Breaking News
Home / ਹਫ਼ਤਾਵਾਰੀ ਫੇਰੀ / ਇਥੇ ਕਿਸੇ ਵੀ ਵਰਗ ਦੇ ਵਿਅਕਤੀ ਕਰ ਸਕਦੇ ਹਨ ਸਸਕਾਰ

ਇਥੇ ਕਿਸੇ ਵੀ ਵਰਗ ਦੇ ਵਿਅਕਤੀ ਕਰ ਸਕਦੇ ਹਨ ਸਸਕਾਰ

ਸ਼ਮਸ਼ਾਨ ਘਾਟਾਂ ‘ਚੋਂ ਮਾਈਨਿੰਗ ਮਾਫੀਆ ਚੁੱਕ ਲੈਂਦਾ ਹੈ ਮਿੱਟੀ

ਚੰਡੀਗੜ੍ਹ : ਪਿੰਡ ਤੀੜਾ (ਮੋਹਾਲੀ) ‘ਚ ਅਨੁਸੂਚਿਤ ਜਾਤੀ ਨਾਲ ਸਬੰਧਤ ਭਾਈਚਾਰੇ ਦੇ ਸ਼ਮਸ਼ਾਨਘਾਟਾਂ ‘ਚ ਗ਼ੈਰ ਕਾਨੂੰਨੀ ਮਾਈਨਿੰਗ ਦੇ ਮਾਮਲੇ ‘ਚ ਐੱਸਸੀ, ਐੱਸਟੀ ਕਮਿਸ਼ਨ ਦੇ ਦਖ਼ਲ ਦਾ ਅਸਰ ਦਿਖਾਈ ਦੇਣ ਲੱਗਿਆ ਹੈ। ਪਿੰਡ ‘ਚ ਜਨਰਲ ਵਰਗ ਦੇ ਸ਼ਮਸ਼ਾਨਘਾਟ ‘ਚ ਹੁਣ ਐੱਸਸੀ ਵਰਗ ਦੇ ਲੋਕ ਵੀ ਸਸਕਾਰ ਕਰ ਸਕਣਗੇ। ਇਹ ਜਾਣਕਾਰੀ ਪੰਚਾਇਤ ਅਧਿਕਾਰੀਆਂ ਨੇ ਖ਼ੁਦ ਕਮਿਸ਼ਨ ਨੂੰ ਦਿੱਤੀ ਹੈ।

ਪਿਛਲੇ ਦਿਨੀਂ ‘ਸ਼ਮਸ਼ਾਨਘਾਟ ‘ਚ ਬਲਦੀਆਂ ਚਿਖਾਵਾ ‘ਤੇ ਵੀ ਚਲਾਇਆ ਪੰਜਾ’ ਸਿਰਲੇਖ ਹੇਠ ਇਕ ਪੰਜਾਬੀ ਅਖਬਾਰ ‘ਚ ਰਿਪੋਰਟ ਪ੍ਰਕਾਸ਼ਿਤ ਹੋਈ ਸੀ। ਇਸ ‘ਚ ਦੱਸਿਆ ਗਿਆ ਸੀ ਪਿੰਡ ‘ਚ ਜਨਰਲ ਵਰਗ ਦੇ ਲੋਕਾਂ ਵੱਲੋਂ ਆਪਣੇ ਸ਼ਮਸ਼ਾਨਘਾਟਾਂ ‘ਚ ਐੱਸਸੀ ਭਾਈਚਾਰੇ ਦੇ ਲੋਕਾਂ ਨੂੰ ਸਸਕਾਰ ਨਹੀਂ ਕਰਨ ਦਿੱਤਾ ਜਾਂਦਾ। ਉਨ੍ਹਾਂ ਨੇ ਆਪਣੇ ਲਈ ਜਿਹੜੇ ਸ਼ਮਸ਼ਾਨਘਾਟ ਬਣਾਏ ਹਨ ਉਨ੍ਹਾਂ ਦੀ ਹਾਲਤ ਮਾਈਨਿੰਗ ਮਾਫ਼ੀਆ ਨੇ ਖ਼ਰਾਬ ਕੀਤੀ ਹੋਈ ਹੈ। ਲੋਕਾਂ ਨੂੰ ਮਜਬੂਰ ਹੋ ਕੇ ਹੱਡਾਰੋੜੀ ਨੇੜੇ ਸਸਕਾਰ ਕਰਨਾ ਪੈਂਦਾ ਸੀ। ਮਾਈਨਿੰਗ ਮਾਫੀਆ ਸ਼ਮਸ਼ਾਨਘਾਟਾਂ ਦੇ ਨਾਲ-ਨਾਲ ਹੱਡਾਰੋੜੀ ਦੀ ਮਿੱਟੀ ਵੀ ਚੁੱਕ ਲੈਂਦੇ ਹਨ। ਹਾਲਾਤ ਏਨੇ ਗ਼ੈਰਸੰਵੇਦਨਸ਼ੀਲ ਸਨ ਕਿ ਮਾਫੀਆ ਮਿੱਟੀ ‘ਚ ਸਿਵਿਆਂ ਦੀ ਰਾਖ ਤੇ ਬਲਦੀਆਂ ਚਿਖਾਵਾਂ ਤੱਕ ਨਾਲ ਚੁੱਕ ਲੈਂਦਾ ਹੈ। ਬਹੁਤੇ ਪਰਿਵਾਰਾਂ ਨੂੰ ਆਪਣੇ ਵਿੱਛੜ ਚੁੱਕੇ ਜੀਅ ਦੀਆਂ ਅਸਥੀਆਂ ਚੁਗਣ ਦਾ ਵੀ ਮੌਕਾ ਨਹੀਂ ਮਿਲਦਾ। ਪਿੰਡ ਦੇ ਐੱਸਸੀ ਭਾਈਚਾਰੇ ਨੇ ਇਸ ਦੀ ਸ਼ਿਕਾਇਤ ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਨੂੰ ਕੀਤੀ ਸੀ। ਕਮਿਸ਼ਨ ਨੇ ਮੌਕੇ ਦਾ ਮੁਆਇਨਾ ਕੀਤਾ ਤੇ ਸਬੰਧਤ ਪੰਚਾਇਤ ਤੇ ਪੰਚਾਇਤ ਅਧਿਕਾਰੀਆਂ ਨੂੰ ਇਸ ਮਸਲੇ ਦਾ ਛੇਤੀ ਹੱਲ ਕਰ ਕੇ ਰਿਪੋਰਟ ਪੇਸ਼ ਕਰਨ ਦਾ ਹੁਕਮ ਦਿੱਤਾ ਸੀ। ਹੁਣ ਬਲਾਕ ਵਿਕਾਸ ਤੇ ਪੰਚਾਇਤ ਅਧਿਕਾਰੀ ਨਿਧੀ ਸਿਨਹਾ ਤੇ ਪੰਚਾਇਤ ਅਫ਼ਸਰ ਸੁਰਿੰਦਰ ਪਾਲ ਸਿੰਘ ਨੇ ਕਮਿਸ਼ਨ ਕੋਲ ਇਸ ਸਬੰਧੀ ਰਿਪੋਰਟ ਪੇਸ਼ ਕਰ ਕੇ ਜਾਣਕਾਰੀ ਦਿੱਤੀ ਹੈ ਕਿ ਗ੍ਰਾਮ ਪੰਚਾਇਤ ਤੀੜਾ ਨੇ ਜਨਰਲ ਵਰਗ ਨਾਲ ਸਬੰਧਤ ਸ਼ਮਸ਼ਾਨਘਾਟਾਂ ਦੇ ਦਰਵਾਜ਼ੇ ਐੱਸਸੀ ਭਾਈਚਾਰੇ ਲਈ ਵੀ ਖੋਲ੍ਹ ਦਿੱਤੇ। ਦੋ ਸ਼ਮਸ਼ਾਨਘਾਟ (ਪੋਲਟਰੀ ਫਾਰਮ ਤੇ ਮਾਤਾ ਦੇ ਥਾਨਾਂ ਨੇੜੇ) ‘ਤੇ ਬੋਰਡ ਲਗਾ ਦਿੱਤੇ ਹਨ ਕਿ ਕਿਸੇ ਵੀ ਵਰਗ ਨਾਲ ਸਬੰਧਤ ਵਿਅਕਤੀ ਆਪਣੇ ਸਗੇ ਸਬੰਧੀ ਦਾ ਸਸਕਾਰ ਇੱਥੇ ਕਰ ਸਕਦਾ ਹੈ।

ਉਧਰ ਕਮਿਸ਼ਨ ਦੀ ਮੈਂਬਰ ਪਰਮਜੀਤ ਕੌਰ ਮੁਤਾਬਕ ਅਧਿਕਾਰੀਆਂ ਨੇ ਦੱਸਿਆ ਹੈ ਕਿ ਨਾਜਾਇਜ ਮਾਈਨਿੰਗ ਕਰਨ ਵਾਲਿਆਂ ਖ਼ਿਲਾਫ਼ ਕੇਸ ਦਰਜ ਕਰ ਲਏ ਗਏ ਹਨ। ਇਸ ਤੋਂ ਇਲਾਵਾ ਹੱਡਾਰੋੜੀ ਦੇ ਆਲੇ ਦੁਆਲੇ ਕੰਡਿਆਲੀ ਤਾਰ ਲਗਾ ਦਿੱਤੀ ਗਈ ਹੈ ਤੇ ਉੱਥੇ ਸਸਕਾਰ ਕਰਨ ‘ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਪਰਮਜੀਤ ਕੌਰ ਨੇ ਦੱਸਿਆ ਕਿ ਕਮਿਸ਼ਨ ਨੇ ਪ੍ਰਸ਼ਾਸਨ ਤੇ ਪੰਚਾਇਤ ਦੀ ਕਾਰਵਾਈ ਤੋਂ ਬਾਅਦ ਸ਼ਿਕਾਇਤ ਦਾਖ਼ਲ ਕਰ ਲਈ ਹੈ।

Check Also

ਲਿਬਰਲ ਪਾਰਟੀ ਵੱਲੋਂ ਪੇਸ਼ ਕੀਤੇ ਗਏ ਬਜਟ ਤੋਂ ਬਹੁਤੇ ਕੈਨੇਡਾ ਵਾਸੀ ਨਾ ਖੁਸ਼

ਓਟਵਾ/ਬਿਊਰੋ ਨਿਊਜ਼ : ਇੱਕ ਨਵੇਂ ਸਰਵੇਖਣ ਤੋਂ ਸਾਹਮਣੇ ਆਇਆ ਹੈ ਕਿ ਲਿਬਰਲਾਂ ਵੱਲੋਂ ਪੇਸ਼ ਕੀਤੇ …