-12.6 C
Toronto
Tuesday, January 20, 2026
spot_img
Homeਹਫ਼ਤਾਵਾਰੀ ਫੇਰੀਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਕਾਰਬਨ ਟੈਕਸ ਰੱਦ ਕੀਤਾ : ਸੋਨੀਆ ਸਿੱਧੂ

ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਕਾਰਬਨ ਟੈਕਸ ਰੱਦ ਕੀਤਾ : ਸੋਨੀਆ ਸਿੱਧੂ

ਬਰੈਂਪਟਨ/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਆਪਣੇ ਦਫ਼ਤਰ ਦਾ ਕੰਮ-ਕਾਜ ਸੰਭਾਲਣ ਦੇ ਪਹਿਲੇ ਦਿਨ ਹੀ ਕੰਨਜ਼ਿਊਮਰ ਕਾਰਬਨ ਟੈਕਸ ਖ਼ਤਮ ਕਰਨ ਦੇ ਆਰਡਰ ਉੱਪਰ ਦਸਤਖ਼ਤ ਕੀਤੇ। ਇਹ ਕਾਰਬਨ ਟੈਕਸ ਪਿਛਲੇ ਕੁਝ ਸਾਲਾਂ ਤੋਂ ਕਾਫ਼ੀ ਚਰਚਾ ਦਾ ਵਿਸ਼ਾ ਬਣਿਆ ਰਿਹਾ ਹੈ। ਦਰਅਸਲ, ਵਾਤਾਵਰਣ ਨਾਲ ਸਬੰਧਿਤ ਇਸ ਟੈਕਸ ਦੀ ਕੈਨੇਡਾ-ਵਾਸੀਆਂ ਵੱਲੋਂ ਅਦਾਇਗੀ ਨੂੰ ਖ਼ਤਮ ਕਰਨਾ ਲਿਬਰਲ ਸਰਕਾਰ ਦੀ ਵੱਡੀ ਯੋਜਨਾ ਦਾ ਇੱਕ ਹਿੱਸਾ ਹੈ। ਐੱਮ.ਪੀ. ਸੋਨੀਆ ਸਿੱਧੂ ਨੇ ਕਿਹਾ, ”ਪ੍ਰਧਾਨ ਮੰਤਰੀ ਵੱਲੋਂ ਕੀਤਾ ਗਿਆ ਇਹ ਫ਼ੈਸਲਾ ਕੈਨੇਡਾ-ਵਾਸੀਆਂ ਨੂੰ ਫ਼ੌਰੀ ਵਿੱਤੀ-ਰਾਹਤ ਪਹੁੰਚਾਏਗਾ ਜੋ ਮਹਿੰਗਾਈ ਅਤੇ ਨਿੱਤ ਵਰਤੋਂ ਦੀਆਂ ਚੀਜ਼ਾਂ-ਵਸਤਾਂ ਦੀਆਂ ਕੀਮਤਾਂ ਵਿੱਚ ਦਿਨ-ਬਦਿਨ ਹੋ ਰਹੇ ਵਾਧੇ ਦਾ ਸਾਹਮਣਾ ਕਰ ਰਹੇ ਹਨ।” ਮੱਧ ਅਪ੍ਰੈਲ ਤੋਂ ਬਾਅਦ ਜਦੋਂ ਇਹ ਕਾਰਬਨ ਟੈਕਸ ਜਾਰੀ ਨਹੀਂ ਰਹੇਗਾ, ਸਰਕਾਰ ਵੱਲੋਂ ਨਵੇਂ ਮਿਡਲ-ਕਲਾਸ ਟੈਕਸ ਘੱਟਾ ਬਾਰੇ ਬੀ ਐਲਾਨ ਕੀਤਾ ਜਾਏਗਾ। ਇਹ ਟੈਕਸ ਵਿਅੱਕਤੀਗਤ ਤੌਰ ‘ਤੇ ਸਲਾਨਾ 1,50,000 ਡਾਲਰ ਤੋਂ ਘੱਟ ਕਮਾਉਣ ਵਾਲਿਆਂ ਦੀ ‘ਬੇਸਿਕ ਪਰਸਨਲ ਅਮਾਊਂਟ’ (ਬੀ.ਪੀ.ਏ.) ਨੂੰ ਮੁੱਖ ਰੱਖਦਿਆਂ ਹੋਇਆਂ ਟੈਕਸ ਦੀ ਅਦਾਇਗੀ ਨੂੰ ਲੱਗਭੱਗ 2000 ਡਾਲਰ ਘੱਟਾ ਕਰੇਗਾ। ਇਸ ਦੇ ਨਾਲ ਪਹਿਲੀ 15,200 ਡਾਲਰ ਦੀ ਰਕਮ ਨੂੰ ਟੈਕਸ-ਰਹਿਤ ਕਰ ਦਿੱਤਾ ਜਾਏਗਾ। ਸਰਕਾਰ ਦੇ ਇਸ ਫ਼ੈਸਲੇ ਨਾਲ 20 ਮਿਲੀਅਨ ਕੈਨੇਡਾ-ਵਾਸੀਆਂ ਨੂੰ ਲਾਭ ਪਹੁੰਚੇਗਾ ਜੋ ਵਿਅੱਕਤੀਗ਼ਤ ਤੌਰ ‘ਤੇ 300 ਡਾਲਰ ਅਤੇ ਪਰਿਵਾਰਿਕ ਤੌਰ ‘ਤੇ ਲੱਗਭੱਗ 600 ਡਾਲਰ ਦੀ ਬੱਚਤ ਹੋਣ ਦੀ ਉਮੀਦ ਹੈ। ਇਸਦੇ ਨਾਲ ਹੀ ਸਰਕਾਰ ਕੀਮਤ-ਬਚਾਊ ਗਰਮ ਪੰਪ ਅਤੇ ਘਰੇਲੂ ਊਰਜਾ ਯੰਤਰ ਖਰੀਦਣ ਵਾਲਿਆਂ ਨੂੰ ਇਨ੍ਹਾਂ ਦੀ ਕੀਮਤ ਵਿੱਚ ਛੋਟ ਦੇਵੇਗੀ। ਸਰਕਾਰ ਵੱਲੋਂ ਕੀਤੇ ਜਾ ਰਹੇ ਇਹ ਉਪਰਾਲੇ ਕੈਨੇਡੀਅਨਾਂ ਨੂੰ ਪੈਸੇ ਦੀ ਬੱਚਤ ਕਰਨ, ਵਾਤਾਵਰਣ ਤਬਦੀਲੀਆਂ ਦਾ ਸਾਹਮਣਾ ਕਰਨ ਅਤੇ ਜੀ-7 ਦੇਸ਼ਾਂ ਦੇ ਅਰਥਚਾਰੇ ਨੂੰ ਮਜ਼ਬੂਤ ਕਰਨ ਵਿੱਚ ਸਹਾਈ ਹੋਣਗੇ। ਕੈਨੇਡਾ-ਵਾਸੀ ਕਾਰਬਨ ਟੈਕਸ ਦੀ ਰਾਹਤ ਦੀ ਅਖ਼ੀਰਲੀ ਕਿਸ਼ਤ 22 ਅਪ੍ਰੈਲ ਨੂੰ ਪ੍ਰਾਪਤ ਕਰਨਗੇ। ਇਹ ਰਾਹਤ ਖ਼ਾਸ ਤੌਰ ‘ਤੇ ਉਨ੍ਹਾਂ ਲੋਕਾਂ ਦੀ ਮਦਦ ਨੂੰ ਯਕੀਨੀ ਬਣਾਏਗੀ ਜੋ ਇਸ ‘ਤੇ ਨਿਰਭਰ ਕਰਦੇ ਹਨ। ਪ੍ਰਧਾਨ ਮੰਤਰੀ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਇਹ ਤਬਦੀਲੀ ਕੈਨੇਡਾ-ਵਾਸੀਆਂ ਦੀ ਮੁਕਾਬਲੇ ਦੀ ਭਾਵਨਾ ਅਤੇ ਵਾਤਾਵਰਣ ਦੀ ਤਬਦੀਲੀ ਨਾਲ ਲੜਾਈ ਨੂੰ ਯਕੀਨੀ ਬਨਾਉਣ ਲਈ ਕੀਤੇ ਜਾਣ ਵਾਲੇ ਕਾਰਜਾਂ ਦਾ ਇੱਕ ਹਿੱਸਾ ਹੈ। ਐੱਮ.ਪੀ. ਸੋਨੀਆ ਸਿੱਧੂ ਨੇ ਹੋਰ ਕਿਹਾ, ”ਇਹ ਸਰਕਾਰ ਕੈਨੇਡਾ-ਵਾਸੀਆਂ ਲਈ ਕੰਮ ਕਰਨ ਅਤੇ ਉਸ ਦੇ ਨਤੀਜੇ ਦੇਣ ਉੱਪਰ ਕੇਂਦ੍ਰਿਤ ਹੈ। ਅਸੀਂ ਕਿਫ਼ਾਇਤੀ ਅਤੇ ਮੁਕਾਬਲੇਬਾਜ਼ੀ ਵਾਲਾ ਅਰਥਚਾਰਾ ਸਥਾਪਤ ਕਰਨ ਲਈ ਵਚਨਬੱਧ ਹਾਂ ਜਿਸ ਦਾ ਹਰੇਕ ਨੂੰ ਲਾਭ ਪਹੁੰਚੇ।”

RELATED ARTICLES
POPULAR POSTS