ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਸਖ਼ਤ ਕਦਮ ਚੁੱਕਾਂਗੇ : ਮਾਰਕ ਕਾਰਨੀ
ਟੋਰਾਂਟੋ/ਬਿਊਰੋ ਨਿਊਜ਼ : ਕੈਨੇਡਾ ਦੇ ਪੱਛਮੀ ਤੱਟੀ ਸੂਬੇ ਬ੍ਰਿਟਿਸ਼ ਕੋਲੰਬੀਆ ਦੇ ਉੱਤਰੀ ਪਾਸੇ ਸ਼ਾਂਤ ਖੇਤਰ ਵਜੋਂ ਜਾਣੇ ਜਾਂਦੇ ਇਲਾਕੇ ਦੇ ਹਾਇਰ ਸੈਕੰਡਰੀ ਸਕੂਲ ‘ਚ ਬੰਦੂਕਧਾਰੀ ਵਲੋਂ ਕੀਤੀ ਗੋਲੀਬਾਰੀ ਕਾਰਨ 9 ਵਿਅਕਤੀਆਂ ਦੀ ਮੌਤ ਹੋ ਗਈ। ਪੁਲਿਸ ਅਧਿਕਾਰੀਆਂ ਅਨੁਸਾਰ ਹਮਲਾਵਰ ਬੰਦੂਕਧਾਰੀ ਔਰਤ ਦੀ ਵੀ ਮੌਤ ਹੋ ਗਈ ਹੈ। ਕਰੀਬ 25 ਹੋਰਾਂ ਦੇ ਜ਼ਖ਼ਮੀ ਹੋਣ ਦੀ ਸੂਚਨਾ ਹੈ। ਇਸ ਤੋਂ ਪਹਿਲਾਂ ਟੰਬਲਰ ਰਿੱਜ ਪੁਲਿਸ ਵਲੋਂ ਲੋਕਾਂ ਨੂੰ ਜਾਨਾਂ ਬਚਾਉਣ ਲਈ ਘਰਾਂ ਦੇ ਅੰਦਰ ਜਾਂ ਸੁਰੱਖਿਅਤ ਥਾਵਾਂ ਤੇ ਲੁਕੇ ਰਹਿਣ ਬਾਰੇ ਚੌਕਸੀ ਜਾਰੀ ਕੀਤੀ ਗਈ ਸੀ। ਬੀਸੀ ਰਾਇਲ ਕੈਨੇਡੀਅਨ ਮਾਂਉਟਿਡ ਪੁਲਿਸ ਅਨੁਸਾਰ ਪੁਲਿਸ ਨੂੰ ਮੰਗਲਵਾਰ ਦੁਪਹਿਰੇ ਡੇਢ ਵਜੇ ਟੰਬਲਰ ਰਿੱਜ ਸਕੂਲ ਵਿੱਚ ਕਿਸੇ ਬੰਦੂਕਧਾਰੀ ਦੇ ਬਾਰੇ ਸੂਚਨਾ ਮਿਲੀ ਸੀ, ਮੌਕੇ ‘ਤੇ ਪਹੁੰਚਣ ਤੱਕ 7ਵੀਂ ਤੋਂ 12 ਤੱਕ ਦੇ ਕਈ ਵਿਦਿਆਰਥੀਆਂ ਨੂੰ ਗੋਲੀਆਂ ਲੱਗੀਆਂ ਹੋਈਆਂ ਸਨ, ਜਿਨ੍ਹਾਂ ਵਿਚੋਂ ਕੁਝ ਦੀ ਮੌਤ ਹੋ ਚੁੱਕੀ ਸੀ।
ਸੁਪਰਡੈਂਟ ਡਾਇਨ ਮੈਕਡੌਨਰਡ ਨੇ ਦੱਸਿਆ ਕਿ ਪੁਲਿਸ ਇਸ ਕਤਲੇਆਮ ਦੇ ਅਸਲ ਕਾਰਨਾਂ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ। ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਦੇਸ਼ ਵਾਸੀਆਂ ਨੂੰ ਭਰੋਸਾ ਦਿਵਾਇਆ ਹੈ ਕਿ ਕੈਨੇਡਾ ਦੇ ਇਤਿਹਾਸ ਵਿੱਚ ਇਹ ਪਹਿਲੀ ਅਜਿਹੀ ਘਟਨਾ ਹੈ ਅਤੇ ਭਵਿੱਖ ਵਿੱਚ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਸਖ਼ਤ ਕਦਮ ਚੁੱਕੇ ਜਾਣਗੇ।
ਉੱਤਰੀ ਖੇਤਰ ਬੀਸੀ ਦੀ ਪੁਲਿਸ ਦੇ ਸੁਪਰਡੈਂਟ ਕੈਨ ਫਲੌਇਡ ਅਨੁਸਾਰ ਪੁਲਿਸ ਸਕੂਲ ਪਹੁੰਚੀ ਤਾਂ ਉੱਥੇ 6 ਵਿਦਿਆਰਥੀਆਂ ਤੇ ਬੰਦੂਕਧਾਰੀ ਦੀ ਮੌਤ ਹੋ ਚੁੱਕੀ ਸੀ, ਇੱਕ ਜ਼ਖ਼ਮੀ ਮੁਢਲੀ ਡਾਕਟਰੀ ਮਦਦ ਦੌਰਾਨ ਦਮ ਤੋੜ ਗਿਆ, 3 ਗੰਭੀਰ ਜ਼ਖ਼ਮੀਆਂ ਨੂੰ ਹਵਾਈ ਐਂਬਲੈਂਸ ਰਾਹੀਂ ਵੱਡੇ ਹਸਪਤਾਲ ਭੇਜਿਆ ਗਿਆ ਹੈ। ਇਸ ਦੌਰਾਨ ਆਲੇ ਦੁਆਲੇ ਦੇ ਘਰਾਂ ਵਿਚੋਂ ਦੋ ਵਿਅਕਤੀਆਂ ਦੀਆਂ ਲਾਸ਼ਾਂ ਮਿਲੀਆਂ।
ਇੱਕ ਪੁਲਿਸ ਅਧਿਕਾਰੀ ਨੇ ਕਿਹਾ ਕਿ ਹਮਲਾਵਰ ਕੌਣ ਹੈ ਅਤੇ ਗੋਲੀਬਾਰੀ ਪਿੱਛੇ ਉਸਦਾ ਕੀ ਮਕਸਦ ਸੀ, ਇਸਦਾ ਪਤਾ ਲਾਉਣ ਦੇ ਵੀ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਆਖਿਆ ਕਿ ਬੰਦੂਕਧਾਰੀ ਦੀ ਲਾਸ਼ ਮਿਲਣ ਤੋਂ ਬਾਅਦ ਸ਼ਾਮ 6 ਵਜੇ ਲੋਕਾਂ ਨੂੰ ਸੁਰੱਖਿਆ ਬਾਰੇ ਜਾਰੀ ਕੀਤੀ ਚੌਕਸੀ ਵਾਪਸ ਲੈ ਲਈ ਗਈ ਹੈ ਤੇ ਹੁਣ ਉਹ ਕਿੱਧਰੇ ਵੀ ਆ ਜਾ ਸਕਦੇ ਹਨ। ਕੈਨੇਡਾ ਦੇ ਸਕੂਲ ਵਿੱਚ ਹੋਈ ਗੋਲੀਬਾਰੀ ਦੀ ਗੋਲੀਬਾਰੀ ਦੀ ਇਸ ਘਟਨਾ ਨੇ ਆਮ ਲੋਕਾਂ ਦੀ ਸੁਰੱਖਿਆ ਬਾਰੇ ਵੱਡੀਆਂ ਚਿੰਤਾਵਾਂ ਪੈਦਾ ਕਰ ਦਿੱਤੀਆਂ ਹਨ। ਟੰਬਲਰ ਰਿਜ ਵੈਨਕੂਵਰ ਤੋਂ 1,000 ਕਿਲੋਮੀਟਰ (600 ਮੀਲ) ਤੋਂ ਵੱਧ ਉੱਤਰ ਵਿੱਚ ਅਲਬਰਟਾ ਦੀ ਸਰਹੱਦ ਦੇ ਨੇੜੇ ਸਥਿਤ ਹੈ। ਸੂਬਾਈ ਸਰਕਾਰ ਦੀ ਵੈੱਬਸਾਈਟ ਟੰਬਲਰ ਰਿਜ ਸੈਕੰਡਰੀ ਸਕੂਲ ਵਿੱਚ 7ਵੀਂ ਤੋਂ 12ਵੀਂ ਜਮਾਤ ਤੱਕ ਦੇ 175 ਵਿਦਿਆਰਥੀ ਦਰਸਾਉਂਦੀ ਹੈ। ਕੈਨੇਡਾ ਵਿੱਚ ਸਕੂਲੀ ਗੋਲੀਬਾਰੀ ਦੀਆਂ ਘਟਨਾਵਾਂ ਬਹੁਤ ਘੱਟ ਹੁੰਦੀਆਂ ਹਨ।
ਪੀਐਮ ਮੋਦੀ ਨੇ ਮਾਰਕ ਕਾਰਨੀ ਨਾਲ ਕੀਤੀ ਗੱਲ
ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨਾਲ ਗੱਲ ਕੀਤੀ ਹੈ ਅਤੇ ਬ੍ਰਿਟਿਸ਼ ਕੋਲੰਬੀਆ ‘ਚ ਹੋਈ ਗੋਲੀਬਾਰੀ ਦੀ ਘਟਨਾ ਦੀ ਨਿੰਦਾ ਕੀਤੀ ਹੈ। ਮੋਦੀ ਨੇ ਕੈਨੇਡਾ ਦੇ ਲੋਕਾਂ ਨਾਲ ਭਾਰਤ ਦੀ ਏਕਤਾ ਦਾ ਪ੍ਰਗਟਾਵਾ ਕੀਤਾ ਤੇ ਪੀੜਤ ਪਰਿਵਾਰਾਂ ਨਾਲ ਹਮਦਰਦੀ ਜ਼ਾਹਰ ਕੀਤੀ ਹੈ।
18 ਸਾਲਾ ਕੁੜੀ ਨਿਕਲੀ ਕਾਤਲ
ਬ੍ਰਿਟਿਸ਼ ਕੋਲੰਬੀਆ ਸੂਬੇ ਤੋਂ ਇਕ ਦਿਲ ਕੰਬਾਊ ਖ਼ਬਰ ਸਾਹਮਣੇ ਆਈ ਹੈ, ਜਿੱਥੇ 18 ਸਾਲਾ ਜੈਸੀ ਵੈਨ ਰੂਟਸਲਾਰ ਨਾਂ ਦੀ ਕੁੜੀ ਨੇ ਅੰਨ੍ਹੇਵਾਹ ਗੋਲੀਬਾਰੀ ਕਰਕੇ 9 ਵਿਅਕਤੀਆਂ ਦੀ ਜਾਨ ਲੈ ਲਈ। ਪੁਲਿਸ ਵੱਲੋਂ ਜਾਰੀ ਵੇਰਵਿਆਂ ਅਨੁਸਾਰ, ਜੈਸੀ ਨੇ ਦੋ ਬੰਦੂਕਾਂ ਨਾਲ ਪਹਿਲਾਂ ਆਪਣੇ ਘਰ ਵਿੱਚ ਮਾਂ ਅਤੇ 11 ਸਾਲਾ ਮਤਰੇਏ ਭਰਾ ਦਾ ਕਤਲ ਕੀਤਾ ਅਤੇ ਫਿਰ ਸਕੂਲ ਪਹੁੰਚ ਕੇ ਕਹਿਰ ਮਚਾਇਆ। ਇਸ ਵਿੱਚ ਇੱਕ ਅਧਿਆਪਕਾ ਅਤੇ 12 ਤੋਂ 17 ਸਾਲ ਦੇ ਪੰਜ ਵਿਦਿਆਰਥੀਆਂ ਦੀ ਮੌਤ ਹੋ ਗਈ, ਜਦੋਂਕਿ ਹਮਲਾਵਰ ਕੁੜੀ ਨੇ ਬਾਅਦ ਵਿੱਚ ਖ਼ੁਦ ਨੂੰ ਵੀ ਗੋਲੀ ਮਾਰ ਲਈ। ਪੁਲਿਸ ਨੇ ਸਪਸ਼ਟ ਕੀਤਾ ਹੈ ਕਿ ਕੁੱਲ ਮੌਤਾਂ ਦੀ ਗਿਣਤੀ 9 ਹੈ ਅਤੇ ਹਸਪਤਾਲ ਵਿੱਚ ਦਾਖਲ ਜ਼ਖ਼ਮੀਆਂ ਦੀ ਹਾਲਤ ਹੁਣ ਸਥਿਰ ਹੈ। ਇਸ ਭਿਆਨਕ ਘਟਨਾ ਨੇ ਪੂਰੇ ਕੈਨੇਡਾ ਨੂੰ ਹਿਲਾ ਕੇ ਰੱਖ ਦਿੱਤਾ ਹੈ। ਪ੍ਰਧਾਨ ਮੰਤਰੀ ਨੇ ਆਪਣਾ ਯੂਰਪ ਦੌਰਾ ਰੱਦ ਕਰ ਦਿੱਤਾ ਹੈ ਅਤੇ ਕੈਨੇਡਿਆਈ ਪਾਰਲੀਮੈਂਟ ਵਿੱਚ ਮ੍ਰਿਤਕਾਂ ਦੀ ਯਾਦ ਵਿੱਚ ਦੋ ਮਿੰਟ ਦਾ ਮੌਨ ਧਾਰਿਆ ਗਿਆ।
ਔਖੀ ਘੜੀ ਵਿੱਚ ਬੀਸੀ ਦੇ ਲੋਕਾਂ ਦੇ ਨਾਲ ਖੜ੍ਹੇ ਹਾਂ : ਫੋਰਡ
ਓਨਟਾਰੀਓ : ਬ੍ਰਿਟਿਸ਼ ਕੋਲੰਬੀਆ ਦੇ ਉੱਤਰ ਪੂਰਬ ‘ਚ ਸਥਿਤ ਇੱਕ ਸਕੂਲ ਵਿੱਚ ਵਾਪਰੀ ਸ਼ੂਟਿੰਗ ਤੋਂ ਬਾਅਦ ਓਨਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਤੇ ਜੀਟੀਏ ਦੇ ਹੋਰਨਾਂ ਅਧਿਕਾਰੀਆਂ ਵੱਲੋਂ ਦੁੱਖ ਪ੍ਰਗਟਾਉਣ ਦੇ ਨਾਲ-ਨਾਲ ਪ੍ਰੋਵਿੰਸ ਦੇ ਲੋਕਾਂ ਨਾਲ ਏਕਤਾ ਦਾ ਮੁਜ਼ਾਹਰਾ ਵੀ ਕੀਤਾ। ਇਸ ਘਟਨਾ ਵਿੱਚ 9 ਵਿਅਕਤੀ ਮਾਰੇ ਗਏ ਜਦਕਿ ਦੋ ਦਰਜਨ ਤੋਂ ਵੱਧ ਜ਼ਖ਼ਮੀ ਹੋ ਗਏ। ਫੋਰਡ ਨੇ ਆਖਿਆ ਕਿ ਜਿਹੜੇ ਇਸ ਘਟਨਾ ਵਿੱਚ ਜ਼ਖ਼ਮੀ ਹੋਏ ਹਨ ਉਨ੍ਹਾਂ ਦੀ ਸਿਹਤਯਾਬੀ ਦੀ ਅਸੀਂ ਅਰਦਾਸ ਕਰਦੇ ਹਾਂ। ਬ੍ਰਿਟਿਸ਼ ਕੋਲੰਬੀਆ ਦੇ ਲੋਕਾਂ ਨੂੰ ਜਿਸ ਵੀ ਤਰ੍ਹਾਂ ਦੀ ਮਦਦ ਦੀ ਲੋੜ ਹੈ ਅਸੀਂ ਕਰਨ ਲਈ ਤਿਆਰ ਹਾਂ। ਵਾਅਨ, ਓਨਟਾਰੀਓ ਦੇ ਮੇਅਰ ਸਟੀਵਨ ਡੈਲ ਡੂਕਾ ਨੇ ਇਸ ਖਬਰ ਨੂੰ ਦਿਲ ਤੋੜਨ ਵਾਲਾ ਦੱਸਿਆ।

