ਪਾਕਿ ‘ਚ ਸਿੱਖ ਨੌਜਵਾਨ ਦੀ ਪਗੜੀ ਉਤਰਵਾਈ
ਅੰਮ੍ਰਿਤਸਰ/ਬਿਊਰੋ ਨਿਊਜ਼
ਪਾਕਿਸਤਾਨ ਦੇ ਮੁਲਤਾਨ ਸ਼ਹਿਰ ਦੇ ਵਾਸੀ ਮਹਿੰਦਰਪਾਲ ਸਿੰਘ ਨਾਲ ਬਹਿਸ ਦੌਰਾਨ ਉਸ ਦੀ ਪਗੜੀ ਉਤਾਰਨ ਵਾਲੇ ਛੇ ਮੁਲਜ਼ਮਾਂ ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਹੈ।ਪ੍ਰਾਪਤ ਵੇਰਵਿਆਂ ਅਨੁਸਾਰ ਮੂਲ ਰੂਪ ਵਿੱਚ ਪਾਕਿਸਤਾਨ ਦੇ ਜ਼ਿਲ੍ਹਾ ਸ੍ਰੀ ਨਨਕਾਣਾ ਸਾਹਿਬ ਵਿੱਚ ਰਹਿਣ ਵਾਲਾ ਮਹਿੰਦਰਪਾਲ ਸਿੰਘ (29) ਪਿਛਲੇ ਕੁਝ ਵਰ੍ਹਿਆਂ ਤੋਂ ਮੁਲਤਾਨ ਤੇ ਬਹਾਵਲਪੁਰ ਵਿੱਚ ਕਾਰੋਬਾਰ ਕਰਨ ਕਰਕੇ ਮੁਲਤਾਨ ਵਿੱਚ ਰਹਿ ਰਿਹਾ ਸੀ। ਸੋਮਵਾਰ ਸਵੇਰੇ ਜਦੋਂ ਉਹ ਕੋਹਿਸਤਾਨ-ਫੈਸਲ ਮੂਵਰਜ਼ ਕੰਪਨੀ ਦੀ ਬੱਸ (ਐਫ.ਡੀ.ਐਸ. 676) ‘ਤੇ ਮੁਲਤਾਨ ਜਾ ਰਿਹਾ ਸੀ ਤਾਂ ਰਸਤੇ ਵਿੱਚ ਬੱਸ ਵਿੱਚ ਕੋਈ ਨੁਕਸ ਪੈ ਗਿਆ। ਡਰਾਈਵਰ ਨੇ ਨੁਕਸ ਤਾਂ ਦੂਰ ਕਰ ਦਿੱਤਾ ਪਰ ਬੱਸ ਦੀ ਰਫ਼ਤਾਰ ਬਹੁਤ ਘੱਟ ਹੋ ਗਈ। ਬੱਸ ਦੀ ਰਫ਼ਤਾਰ ਬਹੁਤ ਘੱਟ ਹੋਣ ਕਰਕੇ ਉਸ ਨੇ ਦੀਜ਼ਕੋਟ ਟਰਮੀਨਲ ‘ਤੇ ਪਹੁੰਚਣ ਉਤੇ ਬੱਸ ਦੇ ਮਾਲਕ ਹਾਜੀ ਰਿਆਸਤ ਨੂੰ ਇਸ ਸਬੰਧੀ ਸ਼ਿਕਾਇਤ ਕਰਕੇ ਅਗਾਂਹ ਯਾਤਰਾ ਲਈ ਕਿਸੇ ਹੋਰ ਵਾਹਨ ਦੀ ਮੰਗ ਕੀਤੀ। ਇਸ ‘ਤੇ ਬੱਸ ਮਾਲਕ ਨੇ ਉਸ ਦੀ ਪਗੜੀ ਉਤਾਰ ਕੇ ਜ਼ਮੀਨ ‘ਤੇ ਸੁੱਟ ਦਿੱਤੀ ਅਤੇ ਉਸ ਦੇ ਸਹਾਇਕ ਕਰਮਚਾਰੀਆਂ ਬਾਕਰ ਅਲੀ, ਫ਼ੈਜ਼ ਆਲਮ, ਸ਼ਕੀਲ, ਰਾਸ਼ਿਦ ਗੁੱਜਰ ਅਤੇ ਸਨਾਵਲ ਨੇ ਉਸ ਦੀ ਬੇਰਹਿਮੀ ਨਾਲ ਕੁੱਟਮਾਰ ਸ਼ੁਰੂ ਕਰ ਦਿੱਤੀ ਅਤੇ ਉਸ ਦੇ ਧਰਮ ਵਿਰੁੱਧ ਭੱਦੀ ਸ਼ਬਦਾਵਲੀ ਵਰਤੀ।
ਮਹਿੰਦਰਪਾਲ ਸਿੰਘ ਨੇ ਸਾਹੀਵਾਲ ਡਿਵੀਜ਼ਨ ਦੇ ਚੀਚਾਵਤਨੀ ਸ਼ਹਿਰ ਦੇ ਖ਼ਿਜਰ ਹਯਾਤ ਥਾਣੇ ਵਿੱਚ ਮੁਲਜ਼ਮਾਂ ਵਿਰੁੱਧ ਸ਼ਿਕਾਇਤ ਦਰਜ ਕਰਵਾਈ। ਪੁਲਿਸ ਨੇ ਕੁਫ਼ਰ ਵਿਰੋਧੀ ਕਾਨੂੰਨ ਦੀ ਧਾਰਾ 295, 148 ਅਤੇ 506 ਅਧੀਨ ਐਫਆਈਆਰ ਦਰਜ ਕਰਕੇ ਸਾਰੇ ਮੁਲਜ਼ਮਾਂ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਮਹਿੰਦਰਪਾਲ ਸਿੰਘ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਉਸ ਨੇ ਮੁੱਖ ਮੰਤਰੀ ਨੂੰ ਪੱਤਰ ਲਿਖ ਕੇ ਮੁਲਜ਼ਮਾਂ ਵਿਰੁੱਧ ਸਖ਼ਤ ਕਾਰਵਾਈ ਕਰਨ ਅਤੇ ਉਸ ਨੂੰ ਇਨਸਾਫ਼ ਦਿਵਾਉਣ ਦੀ ਮੰਗ ਕੀਤੀ ਹੈ।
Check Also
ਕੈਨੇਡਾ ‘ਚ ਪੱਕੇ ਹੋਣ ਦਾ LMIA ਵਾਲਾ ਰਾਹ ਵੀ ਹੋਵੇਗਾ ਬੰਦ
ਪੱਕੀ ਰਿਹਾਇਸ਼ ਲਈ LMIA ਦੀ ਵੱਡੇ ਪੱਧਰ ‘ਤੇ ਹੋ ਰਹੀ ਦੁਰਵਰਤੋਂ : ਮਾਰਕ ਮਿੱਲਰ ਟੋਰਾਂਟੋ/ਬਿਊਰੋ …