ਨਿਊਯਾਰਕ/ਬਿਊਰੋ ਨਿਊਜ਼ : ਮਿਨਰਲਜ ਦੇ ਮਾਮਲੇ ਵਿੱਚ ਕੈਨੇਡਾ ਨੂੰ ਅਮਰੀਕਾ ਦਾ ਭਾਈਵਾਲ ਬਣਾਉਣ ਲਈ ਤੇ ਨਿਵੇਸ ਦੇ ਨਵੇਂ ਰਾਹ ਖੋਲ੍ਹਣ ਲਈ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੀਰਵਾਰ ਨੂੰ ਨਿਊਯਾਰਕ ਵਿਖੇ ਪਹੁੰਚੇ। ਦੋਵਾਂ ਦੇਸ਼ਾਂ ਦੇ ਮਾਹਿਰ ਇਹ ਜਾਨਣ ਲਈ ਕਾਹਲੇ ਹਨ ਕਿ ਮਿਨਰਲ ਦੇ ਖੇਤਰ ਵਿੱਚ ਤੇਜੀ ਨਾਲ ਵਿਕਾਸ ਕਰਨ ਦਾ ਕੈਨੇਡਾ ਕੋਲ ਕੀ ਰਾਹ ਹੈ? ਸਾਬਕਾ ਡਿਪਲੋਮੈਟ ਲੂਈ ਬਲਾਇਸ, ਜੋ ਕਿ ਹੁਣ ਬਿਜਨਸ ਕਾਊਂਸਲ ਆਫ ਕੈਨੇਡਾ ਦੇ ਸੀਨੀਅਰ ਐਡਵਾਈਜਰ ਹਨ, ਦਾ ਕਹਿਣਾ ਹੈ ਕਿ ਇਨ੍ਹਾਂ ਖਣਿਜਾਂ ਨੂੰ ਜ਼ਮੀਨ ਤੋਂ ਬਾਹਰ ਕੱਢਣ ਲਈ ਪੂਰੀ ਯੋਜਨਾ ਉਲੀਕਣ ਦਾ ਸਮਾਂ ਆ ਗਿਆ ਹੈ।
ਟਰੂਡੋ ਨੂੰ ਆਸ ਹੈ ਕਿ ਇਸ ਖੇਤਰ ਵਿੱਚ ਅਮਰੀਕਾ ਨਿਵੇਸ਼ ਕਰਨ ਲਈ ਸਹਿਜੇ ਹੀ ਰਾਜੀ ਹੋ ਜਾਵੇਗਾ। ਜ਼ਿਕਰਯੋਗ ਹੈ ਕਿ ਮਾਹਿਰਾਂ ਦਾ ਵੀ ਇਹ ਮੰਨਣਾ ਹੈ ਕਿ ਪਿਛਲੇ ਮਹੀਨੇ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਵੱਲੋਂ ਕੈਨੇਡਾ ਦੇ ਕੀਤੇ ਗਏ ਦੌਰੇ ਕਾਰਨ ਵੀ ਇਸ ਪਾਸੇ ਹਵਾ ਦਾ ਰੁਖ ਸਕਾਰਾਤਮਕ ਨਜਰ ਆ ਰਿਹਾ ਹੈ।
ਜਸਟਿਨ ਟਰੂਡੋ ਗਲੋਬਲ ਸਿਟੀਜਨ ਨਾਓ ਦੀ ਹੋਣ ਵਾਲੀ ਸਾਲਾਨਾ ਸਿਖਰ ਵਾਰਤਾ ਵਿੱਚ ਹਿੱਸਾ ਲੈਣਗੇ। ਇਸ ਤੋਂ ਇਲਾਵਾ ਟਰੂਡੋ ਵਿਕਾਸ ਲਈ ਸੰਯੁਕਤ ਰਾਸ਼ਟਰ ਦੀ ਟਾਸਕ ਫੋਰਸ ਨਾਲ ਮੁਲਾਕਾਤ ਕਰਨਗੇ ਤੇ ਇਨਫਲੂਐਂਸਲ ਕਾਊਂਸਲ ਆਨ ਫੌਰਨ ਰਿਲੇਸ਼ਨਜ਼ ਦੇ ਥਿੰਕ ਟੈਂਕ ਨਾਲ ਵੀ ਗੱਲਬਾਤ ਕਰਨਗੇ।