ਮੁੱਖ ਮੰਤਰੀ ਨੇ ਆਪ ਹੀ ਖਿਡਾਰੀਆਂ ਨੂੰ ਪਰੋਸਿਆ ਖਾਣਾ
ਚੰਡੀਗੜ੍ਹ/ਬਿਊਰੋ ਨਿਊਜ਼ : ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਵਾਅਦੇ ਮੁਤਾਬਕ ਬੁੱਧਵਾਰ ਨੂੰ ਉਲੰਪਿਕ ‘ਚ ਤਮਗਾ ਜੇਤੂ ਖਿਡਾਰੀਆਂ ਨੂੰ ਰਾਤ ਦਾ ਖਾਣਾ ਖੁਆਇਆ। ਮੁੱਖ ਮੰਤਰੀ ਵੱਲੋਂ ਸਿਸਵਾਂ ਸਥਿਤ ਫਾਰਮ ਹਾਊਸ ਵਿਚ ਇਸ ਖਾਣੇ ਵਿਚ ਜੋ ਵੀ ਪਰੋਸਿਆ ਗਿਆ, ਉਸ ਨੂੰ ਖੁਦ ਕੈਪਟਨ ਅਮਰਿੰਦਰ ਨੇ ਪੰਜ ਘੰਟੇ ਤੋਂ ਜ਼ਿਆਦਾ ਸਮਾਂ ਲਗਾ ਕੇ ਬਣਾਇਆ। ਕੈਪਟਨ ਦੇ ਹੱਥਾਂ ਨਾਲ ਬਣੇ ਖਾਣੇ ਨੂੰ ਖਿਡਾਰੀਆਂ ਨੇ ਬਹੁਤ ਪਸੰਦ ਕੀਤਾ। ਮਹਿਮਾਨਾਂ ਵਿਚ ਉਲੰਪਿਕ ਜੈਵਲਿਨ ਥਰੋਅ ਗੋਲਡ ਮੈਡਲ ਜੇਤੂ ਨੀਰਜ ਚੋਪੜਾ ਤੋਂ ਇਲਾਵਾ ਉਲੰਪਿਕ ਵਿਚ ਕਾਂਸੇ ਦਾ ਤਮਗਾ ਜੇਤੂ ਹਾਕੀ ਖਿਡਾਰੀ ਮਨਪ੍ਰੀਤ ਸਿੰਘ (ਕਪਤਾਨ), ਹਰਮਨਪ੍ਰੀਤ ਸਿੰਘ (ਉਪ ਕਪਤਾਨ), ਮਨਦੀਪ ਸਿੰਘ, ਹਾਰਦਿਕ ਸਿੰਘ, ਰੂਪਿੰਦਰਪਾਲ ਸਿੰਘ, ਸ਼ਮਸ਼ੇਰ ਸਿੰਘ, ਦਿਲਪ੍ਰੀਤ ਸਿੰਘ, ਗੁਰਜੰਟ ਸਿੰਘ, ਵਰੁਣ ਕੁਮਾਰ ਅਤੇ ਸਿਮਰਨਜੀਤ ਸਿੰਘ ਸ਼ਾਮਲ ਸਨ। ਮੁੱਖ ਮੰਤਰੀ ਨੇ ਪਹਿਲਾਂ ਹੀ ਹਰੇਕ ਲਈ 2 ਕਰੋੜ 51 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਸੀ। ਮਹਿਲਾ ਹਾਕੀ ਸੈਮੀਫਾਈਨਲਿਸਟ ਗੁਰਜੀਤ ਕੌਰ ਅਤੇ ਰੀਨਾ ਖੋਖਰ, ਰਿਜਰਵ ਹਾਕੀ ਖਿਡਾਰੀ ਕ੍ਰਿਸ਼ਨ ਬਹਾਦੁਰ ਪਾਠਕ ਅਤੇ ਉਲੰਪਿਕ ਫਾਈਨਲਿਸਟ ਐਥਲੀਟ ਕਮਲਪ੍ਰੀਤ ਕੌਰ ਨੂੰ ਵੀ 50-50 ਲੱਖ ਰੁਪਏ ਦਿੱਤੇ ਗਏ ਸਨ।
ਡਿਸਕਸ ਥਰੋਅ ਅਥਲੀਟ ਕਮਲਪ੍ਰੀਤ ਕੌਰ ਦਾ ਭਾਵੇਂ ਉਲੰਪਿਕ ਵਿਚ ਮੈਡਲ ਜਿੱਤਣ ਦਾ ਸੁਪਨਾ ਪੂਰਾ ਨਾ ਹੋਇਆ ਹੋਵੇ, ਪਰ ਚੰਗੇ ਖਾਣੇ ਦੀ ਮੰਗ ਨੂੰ ਮੁੱਖ ਮੰਤਰੀ ਨੇ ਪੂਰਾ ਕਰ ਦਿੱਤਾ। ਕਮਲਪ੍ਰੀਤ ਨੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਤੋਂ ਚੰਗੇ ਖਾਣੇ ਦੀ ਮੰਗ ਕੀਤੀ ਸੀ। ਕਮਲਪ੍ਰੀਤ ਦੀ ਇਸ ਮੰਗ ਨੂੰ ਪੂਰਾ ਕਰਨ ਲਈ ਮੁੱਖ ਮੰਤਰੀ ਨੇ ਟੋਕੀਓ ਉਲੰਪਿਕ ਵਿਚ ਹਿੱਸਾ ਲੈਣ ਵਾਲੇ ਪੰਜਾਬ ਦੇ ਸਾਰੇ ਖਿਡਾਰੀਆਂ ਲਈ ਰਾਤਰੀ ਭੋਜ ਦਾ ਪ੍ਰੋਗਰਾਮ ਰੱਖਿਆ। ਧਿਆਨ ਰਹੇ ਕਿ ਕੈਪਟਨ ਨੇ ਟੋਕੀਓ ਉਲੰਪਿਕ ਵਿਚ ਹਿੱਸਾ ਲੈਣ ਵਾਲੇ ਪੰਜਾਬ ਦੇ 20 ਖਿਡਾਰੀਆਂ ਲਈ 12 ਅਗਸਤ ਨੂੰ ਰੱਖੇ ਸਨਮਾਨ ਸਮਾਗਮ ਵਿਚ ਇਸ ਬਾਰੇ ਐਲਾਨ ਕੀਤਾ ਸੀ। ਬੁੱਧਵਾਰ ਨੂੰ ਕੈਪਟਨ ਨੇ ਆਪਣੇ ਵਾਅਦੇ ਮੁਤਾਬਕ ਖਿਡਾਰੀਆਂ ਲਈ ਆਪਣੇ ਹੱਥਾਂ ਨਾਲ ਖਾਣਾ ਬਣਾਇਆ। ਮੁੱਖ ਮੰਤਰੀ ਨੇ ਖਾਸ ਤੌਰ ‘ਤੇ ਮਟਨ ਖੜ੍ਹਾ ਪਿਸ਼ੌਰੀ, ਮੁਰਗ ਮੁਸੱਲਮ ਤੇ ਜਰਦਾ ਰਾਈਸ (ਮਿੱਠੇ ਚੌਲ) ਤਿਆਰ ਕੀਤੇ। ਡਿਨਰ ਵਿਚ ਖੜ੍ਹਾ ਮਸਾਲਾ ਪਿਸ਼ੌਰੀ, ਲੌਂਗ ਇਲਾਇਚੀ ਚਿਕਨ, ਦਾਲ ਮਸਰੀ, ਮੁਰਗ ਕੋਰਮਾ, ਦੁਗਣੀ ਬਿਰਆਨੀ ਬਣਾਇਆ ਗਿਆ। ਰਾਤਰੀ ਭੋਜ ਦੌਰਾਨ ਮੁੱਖ ਸਕੱਤਰ ਵਿੰਨੀ ਮਹਾਜਨ, ਮੁੱਖ ਮੰਤਰੀ ਦੇ ਭਰਾ ਮਾਲਵਿੰਦਰ ਸਿੰਘ, ਡੀਜੀਪੀ ਦਿਨਕਰ ਗੁਪਤਾ ਵੀ ਹਾਜ਼ਰ ਰਹੇ।
ਪਰਗਟ ਸਿੰਘ ਦੀ ਗੈਰਹਾਜ਼ਰੀ ਰੜਕੀ
ਭਾਰਤੀ ਹਾਕੀ ਟੀਮ ਦੇ ਸਾਬਕਾ ਕਪਤਾਨ ਤੇ ਵਿਧਾਇਕ ਪਰਗਟ ਸਿੰਘ ਇਸ ਰਾਤਰੀ ਭੋਜ ਵਿਚ ਨਜ਼ਰ ਨਹੀਂ ਆਏ। ਹਾਲਾਂਕਿ 12 ਅਗਸਤ ਨੂੰ ਖਿਡਾਰੀਆਂ ਦੇ ਸਨਮਾਨ ਸਮਾਗਮ ਦੌਰਾਨ ਪਰਗਟ ਸਿੰਘ ਮੁੱਖ ਮੰਤਰੀ ਦੇ ਨਾਲ ਮੌਜੂਦ ਸਨ। ਮੰਨਿਆ ਜਾ ਰਿਹਾ ਹੈ ਕਿ ਸਨਮਾਨ ਸਮਾਗਮ ਕਿਉਂਕਿ ਸਰਕਾਰੀ ਸੀ, ਇਸ ਲਈ ਪਰਗਟ ਸਿੰਘ ਉਸ ਵਿਚ ਸ਼ਾਮਲ ਹੋਏ ਸਨ, ਪਰ ਰਾਤਰੀ ਭੋਜ ਮੁੱਖ ਮੰਤਰੀ ਨੇ ਨਿੱਜੀ ਤੌਰ ‘ਤੇ ਦਿੱਤਾ ਸੀ, ਇਸ ਲਈ ਪਰਗਟ ਸਿੰਘ ਉਥੇ ਨਹੀਂ ਪਹੁੰਚੇ।