ਪਿਛਲੇ ਦਿਨੀਂ ਰਿਲੀਜ਼ ਹੋਇਆ ਹਰਜੀਤ ਬਾਜਵਾ ਦਾ ਨਵਾਂ ਗੀਤ ”ਆਹ ਕੀ ਭਾਣਾ ਵਰਤਾਇਆ ਨੀ, ਖਾ ਲਿਆ ਮੇਰੀ ਕੁੱਖ ਦਾ ਜਾਇਆ ਨੀ” ਅੱਜ ਕੱਲ੍ਹ ਲੋਕਾਂ ਵਿਚ ਕਾਫ਼ੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਇਸ ਦਾ ਕਾਰਨ ਇਸ ਦੇ ਬੋਲਾਂ ਦਾ ਸਮਾਜ ਵਿਚ ਚੱਲ ਰਹੀ ਅਜੋਕੀ ਸਮੱਸਿਆ ਨੂੰ ਤੀਬਰਤਾ ਨਾਲ ਛੋਹਣਾ ਹੈ। ਲੱਖਾਂ ਰੁਪਏ ਖ਼ਰਚ ਕਰਕੇ ਵਿਦੇਸ਼ਾਂ ਵਿਚ ਭੇਜੀਆਂ ਗਈਆਂ ਨੂੰਹਾਂ ਜਦੋਂ ਆਪਣੇ ਪਤੀਆਂ ਨੂੰ ਭੁੱਲ ਜਾਂਦੀਆਂ ਹਨ ਤਾਂ ਉਨ੍ਹਾਂ ਵਿਚਾਰਿਆਂ ਦੀ ਘੋਰ ਨਿਰਾਸ਼ਾ ਵਿਚ ਜਾ ਕੇ ਖ਼ੁਦਕਸ਼ੀਆਂ ਕਰਨ ਦੀ ਨੌਬਤ ਆ ਜਾਂਦੀ ਹੈ। ਅਜਿਹੀਆਂ ਮੰਦਭਾਗੀਆਂ ਘਟਨਾਵਾਂ ਬੀਤੇ ਦਿਨਾਂ ਵਿਚ ਲਵਪ੍ਰੀਤ ਵਰਗੇ ਕਈਆਂ ਪਤੀਆਂ ਨਾਲ ਵਾਪਰੀਆਂ ਹਨ। ਇਹ ਇਕੱਲੇ ਲਵਪ੍ਰੀਤ ਦੀ ਹੋਣੀ ਨਹੀਂ ਹੈ, ਸਗੋਂ ਉਹਦੇ ਵਰਗੇ ਕਈ ਹੋਰ ਅਜਿਹੇ ਵਰਤਾਰੇ ਦਾ ਸ਼ਿਕਾਰ ਹੋਏ ਹਨ। ਇਸ ਸੰਵੇਦਨਸ਼ੀਲ ਮੁੱਦੇ ‘ਤੇ ਲਿਖੇ ਗਏ ਹਰਜੀਤ ਬਾਜਵਾ ਦੇ ਇਸ ਖ਼ੂਬਸੂਰਤ ਗੀਤ ਦੀ ਹਰ ਪਾਸਿਉਂ ਸਰਾਹਨਾ ਹੋ ਰਹੀ ਹੈ। ਇਸ ਗੀਤ ਨੂੰ ਕੁਲਦੀਪ ਤੂਰ ਤੇ ਕਿਰਨ ਕੌਰ ਦੀ ਗਾਇਕ ਜੋੜੀ ਨੇ ਆਪਣੀਆਂ ਸੁਰੀਲੀਆਂ ਆਵਾਜ਼ਾਂ ਵਿਚ ਬੜੇ ਰੂਹ ਨਾਲ ਗਾਇਆ ਹੈ। ਸੰਗੀਤ ਰਾਜਿੰਦਰ ਸਿੰਘ ਰਾਜ ਵੱਲੋਂ ਦਿੱਤਾ ਗਿਆ ਹੈ। ਗੀਤ ਦੇ ਪਹਿਲੇ ਬੰਦ ਵਿਚ ਵਿਦੇਸ਼ ਗਈ ਨੂੰਹ ਦੀ ਸੱਸ ਜਦੋਂ ”ਇਕ ਮਾਂ ਦਾ ਦਿਲ ਤੜਪਾ ਕੇ ਦੱਸ ਸੁੱਖ ਕਿਹੜਾ ਪਾ ਲੈਂਗੀ” ਦਾ ਵਿਰਲਾਪ ਕਰਦੀ ਹੈ ਤਾਂ ਇਸ ਦੀ ਡੂੰਘੀ ਛਾਪ ਸਰੋਤਿਆਂ ਦੇ ਮਨ ‘ઑਤੇ ਪੈਂਦੀ ਹੈ। ਏਸੇ ਤਰ੍ਹਾਂ ਦੂਸਰੇ ਬੰਦ ਵਿਚ ਉਸ ਦਾ ਸਹੁਰਾ ਇੰਜ ਹੀ ਆਪਣੇ ਸ਼ਬਦਾਂ ਵਿਚ ਉਸ ਨੂੰ ਸੰਬੋਧਿਤ ਹੁਦਾ ਹੈ। ਤੀਸਰੇ ਬੰਦ ਵਿਚ ਉਸ ਦੀ ਨਣਾਨ (ਮਰਹੂਮ ਦੀ ਭੈਣ) ਆਪਣੀ ਰੱਖੜੀ ਦੇ ਮਾਧਿਅਮ ਰਾਹੀਂ ਉਸ ਨੂੰ ਮੁਖ਼ਾਤਿਬ ਹੁੰਦੀ ਹੈ ਅਤੇ ਆਖ਼ਰੀ ਬੰਦ ਵਿਚ ਮੁੰਡੇ ਦੇ ਦੋਸਤ ਜਦੋਂ ਉਸ ਨੂੰ ਕਹਿੰਦੇ ਹਨ, ”ਉਹਦੇ ਯਾਰਾਂ ਦਾ ਦਿਲ ਤੜਪਾ ਕੇ ਦੱਸ ਸੁੱਖ ਕਿਹੜਾ ਪਾ ਲੈਂਗੀ” ਤਾਂ ਇਸ ਨੂੰ ਇਸ ਗੀਤ ਦਾ ਕਲਾ ਮੈਕਸ ਕਿਹਾ ਜਾ ਸਕਦਾ ਹੈ।
ਹਰਜੀਤ ਬਾਜਵਾ ਪੇਸ਼ੇ ਵਜੋਂ ਟਰੱਕ ਡਰਾਈਵਰ ਹੈ ਅਤੇ ਇਸ ਵਿਚ ਉਹ ਚੰਗੀ ਰੋਟੀ ਕਮਾ ਕੇ ਆਪਣੇ ਪਰਿਵਾਰ ਦੀ ਵਧੀਆ ਪਾਲਣ-ਪੋਸਣ ਕਰ ਰਿਹਾ ਹੈ। ਇਸ ਦੇ ਨਾਲ ਹੀ ਉਸ ਨੂੰ ਸਮਾਜਿਕ ਸਰੋਕਾਰਾਂ ਨਾਲ ਜੁੜੇ ਗੀਤ ਅਤੇ ਕਵਿਤਾਵਾਂ ਲਿਖਣ ਦਾ ਸ਼ੌਕ ਹੈ ਅਤੇ ਸਾਹਿਤਕ ਮਹਿਫ਼ਲਾਂ ਵਿਚ ਉਹ ਇਨ੍ਹਾਂ ਨੂੰ ਆਪਣੇ ਮਿੱਤਰਾਂ ਨਾਲ ਸਾਂਝੇ ਵੀ ਕਰਦਾ ਹੈ। ਉਹ ਹੁਣ ਤੱਕ 200 ਦੇ ਕਰੀਬ ਗੀਤ ਲਿਖ ਚੁੱਕਾ ਹੈ ਅਤੇ ਉਸ ਦੇ ਗੀਤ ਸੁਰਿੰਦਰ ਛਿੰਦਾ ਅਤੇ ਨਿਰਮਲ ਨਿੰਮਾ ਵਰਗੇ ਗਾਇਕਾਂ ਨੇ ਆਪਣੀਆਂ ਕਲਾਤਮਿਕ ਆਵਾਜ਼ਾਂ ਵਿਚ ਗਾਏ ਹਨ। ਇਹ ਗੀਤ ਲੋਕਾਂ ਵਿਚ ਕਾਫ਼ੀ ਹਰਮਨ-ਪਿਆਰੇ ਹੋਏ ਹਨ। ਉਮੀਦ ਕੀਤੀ ਜਾਂਦੀ ਹੈ ਕਿ ਇਹ ਗੀਤ ઑਧੋਖ਼ਾ ਵੀ ਲੋਕਾਂ ਵੱਲੋਂ ਉਸ ਦੇ ਪਹਿਲੇ ਗੀਤਾਂ ਵਾਂਗ ਪਸੰਦ ਕੀਤਾ ਜਾਏਗਾ। ਹਰਜੀਤ ਬਾਜਵਾ ਦੀ ਕਲਮ ਨੂੰ ਸਲਾਮ ਹੈ ਜੋ ਏਨੇ ਵਧੀਆ ਗੀਤਾਂ ਦੀ ਰਚਨਾ ਕਰ ਰਹੀ ਹੈ। ਇਹ ਕਲਮ ਸਲਾਮਤ ਰਹੇ ਤੇ ਇਹ ਇੰਜ ਹੀ ਚੱਲਦੀ ਰਹੇ।
– ਡਾ. ਸੁਖਦੇਵ ਸਿੰਘ ਝੰਡ