ਸਰਕਾਰ ‘ਤੇ ਲਾਲਚ ਦੇ ਕੇ ਕਿਸਾਨਾਂ ਦੀ ਜ਼ਮੀਨ ਖੋਹਣ ਦਾ ਆਰੋਪ
ਚੰਡੀਗੜ੍ਹ/ਬਿਊਰੋ ਨਿਊਜ਼ : ਭਾਰਤੀ ਜਨਤਾ ਪਾਰਟੀ ਦੀ ਪੰਜਾਬ ਇਕਾਈ ਦੇ ਪ੍ਰਧਾਨ ਸੁਨੀਲ ਜਾਖੜ ਨੇ ਪੰਜਾਬ ਸਰਕਾਰ ਦੀ ਲੈਂਡ ਪੂਲਿੰਗ ਨੀਤੀ ‘ਤੇ ਇਤਰਾਜ਼ ਕੀਤਾ ਹੈ। ਜਾਖੜ ਨੇ ਕਿਹਾ ਕਿ ‘ਆਪ’ ਸਰਕਾਰ ਵੱਲੋਂ ਝੂਠਾ ਲਾਲਚ ਦਿਖਾ ਕੇ ਕਿਸਾਨਾਂ ਦੀ ਜ਼ਮੀਨ ਖੋਹਣ ਦੀ ਤਿਆਰੀ ਹੈ। ਇਨ੍ਹਾਂ ਜ਼ਮੀਨਾਂ ਦਾ ਨੋਟੀਫਿਕੇਸ਼ਨ ਜਾਰੀ ਕਰਕੇ ‘ਆਪ’ ਸਰਕਾਰ ਨੇ ਕਿਸਾਨਾਂ ਦੀ ਜ਼ਮੀਨ ਦੀ ਵਿਕਰੀ ‘ਤੇ ਰੋਕ ਲਗਾ ਦਿੱਤੀ ਹੈ। ਉਨ੍ਹਾਂ ਕਿਹਾ ਕਿ ਜਿਹੜੀ ਜ਼ਮੀਨ ਨੋਟੀਫਿਕੇਸ਼ਨ ਦੇ ਘੇਰੇ ‘ਚ ਆ ਗਈ, ਉਸ ਨੂੰ ਕਿਸਾਨ ਵੇਚ ਨਹੀਂ ਸਕੇਗਾ। ਉਨ੍ਹਾਂ ਇਸ ਨਵੀਂ ਨੀਤੀ ਨੂੰ ‘ਚਿੱਟ ਫ਼ੰਡ ਸਕੀਮ’ ਦੱਸਦਿਆਂ ਕਿਹਾ ਕਿ ਸਰਕਾਰ ਨੇ ਸੂਬੇ ਦੀ ਲੁੱਟ ਕਰਨ ਲਈ ਇਹ ਨੀਤੀ ਲਿਆਂਦੀ ਹੈ।
ਜਾਖੜ ਨੇ ਚੰਡੀਗੜ੍ਹ ‘ਚ ਪ੍ਰੈੱਸ ਕਾਨਫ਼ਰੰਸ ਦੌਰਾਨ ਕਿਹਾ ਕਿ ਪੰਜਾਬ ਸਰਕਾਰ ਇਸ ਗੱਲ ਦਾ ਗ਼ਲਤ ਪ੍ਰਚਾਰ ਕਰ ਰਹੀ ਹੈ ਕਿ ਕਿਸਾਨ ਤੋਂ ਜਬਰੀ ਜ਼ਮੀਨ ਨਹੀਂ ਖੋਹੀ ਜਾਵੇਗੀ ਬਲਕਿ ਉਨ੍ਹਾਂ ਦੀ ਸਹਿਮਤੀ ਮਗਰੋਂ ਹੀ ਜ਼ਮੀਨ ਲਈ ਜਾਵੇਗੀ। ਜਾਖੜ ਨੇ ਸੁਆਲ ਚੁੱਕਿਆ ਕਿ ਜੇ ਨੋਟੀਫਿਕੇਸ਼ਨ ਮਗਰੋਂ ਕਿਸਾਨ ਜ਼ਮੀਨ ਵੇਚ ਨਹੀਂ ਸਕੇਗਾ ਤਾਂ ਕੀ ਇਹ ਕਿਸਾਨਾਂ ਦੇ ਅਧਿਕਾਰਾਂ ‘ਤੇ ਡਾਕਾ ਨਹੀਂ ਹੈ। ਉਨ੍ਹਾਂ ਕਿਹਾ ਕਿ ਇਸ ਸਕੀਮ ਤਹਿਤ ਰੀਅਲ ਅਸਟੇਟ ਕਾਰੋਬਾਰ ‘ਚ ਆਪਣੇ ਚਹੇਤਿਆਂ ਨੂੰ ਲਾਭ ਪਹੁੰਚਾਉਣਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਭਾਜਪਾ ਦੀ ਸਰਕਾਰ ਬਣੀ ਤਾਂ ਇਹ ਯਕੀਨੀ ਬਣਾਇਆ ਜਾਵੇਗਾ ਕਿ ਕਿਸਾਨ ਦੀ ਜ਼ਮੀਨ ਕਿਸਾਨ ਕੋਲ ਰਹੇ। ਜਾਖੜ ਨੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਖ਼ਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੂੰ ਚੌਕਸ ਕੀਤਾ ਹੈ ਕਿ ਦੇਰ ਸਵੇਰ ਇਸ ਮਾਮਲੇ ‘ਚ ਜਵਾਬਦੇਹੀ ਉਨ੍ਹਾਂ ਦੀ ਹੀ ਤੈਅ ਹੋਣੀ ਹੈ ਕਿਉਂਕਿ ਉਹ ਸੰਵਿਧਾਨਿਕ ਅਹੁਦਿਆਂ ‘ਤੇ ਹਨ। ਜਾਖੜ ਨੇ ਕਿਹਾ ਕਿ ਜਿਹੜੇ ਲੋਕ ਅਜਿਹੀ ਨੀਤੀ ਤਿਆਰ ਕਰਾ ਰਹੇ ਹਨ, ਉਨ੍ਹਾਂ ਨੇ ਤਾਂ ਸੱਤਾ ਬਦਲਣ ਮਗਰੋਂ ਬੋਰੀਆ ਬਿਸਤਰਾ ਚੁੱਕ ਕੇ ਦਿੱਲੀ ਚਲੇ ਜਾਣਾ ਹੈ।
Check Also
ਫਰੀਦਕੋਟ ਦਾ ਡੀਐਸਪੀ ਰਾਜਨਪਾਲ ਭਿ੍ਰਸ਼ਟਾਚਾਰ ਦੇ ਮਾਮਲੇ ’ਚ ਗਿ੍ਰਫਤਾਰ
ਭਿ੍ਰਸ਼ਟਾਚਾਰ ਖਿਲਾਫ ਸਿਫਰ ਟਾਲਰੈਂਸ ਨੀਤੀ ਤਹਿਤ ਹੋਵੇਗੀ ਜਾਂਚ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਵਿਚ ਆਮ ਆਦਮੀ …