ਵਿਆਹ ਕਰਵਾਏ। ਉਨ੍ਹਾਂ ਵਲੋਂ ਯੂਬਾ ਸਿਟੀ ‘ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ 14 ਏਕੜ ਜ਼ਮੀਨ ਦਾਨ ਦਿੱਤੀ ਗਈ ਸੀ। ਆਪਣੇ ਜੀਵਨ ਕਾਲ ਦੌਰਾਨ ਉਹ ਵਰਲਡ ਸਿੱਖ ਆਰਗੇਨਾਈਜ਼ੇਸ਼ਨ ਦੇ ਪ੍ਰਧਾਨ ਰਹੇ।
ਦੀਦਾਰ ਸਿੰਘ ਬੈਂਸ ਅਮਰੀਕਾ ਤੇ ਕੈਨੇਡਾ ਦੇ ਹੋਰ ਵੱਖ-ਵੱਖ ਗੁਰਦੁਆਰਿਆਂ ਲਈ ਵੀ ਲੱਖਾਂ ਡਾਲਰ ਦਾਨ ਕਰਦੇ ਰਹੇ। ਸਥਾਨਕ ਸਰਕਾਰਾਂ ‘ਚ ਅਫਸਰ ਲਾਬੀ ਤੇ ਕਾਂਗਰਸਮੈਨ ਤੇ ਸੈਨੇਟਰ ਦੀਦਾਰ ਸਿੰਘ ਬੈਂਸ ਦਾ ਬਹੁਤ ਸਤਿਕਾਰ ਕਰਦੇ ਸਨ। ਇਕ ਸਮੇਂ ਉਹ ਪ੍ਰੈਜ਼ੀਡੈਂਸ਼ੀਅਲ ਰਾਊਂਡ ਟੇਬਲ ਦੇ ਮੈਂਬਰ ਵੀ ਰਹੇ। ਇਸ ਦੇ ਨਾਲ-ਨਾਲ ਉਹ ਆਪਣੇ ਮਾਹਿਲਪੁਰ ਇਲਾਕੇ ਨਾਲ ਵੀ ਹਮੇਸ਼ਾ ਜੁੜੇ ਰਹੇ ਤੇ ਮਾਹਿਲਪੁਰ ਇਲਾਕੇ ਦੀਆਂ ਸਮਾਜ ਸੇਵੀ ਸੰਸਥਾਵਾਂ ਦਾ ਸਹਿਯੋਗ ਕਰਦੇ ਰਹਿੰਦੇ ਸਨ। ਉਨ੍ਹਾਂ ਦੇ ਅਕਾਲ ਚਲਾਣੇ ਨਾਲ ਕੇਵਲ ਪਰਿਵਾਰ ਨੂੰ ਹੀ ਨਹੀਂ, ਸਗੋਂ ਸਮੁੱਚੇ ਸਿੱਖ ਸਮਾਜ ਨੂੰ ਵੱਡਾ ਘਾਟਾ ਪਿਆ ਹੈ। ਉਨ੍ਹਾਂ ਵਲੋਂ ਅਮਰੀਕਾ ਵਿਚ ਰਹਿ ਕੇ ਸਿੱਖੀ ਦੀ ਚੜ੍ਹਦੀ ਕਲਾ ਲਈ ਜੋ ਕਾਰਜ ਕੀਤੇ ਗਏ ਹਨ, ਉਹ ਹਮੇਸ਼ਾ ਯਾਦ ਕੀਤੇ ਜਾਂਦੇ ਰਹਿਣਗੇ। ਵਿਸ਼ਵ ਭਰ ਵਿਚ ਵੱਖ-ਵੱਖ ਸਿਆਸੀ, ਸਮਾਜਿਕ ਅਤੇ ਧਾਰਮਿਕ ਸ਼ਖ਼ਸੀਅਤਾਂ ਵਲੋਂ ਉਨ੍ਹਾਂ ਦੇ ਅਕਾਲ ਚਲਾਣੇ ‘ਤੇ ਦੁੱਖ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ।
ਧਾਮੀ ਤੇ ਹੋਰਨਾਂ ਵਲੋਂ ਦੁੱਖ ਦਾ ਪ੍ਰਗਟਾਵਾ
ਅੰਮ੍ਰਿਤਸਰ : ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਅਮਰੀਕਾ ਦੇ ਨਾਮਵਰ ਸਿੱਖ ਆਗੂ ਦੀਦਾਰ ਸਿੰਘ ਬੈਂਸ ਦੇ ਅਕਾਲ ਚਲਾਣੇ ‘ਤੇ ਅਫ਼ਸੋਸ ਪ੍ਰਗਟ ਕਰਦਿਆਂ ਆਖਿਆ ਕਿ ਖੇਤੀਬਾੜੀ ਖ਼ੇਤਰ ‘ਚ ਅਮਰੀਕਾ ਅੰਦਰ ਹੇਠਲੇ ਪੱਧਰ ਤੋਂ ਸ਼ੁਰੂਆਤ ਕਰਕੇ ਗੁਰਮਤਿ ਦੇ ਕਿਰਤ ਸਿਧਾਂਤ ‘ਤੇ ਪਹਿਰਾ ਦਿੰਦਿਆਂ ਸ. ਬੈਂਸ ਨੇ ਵੱਡੀਆਂ ਪ੍ਰਾਪਤੀਆਂ ਕੀਤੀਆਂ। ਉਹ ਹਮੇਸ਼ਾ ਹੀ ਸਿੱਖੀ ਪ੍ਰਚਾਰ ਲਈ ਤਤਪਰ ਰਹਿੰਦੇ ਸਨ ਤੇ ਗੁਰਸਿੱਖੀ ਜੀਵਨ ‘ਚ ਵਿਚਰਦਿਆਂ ਅਮਰੀਕਾ ਦੇ ਅਹਿਮ ਲੋਕਾਂ ‘ਚ ਚੰਗਾ ਵੱਕਾਰ ਰੱਖਦੇ ਸਨ। ਅਜਿਹੀ ਸ਼ਖ਼ਸੀਅਤ ਦਾ ਸੰਸਾਰ ਤੋਂ ਤੁਰ ਜਾਣਾ ਕੌਮ ਲਈ ਵੱਡਾ ਘਾਟਾ ਹੈ। ਉਨ੍ਹਾਂ ਸਵ: ਬੈਂਸ ਦੇ ਪਰਿਵਾਰਕ ਮੈਂਬਰਾਂ ਨਾਲ ਹਮਦਰਦੀ ਪ੍ਰਗਟ ਕੀਤੀ।