ਟੋਰਾਂਟੋ/ਸਤਪਾਲ ਸਿੰਘ ਜੌਹਲ : ਕੈਨੇਡਾ ‘ਚ ਫਰੈਂਚ ਭਾਸ਼ਾ ਅਤੇ ਸੱਭਿਆਚਾਰ ਦੇ ਬੋਲਬਾਲੇ ਵਾਲੇ ਪ੍ਰਾਂਤ ਕਿਊਬਕ ਦੀ ਸਰਕਾਰ ਵਲੋਂ ਉੱਥੇ ਜ਼ਿਆਦਾ ਵਿਦੇਸ਼ੀਆਂ ਨੂੰ ਵੱਸਣ ਦਾ ਮੌਕਾ ਦੇਣ ਦਾ ਵਿਰੋਧ ਕੀਤਾ ਜਾ ਰਿਹਾ ਹੈ ਅਤੇ ਉੱਥੇ ਦੇ ਮੁੱਖ ਮੰਤਰੀ ਫਰਾਂਸੁਆ ਲੀਗਾਲਟ ਨੇ ਆਖਿਆ ਹੈ ਕਿ ਇਕ ਸਾਲ ‘ਚ 50000 ਤੋਂ ਜ਼ਿਆਦਾ ਪਰਵਾਸੀਆਂ ਨੂੰ ਨਹੀਂ ਲਿਆ ਜਾ ਸਕਦਾ। ਉਨ੍ਹਾਂ ਕਿਹਾ ਕਿ ਕੈਨੇਡਾ ਦੀ ਸਰਕਾਰ ਨੂੰ ਕਿਊਬਕ ਦੀ ਸਥਿਤੀ ਸਮਝਣੀ ਚਾਹੀਦੀ ਹੈ ਕਿਉਂਕਿ ਸਾਨੂੰ ਆਪਣੀ ਬੋਲੀ ਬਚਾਉਣ ਲਈ ਚੁਣੌਤੀਆਂ ਦਰਪੇਸ਼ ਹਨ। ਕੈਨੇਡਾ ਦੀ ਸਰਕਾਰ ਵਲੋਂ ਬੀਤੇ ਹਫਤੇ 2023 ਤੋਂ 2025 ਤੱਕ 1450000 ਵਿਦੇਸ਼ੀਆਂ ਨੂੰ ਦੇਸ਼ ‘ਚ ਪੱਕੇ ਤੌਰ ‘ਤੇ ਰਹਿਣ ਦਾ ਮੌਕਾ ਦੇਣ ਦਾ ਐਲਾਨ ਕੀਤਾ ਗਿਆ ਸੀ, ਜਿਸ ਤਹਿਤ ਅਗਲੇ ਸਾਲ 465000, 2024 ‘ਚ 485000 ਅਤੇ 2025 ‘ਚ 500000 ਇਮੀਗ੍ਰਾਂਟ ਵੀਜ਼ੇ ਜਾਰੀ ਕਰਨ ਦਾ ਟੀਚਾ ਰੱਖਿਆ ਗਿਆ ਹੈ। ਮੁੱਖ ਮੰਤਰੀ ਲੀਗਾਲਟ ਨੇ ਕੈਨੇਡਾ ਦੀ ਕੇਂਦਰ ਸਰਕਾਰ ਦੇ ਅੰਕੜਿਆਂ ਬਾਰੇ ਆਖਿਆ ਕਿ ਵਿਦੇਸ਼ਾਂ ਤੋਂ ਹਰੇਕ ਸਾਲ 400000 ਪਰਵਾਸੀਆਂ ਨੂੰ ਲਿਆਉਣ ਨਾਲ਼ ਪਹਿਲਾਂ ਹੀ ਸਮੱਸਿਆਵਾਂ ਹਨ ਅਤੇ 500000 ਨਾਲ ਸਮੱਸਿਆਵਾਂ ਹੋਰ ਵਧਣਗੀਆਂ। ਕਿਊਬਕ ਸਰਕਾਰ ਵਲੋਂ ਆਪਣੀ ਬੋਲੀ ਅਤੇ ਆਪਣੇ ਸੱਭਿਅਚਾਰ ਨੂੰ ਅਹਿਮੀਅਤ ਦੇਣ ਦੀ ਨੀਤੀ ਤਹਿਤ ਪਰਵਾਸੀਆਂ ਦੀ ਗਿਣਤੀ ਸੀਮਤ ਕਰਨ ਨਾਲ਼ ਹਰੇਕ ਸਾਲ ਵਿਦੇਸ਼ਾਂ ਤੋਂ ਆਉਣ ਵਾਲੇ ਪਰਵਾਸੀਆਂ ਦਾ ਕੈਨੇਡਾ ਦੇ ਹੋਰ ਪ੍ਰਾਂਤ ਜਿਵੇਂ ਉਨਟਾਰੀਓ, ਬ੍ਰਿਟਿਸ਼ ਕੋਲੰਬੀਆ, ਅਲਬਰਟਾ, ਮੈਨੀਟੋਬਾ, ਸਸਕਾਚਵਾਨ ਆਦਿਕ ਵੱਲ ਮੁਹਾਣ ਹੋਰ ਵਧਣ ਦੀ ਸੰਭਾਵਨਾ ਹੈ।