ਓਟਵਾ/ਬਿਊਰੋ ਨਿਊਜ਼
ਕੰਸਰਵੇਟਿਵ ਐਮ ਪੀ ਲੀਜ਼ਾ ਰਾਇਤ ਲੀਡਰਸ਼ਿਪ ਦੀ ਦੌੜ ਵਿਚ ਲੀਚ ਅਤੇ ਓਲੀਏਰੀ ਖਿਲਾਫ਼ ਨਿੱਤਰ ਆਈ ਹੈ। ਅਜਿਹਾ ਲੀਚ ਵੱਲੋਂ ਫੌਕਸ ਬਿਜ਼ਨਸ ਨੈੱਟਵਰਕ ਦਾ ਧਿਆਨ ਖਿੱਚਣ ਤੋਂ ਇੱਕ ਦਿਨ ਬਾਅਦ ਕੀਤਾ ਗਿਆ।
ਜ਼ਿਕਰਯੋਗ ਹੈ ਕਿ ਲੀਚ ਲੰਘੇ ਦਿਨੀਂ ਫੌਕਸ ਬਿਜ਼ਨਸ ਨੈੱਟਵਰਕ ਉੱਤੇ ਨਜ਼ਰ ਆਈ ਸੀ ਤੇ ਉਸ ਨੇ ਡੌਨਲਡ ਟਰੰਪ ਵਾਂਗ ਇਮੀਗ੍ਰੇਸ਼ਨ ਸਕਰੀਨਿੰਗ ਦਾ ਮੁੱਦਾ ਮੁੜ ਪੁਰਜ਼ੋਰ ਢੰਗ ਨਾਲ ਚੁੱਕਿਆ। ਇਸ ਤੋਂ ਇੱਕ ਦਿਨ ਬਾਅਦ ਰਾਇਤ ਨੇ ਆਪਣੀ ਅਜਿਹੀ ਵੈੱਬਸਾਈਟ ਲਾਂਚ ਕੀਤੀ ਜਿਸ ਵਿੱਚ ਦਿੱਗਜ ਕੰਜ਼ਰਵੇਟਿਵ ਲੀਡਰਸ਼ਿਪ ਉਮੀਦਵਾਰਾਂ ਤੇ ਸੰਭਾਵੀ ਉਮੀਦਵਾਰ ਓਲੀਏਰੀ ਦੀਆਂ ਕਮਜ਼ੋਰੀਆਂ ਵੱਲ ਕੈਨੇਡੀਅਨਾ ਦਾ ਧਿਆਨ ਦਿਵਾਇਆ ਜਾਵੇਗਾ। ਜ਼ਿਕਰਯੋਗ ਹੈ ਕਿ ਓਲੀਏਰੀ ਕੰਜ਼ਰਵੇਟਿਵ ਲੀਡਰਸ਼ਿਪ ਦੌੜ ਵਿੱਚ ਹਿੱਸਾ ਲੈਣ ਬਾਰੇ ਵਿਚਾਰ ਕਰ ਰਹੇ ਹਨ।
ਅਗਲੇ ਚੋਣ ਵਰ੍ਹੇ ਦੇ ਮੱਦੇਨਜ਼ਰ ਓਟਵਾ ਵਿੱਚ ਇੱਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਰਾਇਤ ਨੇ ਆਖਿਆ ਕਿ ਜੇ ਅਸੀਂ 2019 ਵਿੱਚ ਕੰਜ਼ਰਵੇਟਿਵ ਸਰਕਾਰ ਲਿਆਉਣੀ ਚਾਹੁੰਦੇ ਹਾਂ ਤਾਂ ਸਾਨੂੰ ਅਜਿਹੇ ਆਗੂ ਦੀ ਲੋੜ ਹੈ ਜਿਹੜਾ ਜਸਟਿਨ ਟਰੂਡੋ ਨੂੰ ਮਾਤ ਦੇ ਸਕੇ। ਉਨ੍ਹਾਂ ਆਖਿਆ ਕਿ 2019 ਵਿੱਚ ਲਿਬਰਲਾਂ ਦੇ ਤੋੜੇ ਹੋਏ ਵਾਅਦਿਆਂ ਤੇ ਉਨ੍ਹਾਂ ਦੀਆਂ ਅਸਫਲਤਾਵਾਂ ਦੀ ਗੱਲ ਕਰਨ ਦੀ ਥਾਂ ਸਾਨੂੰ ਆਪਣੀਆਂ ਦਮਦਾਰ ਨੀਤੀਆਂ ਦਾ ਪ੍ਰਚਾਰ ਕਰਨਾ ਹੋਵੇਗਾ।
ਰਾਇਤ ਦੀ ਵੈੱਬਸਾਈਟ ਦਾ ਨਾਂ StopKevinOLeary.com ਹੈ। ਜਿਸ ਤੋਂ ਇਹੋ ਲੱਗਦਾ ਹੈ ਕਿ ਰਾਇਤ ਦਾ ਧਿਆਨ ਜ਼ਾਹਿਰਾ ਤੌਰ ਉੱਤੇ ਆਪਣੇ ਵਿਰੋਧੀਆਂ ਦਾ ਰਾਹ ਰੋਕਣਾ ਹੈ। ਰਾਇਤ ਨੇ ਇਹ ਵੀ ਆਖਿਆ ਕਿ ਓਲੀਏਰੀ ਤੇ ਲੀਚ ਦੋਵੇਂ ਲੋਕਾਂ ਨੂੰ ਲੁਭਾਉਣ ਲਈ ਨਕਾਰਾਤਮਕ ਸੋਚ ਦਾ ਮੁਜ਼ਾਹਰਾ ਕਰ ਰਹੇ ਹਨ ।ਜੇ ਸਿਧਾਂਤਕ ਤੇ ਵਿਹਾਰਕ ਕੰਜ਼ਰਵੇਟਿਵ ਆਗੂ ਇੱਕਜੁੱਟ ਨਾ ਹੋਏ ਤਾਂ ਅਸੀਂ ਸਿਰਫ ਵੇਖਦੇ ਰਹਿ ਜਾਵਾਂਗੇ ਤੇ ਸਾਡੀ ਪਾਰਟੀ ਨੂੰ ਸਿਰਫ ਆਪਣਾ ਉੱਲੂ ਸਿੱਧਾ ਕਰਨ ਲਈ ਆਏ ਲੋਕ ਹਾਈਜੈਕ ਕਰ ਲੈਣਗੇ। ਉਨ੍ਹਾਂ ਓਲੀਏਰੀ ਦੀਆਂ ਕਈ ਨੀਤੀਆਂ ਉੱਤੇ ਵੀ ਚਾਨਣਾ ਪਾਇਆ ਜਿਨ੍ਹਾਂ ਰਾਹੀਂ ਬਕੌਲ ਰਾਇਤ ਆਮ ਚੋਣਾਂ ਦੌਰਾਨ ਕੰਜ਼ਰਵੇਟਿਵ ਪਾਰਟੀ ਨੂੰ ਕਾਫੀ ਨੁਕਸਾਨ ਪਹੁੰਚ ਸਕਦਾ ਹੈ।
ਲੀਡਰਸ਼ਿਪ ਉਮੀਦਵਾਰ ਬਣਨ ਲਈ ਦੁਚਿੱਤੀ ‘ਚ ਹਨ ਓਲੀਏਰੀ
ਓਟਵਾ : ਕੰਜ਼ਰਵੇਟਿਵ ਲੀਡਰਸ਼ਿਪ ਉਮੀਦਵਾਰ ਬਣਨ ਨੂੰ ਲੈ ਕੇ ਅਜੇ ਓਲੀਏਰੀ ਦੁਚਿੱਤੀ ‘ਚ ਹਨ। ਓਲੀਏਰੀ ਉੱਤੇ ਲੀਡਰਸ਼ਿਪ ਦੌੜ ਵਿੱਚ ਸ਼ਾਮਲ ਹੋਣ ਦਾ ਦਬਾਅ ਪਾਇਆ ਜਾ ਰਿਹਾ ਹੈ।ਓਲੀਏਰੀ ਸੋਚ ਰਹੇ ਹਨ ਕਿ ਉਹ ਪਾਰਟੀ ਦੀ ਲੀਡਰਸ਼ਿਪ ਦੌੜ ਵਿੱਚ ਹਿੱਸਾ ਲਵੇ ਜਾਂ ਨਾ ਲਵੇ। ਇਹ ਮੰਨਿਆ ਜਾ ਰਿਹਾ ਹੈ ਕਿ ਕੈਨੇਡਾ ਤੇ ਅਮਰੀਕੀ ਚੋਣਾਂ ਵਿੱਚ ਵੱਡਾ ਆਧਾਰ ਹੋਣ ਕਾਰਨ ਜੇ ਓਲੀਏਰੀ ਇਸ ਦੌੜ ਵਿੱਚ ਸ਼ਾਮਲ ਹੁੰਦੇ ਹਨ ਤਾਂ ਉਨ੍ਹਾਂ ਨੂੰ ਕਾਫੀ ਹੱਦ ਤੱਕ ਸਫਲਤਾ ਮਿਲ ਸਕਦੀ ਹੈ।
ਇਸ ਦੌਰਾਨ ਕੰਜ਼ਰਵੇਟਿਵ ਲੀਡਰਸ਼ਿਪ ਉਮੀਦਵਾਰ ਐਂਡਰਿਊ ਸ਼ੀਅਰ, ਜੋ ਕਿ ਰੇਜਾਈਨਾ-ਕਿਊਅਪੇਲੇ ਤੋਂ ਐਮਪੀ ਹਨ, ਨੇ ਇੱਕ ਨਿਊਜ਼ ਰਲੀਜ਼ ਵਿੱਚ ਆਖਿਆ ਕਿ ਓਲੀਏਰੀ ਨੂੰ ਜਲਦ ਤੋਂ ਜਲਦ ਇਹ ਫੈਸਲਾ ਕਰਨਾ ਹੋਵੇਗਾ ਕਿ ਉਨ੍ਹਾਂ ਇਸ ਦੌੜ ਵਿੱਚ ਹਿੱਸਾ ਲੈਣਾ ਹੈ ਜਾਂ ਨਹੀਂ ਕਿਉਂਕਿ ਫਰੈਂਚ ਭਾਸ਼ਾ ਦੀ ਬਹਿਸ ਨੂੰ ਰੋਕਣ ਜਾਂ ਉਸ ਵਿੱਚ ਦੇਰ ਕਰਨ ਦਾ ਕੋਈ ਮਤਲਬ ਨਹੀਂ ਬਣਦਾ।
ਓਲੀਏਰੀ ਮਾਟਰੀਅਲ ਤੋਂ ਹਨ ਪਰ ਉਹ ਫਰੈਂਚ ਨਹੀਂ ਬੋਲ ਸਕਦੇ। ਸ਼ੁਰੂ ਸ਼ੁਰੂ ਵਿੱਚ ਉਨ੍ਹਾਂ ਆਖਿਆ ਸੀ ਕਿ ਇਹ ਉਨ੍ਹਾਂ ਲਈ ਕੋਈ ਸਮੱਸਿਆ ਨਹੀਂ ਹੋਵੇਗੀ ਕਿਉਂਕਿ ਵੋਟਰ ਉਨ੍ਹਾਂ ਦੀਆਂ ਆਰਥਿਕ ਨੀਤੀਆਂ ਦਾ ਸਮਰਥਨ ਕਰਨਗੇ। ਬਾਅਦ ਵਿੱਚ ਉਨ੍ਹਾਂ ਇਹ ਆਖਣਾ ਵੀ ਸ਼ੁਰੂ ਕਰ ਦਿੱਤਾ ਕਿ ਉਹ ਫਰੈਂਚ ਭਾਸ਼ਾ ਵੀ ਸਿੱਖ ਰਹੇ ਹਨ। ਅਜਿਹਾ ਪਹਿਲਾਂ ਵੀ ਹੋ ਚੁੱਕਿਆ ਹੈ ਕਿ ਲੀਡਰਸ਼ਿਪ ਹਾਸਲ ਹੋਣ ਤੋਂ ਬਾਅਦ ਆਗੂ ਆਪਣੀ ਦੂਜੀ ਭਾਸ਼ਾ ਸੁਧਾਰ ਲੈਂਦੇ ਹਨ। ਇਸ ਦੀ ਮਿਸਾਲ ਸਾਬਕਾ ਕੰਜ਼ਰਵੇਟਿਵ ਪ੍ਰਧਾਨ ਮੰਤਰੀ ਸਟੀਫਨ ਹਾਰਪਰ ਤੋਂ ਵੱਧ ਕਿਹੜੀ ਹੋ ਸਕਦੀ ਹੈ। 2004 ਵਿੱਚ ਪਾਰਟੀ ਦੀ ਲੀਡਰਸ਼ਿਪ ਜਿੱਤਣ ਤੋਂ ਬਾਅਦ ਉਨ੍ਹਾਂ ਦੀ ਫਰੈਂਚ ਭਾਸ਼ਾ ਵਿੱਚ ਕਾਫੀ ਸੁਧਾਰ ਆਇਆ ਸੀ। ਇੱਥੇ ਦੱਸਣਾ ਬਣਦਾ ਹੈ ਕਿ ਸਾਰੇ ਉਮੀਦਵਾਰਾਂ ਨੂੰ 17 ਜਨਵਰੀ ਨੂੰ ਕਿਊਬਿਕ ਸ਼ਹਿਰ ਵਿੱਚ ਹੋਣ ਜਾ ਰਹੀ ਫਰੈਂਚ ਡਿਬੇਟ ਵਿੱਚ ਹਿੱਸਾ ਲੈਣਾ ਲਾਜ਼ਮੀ ਹੋਵੇਗਾ। ਅਜਿਹਾ ਨਾ ਕਰਨ ਦੀ ਸੂਰਤ ਵਿੱਚ ਉਮੀਦਵਾਰਾਂ ਨੂੰ ਜੁਰਮਾਨਾ ਵੀ ਭਰਨਾ ਹੋਵੇਗਾ।
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …