ਸ੍ਰੀ ਦਰਬਾਰ ਸਾਹਿਬ ਵਿਖੇ ਕਿਸਾਨ ਆਗੂਆਂ ਨੇ ਟੇਕਿਆ ਮੱਥਾ
ਸ਼ੁਕਰਾਨੇ ਲਈ ਕੀਤੀ ਅਰਦਾਸ = ਸ਼੍ਰੋਮਣੀ ਕਮੇਟੀ ਵਲੋਂ ਸਨਮਾਨ
ਅੰਮ੍ਰਿਤਸਰ/ਬਿਊਰੋ ਨਿਊਜ਼ : ਭਾਰਤ ਦੀ ਸਰਕਾਰ ਵਲੋਂ ਤਿੰਨ ਕਾਲੇ ਖੇਤੀ ਕਾਨੂੰਨ ਵਾਪਸ ਲੈਣ ਤੇ ਹੋਰਨਾਂ ਬਕਾਇਆ ਮੰਗਾਂ ਬਾਰੇ ਸਹਿਮਤੀ ਬਣਨ ਮਗਰੋਂ ਦਿੱਲੀ ਦੀਆਂ ਸਰਹੱਦਾਂ ‘ਤੇ ਲਾਏ ਮੋਰਚੇ ਚੁੱਕਣ ਤੋਂ ਬਾਅਦ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਸੋਮਵਾਰ ਨੂੰ ਸ਼ੁਕਰਾਨੇ ਵਜੋਂ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਏ। ਇਨ੍ਹਾਂ ਆਗੂਆਂ ਦਾ ਸ਼੍ਰੋਮਣੀ ਕਮੇਟੀ ਸਮੇਤ ਰਸਤੇ ਵਿਚ ਥਾਂ ਥਾਂ ‘ਤੇ ਨਿੱਘਾ ਸਵਾਗਤ ਕੀਤਾ ਗਿਆ।
ਸ਼੍ਰੋਮਣੀ ਕਮੇਟੀ ਵਲੋਂ ਕਿਸਾਨੀ ਸੰਘਰਸ਼ ਦੀ ਜਿੱਤ ਦੇ ਸ਼ੁਕਰਾਨੇ ਲਈ ਰੱਖੇ ਅਖੰਡ ਪਾਠ ਦੇ ਭੋਗ ਪਾਏ ਗਏ ਅਤੇ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ।
ਸੰਯੁਕਤ ਕਿਸਾਨ ਮੋਰਚੇ ਵਿਚ ਸ਼ਾਮਲ 32 ਕਿਸਾਨ ਜਥੇਬੰਦੀਆਂ ਦੇ ਆਗੂ ਤੇ ਵੱਡੀ ਗਿਣਤੀ ‘ਚ ਕਿਸਾਨ ਵੱਡੇ ਕਾਫਲਿਆਂ ਦੇ ਰੂਪ ਵਿੱਚ ਵੱਖ-ਵੱਖ ਰਸਤਿਆਂ ਤੋਂ ਅੰਮ੍ਰਿਤਸਰ ਪੁੱਜੇ। ਇਨ੍ਹਾਂ ਸਾਰਿਆਂ ਨੇ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਿਆ ਅਤੇ ਸ਼ੁਕਰਾਨੇ ਦੀ ਅਰਦਾਸ ਕੀਤੀ। ਮੱਥਾ ਟੇਕਣ ਵਾਲੇ ਕਿਸਾਨ ਆਗੂਆਂ ਵਿਚ ਰਾਕੇਸ਼ ਟਿਕੈਤ, ਬਲਬੀਰ ਸਿੰਘ ਰਾਜੇਵਾਲ, ਰੁਲਦੂ ਸਿੰਘ ਮਾਨਸਾ, ਹਰਮੀਤ ਸਿੰਘ ਕਾਦੀਆਂ, ਬੂਟਾ ਸਿੰਘ ਬੁਰਜਗਿੱਲ, ਜਗਜੀਤ ਸਿੰਘ ਡੱਲੇਵਾਲ, ਸਤਨਾਮ ਸਿੰਘ ਅਜਨਾਲਾ, ਮਨਜੀਤ ਰਾਏ, ਡਾ. ਦਰਸ਼ਨਪਾਲ, ਨਿਰਭੈ ਸਿੰਘ ਟੁੰਡੀਕੇ, ਲਖਬੀਰ ਨਿਜਾਮਪੁਰ, ਕੰਵਲਪ੍ਰੀਤ ਸਿੰਘ ਪੰਨੂ, ਬਲਵੰਤ ਬਹਿਰਾਮਕੇ, ਹਰਜਿੰਦਰ ਸਿੰਘ ਟਾਂਡਾ, ਇੰਦਰਜੀਤ ਕੋਟਬੁੱਢਾ, ਮੁਕੇਸ਼ ਚੰਦਰ ਸ਼ਰਮਾ, ਗੁਰਨਾਮ ਸਿੰਘ ਚੜੂਨੀ, ਡਾ. ਸਵੈਮਾਨ ਸਿੰਘ, ਯੁੱਧਵੀਰ ਸਿੰਘ ਆਦਿ ਸ਼ਾਮਲ ਸਨ। ਕਿਸਾਨ ਆਗੂ ਇਕੱਠੇ ਪੁੱਜਣ ਦੀ ਥਾਂ ਵੱਖ-ਵੱਖ ਕਾਫਲਿਆਂ ਦੇ ਨਾਲ ਅੰਮ੍ਰਿਤਸਰ ਪੁੱਜੇ ਸਨ। ਸ੍ਰੀ ਹਰਿਮੰਦਰ ਸਾਹਿਬ ਪ੍ਰਵੇਸ਼ ਦੁਆਰ ਪਲਾਜ਼ਾ ਵਿਖੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਉਨ੍ਹਾਂ ਨੂੰ ‘ਜੀ ਆਇਆਂ’ ਆਖਿਆ। ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਣ ਮਗਰੋਂ ਇਹ ਸਾਰੇ ਕਿਸਾਨ ਆਗੂ ਤੇ ਹੋਰ ਕਿਸਾਨ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਪੁੱਜੇ, ਜਿੱਥੇ ਸ਼੍ਰੋਮਣੀ ਕਮੇਟੀ ਵਲੋਂ ਸ਼ੁਕਰਾਨਾ ਸਮਾਗਮ ਦਾ ਆਯੋਜਨ ਕੀਤਾ ਗਿਆ ਸੀ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ, ਮੈਂਬਰਾਂ ਤੇ ਹੋਰਨਾਂ ਵਲੋਂ ਕਿਸਾਨਾਂ ਨੂੰ ਇਸ ਜਿੱਤ ਦੀ ਵਧਾਈ ਦਿੱਤੀ ਗਈ ਅਤੇ ਸਿਰੋਪਾਓ ਸਮੇਤ ਸ੍ਰੀ ਹਰਿਮੰਦਰ ਸਾਹਿਬ ਦਾ ਮਾਡਲ ਦੇ ਕੇ ਸਨਮਾਨਿਤ ਕੀਤਾ ਗਿਆ। ਸਮਾਗਮ ਦੌਰਾਨ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਧਾਮੀ ਨੇ ਕਿਹਾ ਕਿ ਗੁਰੂ ਬਖਸ਼ਿਸ਼ ਸਦਕਾ ਹੀ ਪ੍ਰਧਾਨ ਮੰਤਰੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਵਾਲੇ ਦਿਨ ਤਿੰਨ ਕਾਲੇ ਕਾਨੂੰਨ ਵਾਪਸ ਲੈਣ ਦਾ ਐਲਾਨ ਕੀਤਾ। ਖੇਤੀ ਕਾਨੂੰਨਾਂ ਦੀ ਵਾਪਸੀ ਲਈ ਕੀਤੇ ਕਿਸਾਨੀ ਅੰਦੋਲਨ ਨੇ ਇਤਿਹਾਸ ਦੁਹਰਾਇਆ ਹੈ, ਹਾਲਾਂਕਿ ਸਰਕਾਰ ਦੇ ਅੜੀਅਲ ਰਵੱਈਏ ਕਾਰਨ 700 ਤੋਂ ਵੱਧ ਕਿਸਾਨਾਂ ਨੂੰ ਆਪਣੀ ਜਾਨ ਦੇਣੀ ਪਈ ਹੈ, ਜਿਸ ਮਗਰੋਂ ਕੇਂਦਰ ਸਰਕਾਰ ਝੁਕੀ ਹੈ। ਉਨ੍ਹਾਂ ਕਿਹਾ ਕਿ ਕਿਸਾਨ ਅੰਦੋਲਨ ਨੇ ਭਾਈਚਾਰਕ ਸਾਂਝ ਦੀਆਂ ਤੰਦਾਂ ਨੂੰ ਹੋਰ ਮਜ਼ਬੂਤ ਕੀਤਾ ਹੈ। ਇਸ ਸੰਘਰਸ਼ ਦੌਰਾਨ ਹਰਿਆਣਾ ਦੇ ਕਿਸਾਨਾਂ ਨੇ ਵੀ ਛੋਟੇ ਭਰਾ ਵਾਂਗ ਡਟ ਕੇ ਸਾਥ ਦਿੱਤਾ।
ਇਸ ਤੋਂ ਪਹਿਲਾਂ ਸ਼੍ਰੋਮਣੀ ਕਮੇਟੀ ਵਲੋਂ ਕਿਸਾਨ ਸੰਘਰਸ਼ ਦੀ ਜਿੱਤ ਦੇ ਸ਼ੁਕਰਾਨੇ ਵਜੋਂ ਰਖਾਏ ਗਏ ਅਖੰਡ ਪਾਠ ਦੇ ਭੋਗ ਪਾਏ ਗਏ। ਗੁਰਬਾਣੀ ਦਾ ਕੀਰਤਨ ਕੀਤਾ ਗਿਆ। ਇਸ ਦੌਰਾਨ ਢਾਡੀ ਜਥਿਆਂ ਵਲੋਂ ਵਾਰਾਂ ਦੇ ਗਾਇਨ ਦੌਰਾਨ ਕਿਸਾਨੀ ਜਿੱਤ ‘ਤੇ ਵੀ ਵਾਰ ਦਾ ਗਾਇਨ ਕੀਤਾ ਗਿਆ। ਕਿਸਾਨ ਆਗੂ ਜਲ੍ਹਿਆਂਵਾਲਾ ਬਾਗ਼ ਵੀ ਗਏ, ਜਿਥੇ ਉਨ੍ਹਾਂ ਨੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ। ਇਸ ਤੋਂ ਪਹਿਲਾਂ ਜੱਲ੍ਹਿਆਂਵਾਲਾ ਬਾਗ ਦੇ ਬਾਹਰ ਕਿਸਾਨਾਂ ਤੇ ਮਜ਼ਦੂਰਾਂ ਨੇ ਕਿਸਾਨ ਆਗੂਆਂ ਦਾ ਇਨਕਲਾਬੀ ਨਾਅਰਿਆਂ ਨਾਲ ਸਵਾਗਤ ਕੀਤਾ। ਇਸ ਤੋਂ ਬਾਅਦ ਕਿਸਾਨ ਆਗੂ ਦੁਰਗਿਆਨਾ ਮੰਦਰ ਅਤੇ ਰਾਮ ਤੀਰਥ ਵੀ ਗਏ।
ਕਿਸਾਨ ਮੰਗਾਂ ਅਜੇ ਵੀ ਕਾਇਮ: ਰਾਜੇਵਾਲ
ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਕਿਸਾਨ ਮੰਗਾਂ ਅਜੇ ਵੀ ਕਾਇਮ ਹਨ ਤੇ ਅੰਦੋਲਨ ਨੂੰ ਖ਼ਤਮ ਨਹੀਂ ਬਲਕਿ ਮੁਲਤਵੀ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਕਿਸਾਨ ਮੋਰਚੇ ਦੀ ਜਿੱਤ ਨੇ ਪੰਜਾਬੀਆਂ ਦੇ ਇਤਿਹਾਸ ਦੀ ਸਦੀਆਂ ਪੁਰਾਣੀ ਯਾਦ ਨੂੰ ਮੁੜ ਤਾਜ਼ਾ ਕੀਤਾ ਹੈ। ਕਿਸਾਨ ਮੋਰਚੇ ਵਿਚ ਹਰਿਆਣਾ, ਯੂਪੀ ਤੇ ਦੇਸ਼ ਦੇ ਹੋਰ ਸੂਬਿਆਂ ਦੇ ਕਿਸਾਨਾਂ ਨੇ ਪੂਰਾ ਸਹਿਯੋਗ ਦਿੱਤਾ ਹੈ।
ਅੰਦੋਲਨ ਲਈ ਗੁਰੂਘਰ ਤੋਂ ਬਲ ਮਿਲਿਆ: ਟਿਕੈਤ
ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਕਿਹਾ ਕਿ ਤਿੰਨ ਕਾਲੇ ਖੇਤੀ ਕਾਨੂੰਨਾਂ ਤੇ ਹੋਰ ਮੰਗਾਂ ਲਈ ਸਰਕਾਰ ਖਿਲਾਫ਼ ਵਿੱਢੇ ਅੰਦੋਲਨ ਲਈ ਕਿਸਾਨਾਂ ਨੂੰ ਗੁਰੂਘਰ ਤੋਂ ਬਲ ਮਿਲਿਆ ਹੈ ਅਤੇ ਉਹ ਇਸਦਾ ਸ਼ੁਕਰਾਨਾ ਕਰਨ ਆਏ ਹਨ। ਉਨ੍ਹਾਂ ਕਿਹਾ ਕਿ ਕਿਸਾਨ ਸੰਘਰਸ਼ ਦੀ ਸਫਲਤਾ ਲਈ ਹਰ ਵਰਗ ਨੇ ਸਹਿਯੋਗ ਦਿੱਤਾ ਹੈ। ਸੰਜਮ ਅਤੇ ਸ਼ਾਂਤੀ ਨਾਲ ਲੰਮਾ ਸਮਾਂ ਚੱਲੇ ਇਸ ਸੰਘਰਸ਼ ਅੱਗੇ ਸਰਕਾਰ ਨੂੰ ਮਜਬੂਰ ਹੋ ਕੇ ਖੇਤੀ ਕਾਨੂੰਨ ਵਾਪਸ ਲੈਣੇ ਪਏ ਹਨ।