Breaking News
Home / ਹਫ਼ਤਾਵਾਰੀ ਫੇਰੀ / ਜਲ੍ਹਿਆਂਵਾਲਾ ਬਾਗ ਦੇ 29 ਸ਼ਹੀਦਾਂ ਦੇ ਪਰਿਵਾਰਕ ਮੈਂਬਰਾਂ ਦੀ ਹੁਣ ਤੱਕ ਹੋ ਸਕੀ ਪਛਾਣ

ਜਲ੍ਹਿਆਂਵਾਲਾ ਬਾਗ ਦੇ 29 ਸ਼ਹੀਦਾਂ ਦੇ ਪਰਿਵਾਰਕ ਮੈਂਬਰਾਂ ਦੀ ਹੁਣ ਤੱਕ ਹੋ ਸਕੀ ਪਛਾਣ

ਅੰਮ੍ਰਿਤਸਰ ਪ੍ਰਸ਼ਾਸਨ ਕੋਲ 492 ਸ਼ਹੀਦਾਂ ਦੀ ਸੂਚੀ
ਅੰਮ੍ਰਿਤਸਰ/ਬਿਊਰੋ ਨਿਊਜ਼ : ਜੱਲ੍ਹਿਆਂਵਾਲਾ ਬਾਗ ਦੇ ਸ਼ਹੀਦਾਂ ਨੂੰ ਸਮਰਪਿਤ ਕਰਵਾਏ ਗਏ ਇੱਕ ਸਮਾਗਮ ਵਾਸਤੇ ਜ਼ਿਲ੍ਹਾ ਪ੍ਰਸ਼ਾਸਨ ਕੋਲ 492 ਸ਼ਹੀਦਾਂ ਦੀ ਸੂਚੀ ਵਿਚੋਂ ਸਿਰਫ 29 ਸ਼ਹੀਦਾਂ ਦੇ ਪਰਿਵਾਰਾਂ ਦੀ ਹੀ ਸ਼ਨਾਖਤ ਹੋਈ ਹੈ। ਬਾਕੀ ਸ਼ਹੀਦਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਬਾਰੇ ਹੁਣ ਤਕ ਕੋਈ ਥੁਹ-ਪਤਾ ਨਹੀਂ ਹੈ।
ਜ਼ਿਲ੍ਹਾ ਪ੍ਰਸ਼ਾਸਨ ਕੋਲ ਅੰਗਰੇਜ਼ ਹਾਕਮਾਂ ਦੇ ਸਮੇਂ ਦੀ ਸੂਚੀ ਹੈ, ਜਿਸ ਵਿੱਚ 492 ਸ਼ਹੀਦਾਂ ਦਾ ਜ਼ਿਕਰ ਹੈ। ਇਨ੍ਹਾਂ ਵਿੱਚ ਵਧੇਰੇ ਉਹ ਸ਼ਹੀਦ ਹਨ, ਜਿਨ੍ਹਾਂ ਦੇ ਪਰਿਵਾਰਾਂ ਨੂੰ ਘਟਨਾ ਦੇ ਕੁਝ ਸਾਲ ਬਾਅਦ ਅੰਗਰੇਜ਼ ਹਾਕਮਾਂ ਨੇ ਮੁਆਵਜ਼ਾ ਦਿੱਤਾ ਸੀ। ਇਸ ਸੂਚੀ ਮੁਤਾਬਕ 37 ਬੱਚੇ, ਦੋ ਔਰਤਾਂ ਅਤੇ 453 ਪੁਰਸ਼ ਸ਼ਹੀਦ ਹੋਏ ਸਨ। ਸਰਕਾਰ ਵੱਲੋਂ ਜੱਲ੍ਹਿਆਂਵਾਲਾ ਬਾਗ ਸ਼ਤਾਬਦੀ ਸਮਾਰਕ ਸਬੰਧੀ ਕਰਵਾਏ ਸਮਾਗਮ ਵਿੱਚ ਮਹਿਜ਼ 29 ਸ਼ਹੀਦਾਂ ਦੇ ਪਰਿਵਾਰ ਪੁੱਜੇ।
ਸੈਰ ਸਪਾਟਾ ਅਤੇ ਸਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਆਖਿਆ ਕਿ ਹੋਰ ਸ਼ਹੀਦ ਪਰਿਵਾਰਾਂ ਬਾਰੇ ਹੁਣ ਤਕ ਪਤਾ ਨਹੀਂ ਲੱਗਾ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਤਿਹਾਸਕਾਰਾਂ ਅਤੇ ਮਹਾਤਮਾ ਗਾਂਧੀ ਦੇ ਉਸ ਵੇਲੇ ਦੇ ਹਵਾਲੇ ਨਾਲ ਆਖਿਆ ਕਿ ਸ਼ਹੀਦਾਂ ਦੀ ਗਿਣਤੀ ਲਗਪਗ 1500 ਸੀ ਜਦੋਂਕਿ ਸੂਚੀ ਵਿਚ ਸਿਰਫ 492 ਸ਼ਹੀਦਾਂ ਦੇ ਨਾਂ ਸ਼ਾਮਲ ਹਨ। ਦੱਸਣਯੋਗ ਹੈ ਕਿ ਜੱਲ੍ਹਿਆਂਵਾਲਾ ਬਾਗ ਸਮਾਰਕ ਵਿੱਚ 379 ਸ਼ਹੀਦਾਂ ਦੇ ਨਾਂ ਲਿਖੇ ਹੋਏ ਹਨ। ਦੇਸ਼ ਵੰਡ ਸਬੰਧੀ ਬਣੇ ਪਾਰਟੀਸ਼ੀਅਨ ਮਿਊਜ਼ੀਅਮ ਦੇ ਪ੍ਰਬੰਧਕਾਂ ਵੱਲੋਂ ਹਾਲ ਹੀ ਵਿਚ ਕੀਤੀ ਖੋਜ ਮੁਤਾਬਕ ਸ਼ਹੀਦਾਂ ਦੀ ਗਿਣਤੀ 547 ਦੱਸੀ ਗਈ ਹੈ, ਜਿਨ੍ਹਾਂ ਵਿਚੋਂ 45 ਅਣਪਛਾਤੇ ਹਨ।
ਜੱਲ੍ਹਿਆਂਵਾਲਾ ਬਾਗ ਸ਼ਹੀਦ ਪਰਿਵਾਰ ਸਮਿਤੀ ਅਤੇ ਸੇਵਾ ਸਮਿਤੀ ਆਦਿ ਕੋਲ ਸ਼ਹੀਦਾਂ ਦੀ ਗਿਣਤੀ ਬਾਰੇ ਵੱਖ ਵੱਖ ਅੰਕੜੇ ਹਨ। ਇਥੇ ਪੁੱਜੇ ਸ਼ਹੀਦ ਪਰਿਵਾਰਾਂ ਦੇ ਮੈਂਬਰ ਸੁਨੀਲ ਕਪੂਰ ਨੇ ਆਖਿਆ ਕਿ ਸ਼ਹੀਦਾਂ ਨੂੰ ਸਰਕਾਰ ਸ਼ਹੀਦਾਂ ਦਾ ਦਰਜਾ ਦੇਵੇ। ਮਹੇਸ਼ ਬਹਿਲ ਜਿਸ ਦੇ ਦਾਦਾ ਲਾਲਾ ਹਰੀ ਰਾਮ ਬਹਿਲ ਸ਼ਹੀਦ ਹੋਏ ਸਨ, ਨੇ ਆਖਿਆ ਕਿ 37 ਸਾਲਾਂ ਤੋਂ ਸ਼ਹੀਦ ਹੋਏ ਆਪਣੇ ਪਰਿਵਾਰਕ ਮੈਂਬਰਾਂ ਦੇ ਮਾਣ ਸਨਮਾਨ ਦੀ ਪ੍ਰਾਪਤੀ ਲਈ ਲੜਾਈ ਲੜ ਰਹੇ ਹਨ। ਪਿੰਡ ਮੂਸੇ ਦੇ ਗੁਰਚਰਨ ਸਿੰਘ ਜਿਸ ਦੇ ਤਾਇਆ ਤਾਰਾ ਸਿੰਘ, ਗੁਰਦਾਸਪੁਰ ਦੇ ਸਤਵੰਤ ਸਿੰਘ ਜਿਸ ਦੇ ਬਾਬਾ ਸ਼ਹੀਦ ਹੋਏ ਸਨ, ਰਜਿੰਦਰ ਸ਼ਰਮਾ ਜਿਸ ਦੇ ਪੜਦਾਦਾ ਅਮੀ ਚੰਦ, ਬਿਮਲ ਕਪੂਰ ਜਿਸ ਦੇ ਦਾਦਾ ਤਾਰਾ ਚੰਦ ਕਪੂਰ, ਅਜੇਬੀਰ ਸਿੰਘ ਜਿਸ ਦੀ ਦਾਦੀ ਹਰ ਕੌਰ ਸ਼ਹੀਦ ਹੋਏ ਸਨ, ਨੇ ਸਰਕਾਰ ਵੱਲੋਂ ਸ਼ਹੀਦਾਂ ਦੇ ਪਿੰਡਾਂ ਵਿਚ ਸ਼ਹੀਦੀ ਯਾਦਗਾਰਾਂ ਸਥਾਪਤ ਕਰਨ ਦੇ ਫੈਸਲੇ ਦਾ ਸਵਾਗਤ ਕੀਤਾ। ਸ਼ਹੀਦ ਖੁਸ਼ੀ ਰਾਮ ਦੇ ਪੋਤਰੇ ਟੇਕ ਚੰਦ ਨੇ ਆਖਿਆ ਕਿ ਉਨ੍ਹਾਂ ਦੇ ਪਰਿਵਾਰ ਨੂੰ ਉਸ ਵੇਲੇ ਅੰਗਰੇਜ਼ ਹਾਕਮਾਂ ਵੱਲੋਂ ਦਿੱਤਾ ਮੁਆਵਜ਼ਾ ਨਹੀਂ ਮਿਲਿਆ ਸੀ।

Check Also

ਕੇਜਰੀਵਾਲ ਗ੍ਰਿਫ਼ਤਾਰ

ਈਡੀ ਨੇ ਦੋ ਘੰਟਿਆਂ ਦੀ ਪੁੱਛਗਿੱਛ ਤੋਂ ਬਾਅਦ ਦਿੱਲੀ ਸ਼ਰਾਬ ਘੋਟਾਲਾ ਮਾਮਲੇ ‘ਚ ਅਰਵਿੰਦ ਕੇਜਰੀਵਾਲ …