ਪੰਜਾਬ ਦੀ ਹੱਦ ਅੰਦਰ ਹੋਈ ਸੀ ਲਾਰੈਂਸ ਬਿਸ਼ਨੋਈ ਦੀ ਪਹਿਲੀ ਇੰਟਰਵਿਊ
ਚੰਡੀਗੜ੍ਹ/ਬਿਊਰੋ ਨਿਊਜ਼ : ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਹਿਰਾਸਤ ‘ਚ ਹੋਈ ਇੰਟਰਵਿਊ ਨੂੰ ਲੈ ਕੇ ਬਣਾਈ ਗਈ ਐਸ.ਆਈ.ਟੀ. ਨੇ ਵੱਡਾ ਖੁਲਾਸਾ ਕੀਤਾ ਹੈ ਕਿ ਉਸਦਾ ਪਹਿਲਾ ਇੰਟਰਵਿਊ ਪੰਜਾਬ ਦੀ ਹੱਦ ਅੰਦਰ ਹੋਇਆ ਸੀ। ਇੰਟਰਵਿਊ ਲਈ ਸਿਗਨਲ ਐਪ ਦੀ ਵਰਤੋਂ ਕੀਤੀ ਗਈ ਸੀ ਅਤੇ ਇਸ ਨੂੰ ਜਲਦੀ ਹੀ ਜ਼ਬਤ ਕਰ ਲਿਆ ਜਾਵੇਗਾ।
ਹਾਈਕੋਰਟ ਨੇ ਇਸ ਮਾਮਲੇ ਦੀ ਜਾਂਚ ਸਪੈਸ਼ਲ ਡੀਜੀਪੀ ਮਨੁੱਖੀ ਅਧਿਕਾਰ ਪ੍ਰਬੋਧ ਕੁਮਾਰ ਦੀ ਅਗਵਾਈ ਵਾਲੀ ਐਸਆਈਟੀ ਨੂੰ ਸੌਂਪੀ ਸੀ।
ਐਸਆਈਟੀ ਨੇ ਬੁੱਧਵਾਰ ਨੂੰ ਹਾਈਕੋਰਟ ਨੂੰ ਦੱਸਿਆ ਕਿ ਹੁਣ ਤੱਕ ਦੀ ਜਾਂਚ ਵਿਚ ਇਹ ਸਾਹਮਣੇ ਆਇਆ ਹੈ ਕਿ ਸਿਗਨਲ ਐਪ ਰਾਹੀਂ ਇਹ ਇੰਟਰਵਿਊ ਪੰਜਾਬ ਦੀ ਸੀਮਾ ਦੇ ਅੰਦਰ ਕੀਤੀ ਗਈ ਸੀ ਅਤੇ ਜਾਂਚ ਅਜੇ ਜਾਰੀ ਹੈ ਅਤੇ ਕੁਝ ਅਹਿਮ ਗਵਾਹਾਂ ਤੋਂ ਪੁੱਛਗਿੱਛ ਕੀਤੀ ਜਾਣੀ ਹੈ। ਅਜਿਹੇ ‘ਚ ਇਸ ਦੇ ਲਈ ਹਾਈਕੋਰਟ ਤੋਂ ਮੋਹਲਤ ਮੰਗੀ ਗਈ ਹੈ।
ਹਾਈਕੋਰਟ ਵਿਚ ਐਸਆਈਟੀ ਵਲੋਂ ਜਾਂਚ ਦੀ ਅੰਤਰਿਮ ਸੀਲਬੰਦ ਰਿਪੋਰਟ ਪੇਸ਼ ਕੀਤੀ ਗਈ। ਇਸੇ ਦੌਰਾਨ ਵਿਰੋਧੀ ਸਿਆਸੀ ਪਾਰਟੀਆਂ ਦੇ ਆਗੂਆਂ ਨੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਅਸਤੀਫੇ ਦੀ ਮੰਗ ਕੀਤੀ ਹੈ।
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸੱਚ ਸਾਰਿਆਂ ਦੇ ਸਾਹਮਣੇ ਆਉਣ ‘ਤੇ ਮੁੱਖ ਮੰਤਰੀ ਨੂੰ ਨੈਤਿਕਤਾ ਦੇ ਅਧਾਰ ‘ਤੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦੇਣਾ ਚਾਹੀਦਾ ਹੈ। ਸੁਖਬੀਰ ਬਾਦਲ ਨੇ ਕਿਹਾ ਕਿ ਮੁੱਖ ਮੰਤਰੀ ਝੂਠ ਬੋਲ ਕੇ ਪੰਜਾਬੀਆਂ ਨਾਲ ਧੋਖਾ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦਾ ਇਕ ਹੋਰ ਝੂਠ ਬੇਨਕਾਬ ਹੋ ਗਿਆ ਹੈ।
ਇਸੇ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਪੰਜਾਬ ਦੀ ‘ਆਪ’ ਸਰਕਾਰ ਨੇ ਸੂਬੇ ਦਾ ਬੇੜਾ ਗਰਕ ਕਰ ਦਿੱਤਾ ਹੈ। ਮਜੀਠੀਆ ਨੇ ਕਿਹਾ ਕਿ ਮੁੱਖ ਮੰਤਰੀ ਦੇ ਝੂਠ ਦਾ ਪਰਦਾਫਾਸ਼ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਹੁਣ ਇਸ ਦਾ ਜਵਾਬ ਮੰਗਦਾ ਹੈ।