ਬਰੈਂਪਟਨ/ਬਿਊਰੋ ਨਿਊਜ਼ : ਲੰਘੀ 28 ਅਗਸਤ ਦੀ ਰਾਤ ਨੂੰ ਬਰੈਂਪਟਨ ਵਿਚ ਮੈਕਲੌਗਲਿਨ ਅਤੇ ਸਟੀਲਜ਼ ਦੇ ਨੇੜੇ ਪੈਂਦੇ ਸ਼ੈਰੇਡਨ ਕਾਲਜ ਦੇ ਸਾਹਮਣੇ ਸਥਿਤ ਕਾਲਜ ਪਲਾਜ਼ੇ ਵਿਚ ਹੋਈ ਖੂਨੀ ਝੜਪ ਦੇ ਮਾਮਲੇ ਵਿਚ ਇਕ ਵਿਅਕਤੀ ਨੂੰ ਪੀਲ ਪੁਲਿਸ ਨੇ ਹਿਰਾਸਤ ਵਿਚ ਲੈ ਲਿਆ ਹੈ ਜਦਕਿ ਦੂਜੇ ਖਿਲਾਫ਼ ਵਾਰੰਟ ਜਾਰੀ ਕਰ ਦਿੱਤੇ ਗਏ ਹਨ। ਜ਼ਿਕਰਯੋਗ ਹੈ ਕਿ ਇਸ ਲੜਾਈ ਵਿਚ ਤਲਵਾਰਾਂ ਦਾ ਇਸਤੇਮਾਲ ਵੀ ਕੀਤਾ ਗਿਆ ਸੀ ਅਤੇ ਇਸ ਦੀ ਵੀਡੀਓ ਸੰਸਾਰ ਭਰ ਵਿਚ ਵਾਇਰਲ ਹੋਈ ਸੀ। ਲੰਘੀ 12 ਸਤੰਬਰ ਨੂੰ ਪੁਲਿਸ ਨੇ ਵੁੱਡਸਟੌਕ ਵਾਸੀ 25 ਸਾਲਾ ਹਰਜੋਤ ਸਿੰਘ ਨੂੰ ਗ੍ਰਿਫਤਾਰ ਕਰਕੇ ਅਸਾਲਟ ਵਿਦ ਵੈਪਨ ਦੇ ਕੇਸ ਵਿਚ ਚਾਰਜ ਕਰ ਲਿਆ। ਜਿਸ ਨੂੰ ਹੁਣ 2 ਨਵੰਬਰ ਨੂੰ ਅਦਾਲਤ ਵਿਚ ਪੇਸ਼ ਹੋਣ ਦੇ ਹੁਕਮ ਦਿੱਤੇ ਗਏ ਹਨ। ਇਸੇ ਤਰ੍ਹਾਂ ਇਸ ਕੇਸ ਵਿਚ ਨਿਆਗਰਾ ਫਾਲਜ਼ ਦੇ 24 ਸਾਲਾ ਮਨਸ਼ਰਨ ਸਿੰਘ ਮੱਲ੍ਹੀ ਦੇ ਖਿਲਾਫ਼ ਵੀ ਅਸਾਲਟ ਦਾ ਕੇਸ ਦਰਜ ਕੀਤਾ ਗਿਆ ਹੈ, ਜਿਸ ਦੇ ਖਿਲਾਫ਼ ਵੀ ਵਾਰੰਟ ਜਾਰੀ ਕਰ ਦਿੱਤੇ ਗਏ ਹਨ। ਪੀਲ ਪੁਲਿਸ ਦੀ ਅਪੀਲ ਹੈ ਕਿ ਜੇਕਰ ਕਿਸੇ ਕੋਲ ਇਸ ਸਬੰਧ ਵਿਚ ਕੋਈ ਵੀ ਜਾਣਕਾਰੀ ਹੋਵੇ ਤਾਂ ਉਹ ਪੀਲ ਪੁਲਿਸ ਦੇ ਫੋਨ ਨੰਬਰ 905-453-3311 ਐਕਸਟੈਂਨਸ਼ਨ 2233 ‘ਤੇ ਵੀ ਸੰਪਰਕ ਕਰ ਸਕਦਾ ਹੈ।