ਅਕਾਲੀ ਦਲ ਦੀ ਹਦਾਇਤ ‘ਤੇ ਸ਼੍ਰੋਮਣੀ ਕਮੇਟੀ ਸਮਝੌਤੇ ਲਈ ਹੋਈ ਸਰਗਰਮ
ਗੈਰ ਸਿਆਸੀ ਧਾਰਮਿਕ ਸਖ਼ਸ਼ੀਅਤਾਂ ਹੋਣਗੀਆਂ ਸੁਲਾਹ ਕਮੇਟੀ ‘ਚ ਸ਼ਾਮਲ
ਅੰਮ੍ਰਿਤਸਰ/ਬਿਊਰੋ ਨਿਊਜ਼
ਸੰਤ ਰਣਜੀਤ ਸਿੰਘ ਢੱਡਰੀਆਂ ਵਾਲੇ ਅਤੇ ਬਾਬਾ ਹਰਨਾਮ ਸਿੰਘ ਧੁੰਮਾ ਵਿਚ ਹਮਲੇ ਤੋਂ ਪਹਿਲਾਂ ਅਤੇ ਹਮਲੇ ਤੋਂ ਬਾਅਦ ਜ਼ਿਆਦਾ ਭਖੀ ਸ਼ਬਦੀ ਜੰਗ ਨੂੰ ਨਿਬੇੜ ਕੇ ਸਮਝੌਤੇ ਕਰਵਾਉਣ ਲਈ ਸ਼੍ਰੋਮਣੀ ਕਮੇਟੀ ਨੇ ਇਕ ‘ਸੁਲਾਹ ਕਮੇਟੀ’ ਬਣਾਉਣ ਦਾ ਫੈਸਲਾ ਲਿਆ ਹੈ। ਜ਼ਿਕਰਯੋਗ ਹੈ ਕਿ ਇਸ ਮਾਮਲੇ ਦੇ ਭਖਣ ਤੋਂ ਬਾਅਦ ਅਕਾਲੀ ਦਲ ਨੇ ਉਚੇਚੇ ਤੌਰ ‘ਤੇ ਸ਼੍ਰੋਮਣੀ ਕਮੇਟੀ ਖਾਸ ਕਰਕੇ ਪ੍ਰਧਾਨ ਅਵਤਾਰ ਸਿੰਘ ਮੱਕੜ ਨੂੰ ਅਪੀਲ ਕੀਤੀ ਸੀ ਕਿ ਉਹ ਜਿਵੇਂ ਮਰਜ਼ੀ ਕਰਨ ਦੋਵਾਂ ਧਿਰਾਂ ‘ਚ ਸਮਝੌਤਾ ਕਰਵਾਉਣ, ਜਿਸ ਤੋਂ ਬਾਅਦ ਸ਼੍ਰੋਮਣੀ ਕਮੇਟੀ ਸਮਝੌਤੇ ਲਈ ਸਰਗਰਮ ਹੋ ਗਈ।
ਗੁਰਦੁਆਰਾ ਪਰਮੇਸ਼ਵਰ ਦੁਆਰ ਦੇ ਮੁੱਖ ਸੇਵਾਦਾਰ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਾ ‘ਤੇ ਲੰਘੇ ਦਿਨੀਂ ਹੋਏ ਕਾਤਲਾਨਾ ਹਮਲੇ ਵਿਚ ਸ਼ੱਕ ਦੀ ਸੂਈ ਦਮਦਮੀ ਟਕਸਾਲ ਜਥਾ ਭਿੰਡਰਾਂ ਮਹਿਤਾ ਖਿਲਾਫ਼ ਉੱਠਣ ਮਗਰੋਂ ਦੋਵਾਂ ਧਿਰਾਂ ਵਿਚ ਤਲਖ ਸ਼ਬਦੀ ਵਿਵਾਦ ਚੱਲ ਰਹੇ ਹਨ, ਜਿਸ ਦੇ ਹੱਲ ਲਈ ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਵੱਲੋਂ ਵਿਸ਼ੇਸ਼ ਇਕੱਤਰਤਾ ਦੌਰਾਨ ਸੁਲਾਹ-ਸਫ਼ਾਈ ਹਿੱਤ ਨਿਰਪੱਖ ਪੰਥਕ ਸ਼ਖ਼ਸੀਅਤਾਂ ਦੀ ਇਕ ਸਮਝੌਤਾ ਕਮੇਟੀ ਗਠਿਤ ਕਰਨ ਦਾ ਫ਼ੈਸਲਾ ਲਿਆ ਹੈ। ਅੰਤ੍ਰਿੰਗ ਕਮੇਟੀ ਦੀ ਮੀਟਿੰਗ ਉਪਰੰਤ ਪ੍ਰਧਾਨ ਸ਼੍ਰੋਮਣੀ ਕਮੇਟੀ ਜਥੇ: ਅਵਤਾਰ ਸਿੰਘ ਨੇ ਦੱਸਿਆ ਕਿ ਦੋਵਾਂ ਧਿਰਾਂ ਵਿਚ ਸੁਰਖ ਹੋਏ ਵਿਵਾਦ ਕਾਰਨ ਪੰਥਕ ਧਾਰਨਾਵਾਂ ਦਾ ਵੱਡਾ ਨੁਕਸਾਨ ਹੋ ਰਿਹਾ ਹੈ, ਜਿਸ ਨੂੰ ਰੋਕਿਆ ਜਾਣਾ ਸਮੇਂ ਦੀ ઠਮੁੱਖ ਲੋੜ ਹੈ।
ਉਨ੍ਹਾਂ ਜਿਥੇ ਦੋਵਾਂ ਧਿਰਾਂ ਨੂੰ ਆਪਣੀ ਬਿਆਨਬਾਜ਼ੀ ‘ਤੇ ਸੰਜਮ ਰੱਖਣ ਦੀ ਸਲਾਹ ਦਿੱਤੀ, ਉਥੇ ਆਪਸੀ ਸਮਝੌਤੇ ਲਈ ਕਮੇਟੀ ਗਠਿਤ ਕਰਨ ਦਾ ਐਲਾਨ ਕੀਤਾ। ਉਨ੍ਹਾਂ ਦੱਸਿਆ ਕਿ ਇਸ ਕਮੇਟੀ ਵਿਚ ਨਿਰਪੱਖ ਅਤੇ ਬੇਦਾਗ਼ ਸਿੱਖ ਸ਼ਖ਼ਸੀਅਤਾਂ ਨੂੰ ਸ਼ਾਮਿਲ ਕੀਤਾ ਜਾਵੇਗਾ, ਜੋ ਦੋਵਾਂ ਧਿਰਾਂ ਨੂੰ ਪੰਥ ਦੇ ਭਲੇ ਲਈ ਹਲੀਮੀ ਨਾਲ ਸੁਲਾਹ ਕਰਨ ਹਿੱਤ ਪ੍ਰੇਰਿਤ ਕਰਨਗੀਆਂ। ਪ੍ਰਧਾਨ ਸ਼੍ਰੋਮਣੀ ਕਮੇਟੀ ਨੇ ਦੱਸਿਆ ਕਿ ਕਮੇਟੀ ਵਿਚ 5 ਤੋਂ 7 ਮੈਂਬਰ ਹੋਣਗੇ ਅਤੇ ਢੁੱਕਵੇਂ ਹੱਲ ਲਈ ਉਨ੍ਹਾਂ ਨੂੰ ਸੀਮਤ ਜਿਹੇ ਸਮੇਂ ਵਿਚ ਆਪਣੀ ਜ਼ਿੰਮੇਵਾਰੀ ਨਿਭਾਉਣ ਦੀ ਬੇਨਤੀ ਕੀਤੀ ਜਾਵੇਗੀ।
ਬੇਸ਼ੱਕ ਪ੍ਰਧਾਨ ਸ਼੍ਰੋਮਣੀ ਕਮੇਟੀ ਨੇ ਅਜੇ ਕਿਸੇ ਸਾਂਝੀ ਹਸਤੀ ਦਾ ਨਾਂ ਜ਼ਾਹਿਰ ਨਹੀਂ ਕੀਤਾ ਪਰ ਸੂਤਰਾਂ ਅਨੁਸਾਰ ਇਸ ਕਮੇਟੀ ਵਿਚ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਬਾਬਾ ਬਲਬੀਰ ਸਿੰਘ 96 ਕਰੋੜੀ, ਨਾਨਕਸਰ ਸੰਪਰਦਾ ਤੋਂ ਕੋਈ ਪ੍ਰਮੁੱਖ ਨੁਮਾਇੰਦਾ, ਇਕ ਸਾਬਕਾ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਆਦਿ ਸ਼ਾਮਿਲ ਕੀਤੇ ਜਾਣਗੇ, ਜਦਕਿ ਸ਼੍ਰੋਮਣੀ ਕਮੇਟੀ ਦਾ ਇਕ ਨੁਮਾਇੰਦਾ ਕੋਆਰਡੀਨੇਟਰ ਦੀ ਭੂਮਿਕਾ ਨਿਭਾਵੇਗਾ। ਜਾਣਕਾਰੀ ਅਨੁਸਾਰ ਇਸ ਕਮੇਟੀ ਵਿਚ ਕੋਈ ਵੀ ਸਿਆਸੀ ਹਸਤੀ ਸ਼ਾਮਿਲ ਨਹੀਂ ਹੋਵੇਗੀ ਅਤੇ ਨਿਰੋਲ ਧਾਰਮਿਕ ਸ਼ਖ਼ਸੀਅਤਾਂ ਆਪਣੇ ਪ੍ਰਭਾਵ ਦੀ ਵਰਤੋਂ ਕਰਨਗੀਆਂ।
ਪ੍ਰਧਾਨ ਸ਼੍ਰੋਮਣੀ ਕਮੇਟੀ ਵੱਲੋਂ ਟਕਸਾਲ ਮੁਖੀ ਨਾਲ ਗੁਪਤ ਬੈਠਕઠ: ਪ੍ਰਧਾਨ ਸ਼੍ਰੋਮਣੀ ਕਮੇਟੀ ਜਥੇ. ਅਵਤਾਰ ਸਿੰਘ ਨੇ ਟਕਸਾਲ ਮੁਖੀ ਬਾਬਾ ਹਰਨਾਮ ਸਿੰਘ ਨਾਲ ਗੁਪਤ ਬੈਠਕ ਕੀਤੀ। ਬੇਸ਼ੱਕ ਇਸ ਗੱਲਬਾਤ ਦਾ ਵੇਰਵਾ ਪੂਰੀ ਤਰ੍ਹਾਂ ਸਪੱਸ਼ਟ ਨਹੀਂ ਹੋ ਸਕਿਆ ਪਰ ਟਕਸਾਲ ਮੁਖੀ ਬਾਬਾ ਹਰਨਾਮ ਸਿੰਘ ਨੇ ਦੱਸਿਆ ਕਿ ਉਹ ਸਿੱਖਾਂ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਕਮੇਟੀ ਦਾ ਸਤਿਕਾਰ ਕਰਦੇ ਹਨ।
ਸੀਬੀਆਈ ਜਾਂਚ ਦੀ ਲੋੜ ਨਹੀਂ: ਬਾਦਲ
ਨੂਰਪੁਰ ਬੇਦੀ : ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਹੈ ਕਿ ਸੰਤ ਰਣਜੀਤ ਸਿੰਘ ਢੱਡਰੀਆਂਵਾਲੇ ‘ਤੇ ਹੋਏ ਹਮਲੇ ਦੀ ਜਾਂਚ ਸੀਬੀਆਈ ਤੋਂ ਨਹੀਂ ਕਰਵਾਈ ਜਾਵੇਗੀ। ਪੰਜਾਬ ਪੁਲਿਸ ਦੇ ਉੱਚ ਅਧਿਕਾਰੀ ਇਸ ਕੇਸ ਦੀ ਬਾਰੀਕੀ ਨਾਲ ਪੜਤਾਲ ਕਰ ਰਹੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਹਮਲੇ ਵਿੱਚ ਸ਼ਾਮਲ ਕਈ ਦੋਸ਼ੀਆਂ ਨੂੰ ਫੜ ਲਿਆ ਗਿਆ ਹੈ ਤੇ ਇਸ ਮਾਮਲੇ ਵਿੱਚ ਕੋਈ ਢਿੱਲਮੱਠ ਨਹੀਂ ਵਰਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜਦੋਂ ਪੁਲਿਸ ਕੇਸ ਦੀ ਸਹੀ ਪੜਤਾਲ ਕਰ ਰਹੀ ਹੈ ਤਾਂ ਸੀਬੀਆਈ ਜਾਂਚ ਦੀ ਕੋਈ ਤੁਕ ਨਹੀਂ ਬਣਦੀ।
ਸੀਬੀਆਈ ਜਾਂਚ ਹੋਵੇ : ਅਮਰਿੰਦਰ
ਜਲੰਧਰ : ਪੰਜਾਬ ਕਾਂਗਰਸ ਦੇ ਪ੍ਰਧਾਨ ਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਕਹਿਣਾ ਹੈ ਕਿ ਸੰਤ ਢੱਡਰੀਆਂ ਵਾਲੇ ‘ਤੇ ਹਮਲੇ ਦੀ ਜਾਂਚ ਸੀਬੀਆਈ ਤੋਂ ਹੀ ਕਰਵਾਈ ਜਾਣੀ ਚਾਹੀਦੀ ਹੈ। ਬਾਦਲ ਜਾਣ ਬੁੱਝ ਕੇ ਬਚ ਰਹੇ ਹਨ।
ਮੱਕੜ ਨੇ ਵੀ ਕੀਤੀ ਢੱਡਰੀਆਂ ਵਾਲਿਆਂ ਨਾਲ ਮੁਲਾਕਾਤ, ਧੁੰਮਾ ਦੇ ਸਵਾਲ ‘ਤੇ ਕਿਹਾ ਪ੍ਰਤੱਖ ਨੂੰ ਪ੍ਰਮਾਣ ਦੀ ਕੀ ਲੋੜ
ਪਟਿਆਲਾ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਨੇ ਸੰਤ ਰਣਜੀਤ ਸਿੰਘ ਢੱਡਰੀਆਂ ਵਾਲੇ ਨੂੰ ਮਨਾਉਣ ਲਈ ਉਨ੍ਹਾਂ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਮੱਕੜ ਨੇ ਇਸ਼ਾਰੇ ਵਿੱਚ ਢੱਡਰੀਆਂ ਵਾਲੇ ‘ਤੇ ਹਮਲੇ ਬਾਰੇ ਅਹਿਮ ਖੁਲਾਸਾ ਕਰ ਹੀ ਦਿੱਤਾ। ਦਰਅਸਲ ਜਦੋਂ ਜਥੇਦਾਰ ਮੱਕੜ ਤੋਂ ਹਮਲੇ ਪਿੱਛੇ ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਧੁੰਮਾ ਦਾ ਹੱਥ ਹੋਣ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਹੱਸ ਕੇ ਆਖਿਆ ਕਿ ਪ੍ਰਤੱਖ ਨੂੰ ਪ੍ਰਮਾਣ ਦੀ ਕੀ ਲੋੜ ਐ? ਇਸ ਤਰ੍ਹਾਂ ਮੱਕੜ ਦੇ ਇਸ ਜਵਾਬ ਨੇ ਢੱਡਰੀਆਂ ਵਾਲੇ ਦੇ ਦਾਅਵੇ ‘ਤੇ ਮੋਹਰ ਲਾ ਦਿੱਤੀ ਹੈ। ਮੱਕੜ ਨੇ ਕਰੀਬ ਅੱਧਾ ਘੰਟਾ ਬੰਦ ਕਮਰੇ ਵਿੱਚ ਢੱਡਰੀਆਂ ਵਾਲੇ ਨਾਲ ਗੱਲਬਾਤ ਕਰਕੇ ਇਸ ਮਸਲੇ ਨੂੰ ਜਲਦ ਹੱਲ ਕਰਨ ਲਈ ਅਪੀਲ ਕੀਤੀ। ਪਤਾ ਲੱਗਾ ਹੈ ਕਿ ਢੱਡਰੀਆਂ ਵਾਲੇ ਵਾਰ-ਵਾਰ ਇਨਸਾਫ ਦੀ ਗੱਲ ਕਰਦੇ ਰਹੇ ਤੇ ਆਪਣੇ ਸਟੈਂਡ ‘ਤੇ ਅੜੇ ਰਹੇ। ਇਸ ਮੁਲਾਕਾਤ ਤੋਂ ਬਾਅਦ ਮੱਕੜ ਨੇ ਆਖਿਆ ਕਿ ਪੰਥਕ ਜਥੇਬੰਦੀ ਦਾ ਮੁਖੀ ਹੋਣ ਦੇ ਨਾਤੇ ਉਨ੍ਹਾਂ ਦਾ ਫਰਜ਼ ਹੈ ਕਿ ਦੋਵੇਂ ਧਿਰਾਂ ਵਿਚਕਾਰ ਵਧ ਰਹੇ ਤਣਾਅ ਨੂੰ ਦੂਰ ਕਰਕੇ ਮਸਲੇ ਦਾ ਜਲਦ ਤੋਂ ਜਲਦ ਹੱਲ ਕੀਤਾ ਜਾਵੇ। ਮੱਕੜ ਨੇ ਆਖਿਆ ਕਿ ਮਸਲੇ ਦੀ ਗੰਭੀਰਤਾ ਨੂੰ ਵੇਖਦਿਆਂ ਉਨ੍ਹਾਂ ਵੱਲੋਂ ਦੋਵਾਂ ਧਿਰਾਂ ਨਾਲ ਗੱਲਬਾਤ ਕੀਤੀ ਜਾ ਰਹੀ ਹੈ।
Check Also
ਇਕ ਉਹ ਸੀ, ਜਿਸ ਨੇ ਦੁਨੀਆ ਜਿੱਤੀ, ਇਕ ਇਹ ‘ਸਿਕੰਦਰ’ਸੀ, ਜਿਸ ਨੇ ਦਿਲ ਜਿੱਤੇ
ਮਸ਼ਹੂਰ ਪੰਜਾਬੀ ਗਾਇਕ ਸਰਦੂਲ ਸਿਕੰਦਰ ਦਾ 60 ਸਾਲ ਦੀ ਉਮਰ ਵਿਚ ਦਿਹਾਂਤ ਚੰਡੀਗੜ੍ਹ : ਪੰਜਾਬੀ …