Breaking News
Home / ਹਫ਼ਤਾਵਾਰੀ ਫੇਰੀ / ਪੰਜਾਬ ਪੁਲਿਸ ਦੇ ਮੁਲਾਜ਼ਮਾਂ ਦਾ ਮੋਟਾਪਾ ਘਟਾਉਣ ਲਈ ਵਿਸ਼ੇਸ਼ ਉਪਰਾਲਾ

ਪੰਜਾਬ ਪੁਲਿਸ ਦੇ ਮੁਲਾਜ਼ਮਾਂ ਦਾ ਮੋਟਾਪਾ ਘਟਾਉਣ ਲਈ ਵਿਸ਼ੇਸ਼ ਉਪਰਾਲਾ

ਮੋਟਾ ਅਨਾਜ ਘਟਾਏਗਾ ਪੰਜਾਬ ਪੁਲਿਸ ਦਾ ਮੋਟਾਪਾ
ਕਰਮਚਾਰੀਆਂ ਦੀ ਡਾਈਟ ‘ਚ ਸ਼ਾਮਲ ਹੋਵੇਗਾ ਮੋਟਾ ਅਨਾਜ
ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਪੁਲਿਸ ਦੇ ਜਵਾਨਾਂ ਨੂੰ ਸਰੀਰਕ ਅਤੇ ਮਾਨਸਿਕ ਤੌਰ ‘ਤੇ ਫਿੱਟ ਰੱਖਣ ਅਤੇ ਉਨ੍ਹਾਂ ਦੀ ਇਮਿਊਨਿਟੀ ਮਜ਼ਬੂਤ ਕਰਨ ਲਈ ਪੰਜਾਬ ਪੁਲਿਸ ਹੁਣ ਮੋਟੇ ਅਨਾਜ ਦਾ ਸਹਾਰਾ ਲਵੇਗੀ। ਡੀਜੀਪੀ ਦਫਤਰ ਨੇ ਪਿਛਲੇ ਦਿਨੀਂ ਸੂਬੇ ਦੇ ਸਾਰੇ ਜ਼ਿਲ੍ਹਿਆਂ ਦੇ ਐਸਐਸਪੀ ਨੂੰ ਇਕ ਪੱਤਰ ਭੇਜਿਆ ਹੈ। ਉਸ ਵਿਚ ਕਿਹਾ ਗਿਆ ਹੈ ਕਿ ਮੋਟਾ ਅਨਾਜ ਪੁਲਿਸ ਕਰਮਚਾਰੀਆਂ ਦੀ ਇਮਿਊਨਿਟੀ ਵਧਾਉਣ ਵਿਚ ਬਹੁਤ ਅਹਿਮ ਯੋਗਦਾਨ ਪਾ ਸਕਦਾ ਹੈ। ਇਸ ਲਈ ਰੋਜ਼ਾਨਾ ਦੀ ਡਾਈਟ ਅਤੇ ਖੁਰਾਕ ਵਿਚ ਮੋਟੇ ਅਨਾਜ ਦਾ ਇਸਤੇਮਾਲ ਕੀਤਾ ਜਾਵੇ। ਇਸੇ ਮਕਸਦ ਨਾਲ ਜ਼ਿਲ੍ਹਿਆਂ ਦੇ ਐਸਐਸਪੀ ਪੁਲਿਸ ਕਰਮਚਾਰੀਆਂ ਨੂੰ ਇਮਿਊਨਿਟੀ ਵਧਾਉਣ ਲਈ ਜਾਗਰੂਕ ਵੀ ਕਰਨਗੇ। ਸਿਹਤ ਦੇ ਲਿਹਾਜ ਨਾਲ ਪੌਸ਼ਟਿਕ, ਨੈਚੁਰਲ ਫਾਈਬਰ ਪ੍ਰੋਟੀਨ, ਵਿਟਾਮਿਨ ਅਤੇ ਮਿਨਰਲਸ ਨਾਲ ਭਰਪੂਰ ਹੋਣ ਦੀ ਵਜ੍ਹਾ ਨਾਲ ਮੋਟਾ ਅਨਾਜ ਯਾਨੀ ਕੇ ਕੰਗਨੀ, ਕੋਦਰਾ, ਹਰੀ ਕੰਗਨੀ, ਸਵਾਂਕ ਅਤੇ ਕੁਟਕੀ ਕਰੋਨਾ ਕਾਲ ਤੋਂ ਬਾਅਦ ਇਮਿਊਨਿਟੀ ਬੂਸਟਰ ਦੇ ਰੂਪ ਵਿਚ ਪ੍ਰਸਿੱਧ ਹੋ ਚੁੱਕੇ ਹਨ। ਉਧਰ ਦੂਜੇ ਪਾਸੇ ਕਿਸਾਨਾਂ ਲਈ ਇਸ ਅਨਾਜ ਨੂੰ ਉਗਾਉਣਾ ਫਾਇਦੇਮੰਦ ਹੋ ਗਿਆ ਹੈ। ਇਹ ਅਨਾਜ ਪਾਣੀ ਅਤੇ ਘੱਟ ਉਪਜਾਊ ਜ਼ਮੀਨ ਵਿਚ ਵੀ ਉਗਾਏ ਜਾ ਸਕਦੇ ਹਨ। ਇਹ ਵੀ ਦੱਸਿਆ ਗਿਆ ਕਿ ਸ਼ੁੱਧ ਅਤੇ ਸੰਤੁਲਿਤ ਖੁਰਾਕ ਨਾ ਲੈਣ ਕਾਰਨ ਸਰੀਰ ਵਿਚ ਬਿਮਾਰੀਆਂ ਨਾਲ ਲੜਨ ਦੀ ਸਮਰਥਾ ਘੱਟ ਹੋਣ ਲੱਗਦੀ ਹੈ ਅਤੇ ਗੰਭੀਰ ਬਿਮਾਰੀਆਂ ਤੋਂ ਪੀੜਤ ਹੋਣ ਦਾ ਖਤਰਾ ਬਣਿਆ ਰਹਿੰਦਾ ਹੈ। ਪੁਲਿਸ ਕਰਮਚਾਰੀਆਂ ਦੇ ਡਿਊਟੀ ਆਵਰ ਜ਼ਿਆਦਾ ਹੋਣ, ਕੰਮ ਦਾ ਬੋਝ ਜ਼ਿਆਦਾ ਹੋਣ ਅਤੇ ਪਰਿਵਾਰ ਤੋਂ ਦੂਰ ਰਹਿਣ ਕਾਰਨ ਉਨ੍ਹਾਂ ਨੂੰ ਘਰੇਲੂ, ਡਿਊਟੀ ਅਤੇ ਨਿੱਜੀ ਕੰਮ-ਕਾਜ ਦੌਰਾਨ ਕਈ ਤਰ੍ਹਾਂ ਦੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ।
***ਪੰਜਾਬ ਪੁਲਿਸ ਵਲੋਂ ਜਵਾਨਾਂ ਦੀ ਡਾਈਟ ਵਿਚ ਮੋਟਾ ਅਨਾਜ ਸ਼ਾਮਲ ਕਰਨ ਦਾ ਫੈਸਲਾ ਸਲਾਹੁਣਯੋਗ ਹੈ। ਇਸ ਨਾਲ ਜਵਾਨਾਂ ਦੀ ਇਮਿਊਨਿਟੀ ਵਧੇਗੀ ਅਤੇ ਕਰਮਚਾਰੀ ਜੋ ਮੋਟਾਪੇ ਤੋਂ ਪੀੜਤ ਹਨ, ਉਨ੍ਹਾਂ ਦਾ ਮੋਟਾਪਾ ਵੀ ਘਟੇਗਾ। ਸ਼ੂਗਰ ਅਤੇ ਬੀਪੀ ਦੀ ਸ਼ਿਕਾਇਤ ਵੀ ਖਤਮ ਹੋਵੇਗੀ।
ਉਮੇਂਦਰ ਦੱਤ, ਐਗਜ਼ੀਕਿਊਟਿਵ ਡਾਇਰੈਕਟਰ ਖੇਤੀ ਵਿਰਾਸਤ ਮਿਸ਼ਨ

ਜੀ-20 ਦੇ ਮਹਿਮਾਨਾਂ ਨੂੰ ਵੀ ਮੋਟਾ ਅਨਾਜ ਪਰੋਸਣ ਦੀ ਮੋਦੀ ਨੇ ਦਿੱਤੀ ਸਲਾਹ
ਨਵੀਂ ਦਿੱਲੀ ; ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਜਪਾ ਸੰਸਦੀ ਦਲ ਦੀ ਮੀਟਿੰਗ ਵਿੱਚ ਚੰਗੀ ਸਿਹਤ ਲਈ ਮੋਟੇ ਅਨਾਜ ਅਤੇ ਖੇਡਾਂ ਦੇ ਮਹੱਤਵ ‘ਤੇ ਜ਼ੋਰ ਦਿੱਤਾ ਅਤੇ ਸੰਸਦ ਮੈਂਬਰਾਂ ਨੂੰ ਇਸ ਦਿਸ਼ਾ ਵਿੱਚ ਕੰਮ ਕਰਨ ਦੀ ਅਪੀਲ ਕੀਤੀ। ਮੀਟਿੰਗ ਤੋਂ ਬਾਅਦ ਮੀਡੀਆ ਨੂੰ ਸੰਬੋਧਨ ਕਰਦਿਆਂ ਕੇਂਦਰੀ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਕਿਹਾ ਕਿ ਮੋਦੀ ਨੇ ਭਾਜਪਾ ਦੇ ਸੰਸਦ ਮੈਂਬਰਾਂ ਨੂੰ ਕਿਹਾ ਕਿ ਦੇਸ਼ ਵਿੱਚ ਜ਼ਿਆਦਾਤਰ ਛੋਟੇ ਕਿਸਾਨਾਂ ਵੱਲੋਂ ਉਗਾਏ ਜਾਣ ਵਾਲੇ ਮੋਟੇ ਅਨਾਜ ਨੂੰ ਵੱਡੀ ਗਿਣਤੀ ਲੋਕਾਂ ਤੱਕ ਪਹੁੰਚਾਉਣਾ ਦੇਸ਼ ਦੀ ਸੇਵਾ ਕਰਨ ਦੇ ਬਰਾਬਰ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸੰਯੁਕਤ ਰਾਸ਼ਟਰ ਨੇ ਉਨ੍ਹਾਂ ਦੀ ਸਰਕਾਰ ਦੀ ਬੇਨਤੀ ‘ਤੇ 2023 ਨੂੰ ਮੋਟੇ ਅਨਾਜ ਦਾ ਕੌਮਾਂਤਰੀ ਸਾਲ ਐਲਾਨਿਆ ਹੈ। ਭਾਰਤ ਦੀ ਪ੍ਰਧਾਨਗੀ ਹੇਠ ਜੀ-20 ਨਾਲ ਸਬੰਧਤ ਹੋਣ ਵਾਲੀਆਂ ਮੀਟਿੰਗਾਂ ਵਿੱਚ ਹਜ਼ਾਰਾਂ ਵਿਦੇਸ਼ੀ ਪ੍ਰਤੀਨਿਧਾਂ ਦੇ ਸ਼ਾਮਲ ਹੋਣ ਦੀ ਸੰਭਾਵਨਾ ਦੇ ਮੱਦੇਨਜ਼ਰ ਮੋਦੀ ਨੇ ਕਿਹਾ ਕਿ ਉਨ੍ਹਾਂ ਨੂੰ ਮੋਟੇ ਅਨਾਜ ਤੋਂ ਬਣੇ ਪਕਵਾਨ ਪਰੋਸੇ ਜਾ ਸਕਦੇ ਹਨ। ਉਨ੍ਹਾਂ ਕਿਹਾ ਕਿ ਮੋਟੇ ਅਨਾਜ ਦੀ ਵਰਤੋਂ ਆਂਗਣਵਾੜੀ, ਸਕੂਲਾਂ, ਘਰਾਂ ਅਤੇ ਸਰਕਾਰੀ ਮੀਟਿੰਗਾਂ ਵਿੱਚ ਵੀ ਕੀਤੀ ਜਾ ਸਕਦੀ ਹੈ। ਸੰਸਦ ਮੈਂਬਰ ਆਪਣੀਆਂ ਮੀਟਿੰਗਾਂ ਵਿੱਚ ਵੀ ਮੋਟੇ ਅਨਾਜ ਤੋਂ ਬਣੇ ਪਕਵਾਨਾਂ ਦੀ ਵਰਤੋਂ ਕਰ ਸਕਦੇ ਹਨ।
ਉਨ੍ਹਾਂ ਕਿਹਾ ਕਿ 85 ਫੀਸਦੀ ਤੋਂ ਵੱਧ ਭਾਰਤੀ ਕਿਸਾਨ ਛੋਟੇ ਕਿਸਾਨਾਂ ਦੀ ਸ਼੍ਰੇਣੀ ਵਿੱਚ ਆਉਂਦੇ ਹਨ ਅਤੇ ਉਹ ਵੱਡੀ ਮਾਤਰਾ ਵਿੱਚ ਮੋਟਾ ਅਨਾਜ ਉਗਾਉਂਦੇ ਹਨ। ਪ੍ਰਧਾਨ ਮੰਤਰੀ ਨੇ ਕਬੱਡੀ ਵਰਗੀਆਂ ਭਾਰਤੀ ਖੇਡਾਂ ਵੱਲ ਵਿਸ਼ੇਸ਼ ਧਿਆਨ ਦੇਣ ਦੀ ਲੋੜ ‘ਤੇ ਵੀ ਜ਼ੋਰ ਦਿੱਤਾ।

Check Also

ਅਦਾਰਾ ਪਰਵਾਸੀ ਵੱਲੋਂ ਵਿਸਾਖੀ ਦੀਆਂ ਲੱਖ-ਲੱਖ ਵਧਾਈਆਂ

ਖ਼ਾਲਸਾ ਪੰਥ ਦਾ ਜਨਮ ਦਿਹਾੜਾ ਹੈ ਵਿਸਾਖੀ, ਘਰ ਵਿਚ ਅਨਾਜ਼ ਦੇ ਰੂਪ ਵਿਚ ਆਈਆਂ ਖੁਸ਼ੀਆਂ …