ਟੋਰਾਂਟੋ/ਬਿਊਰੋ ਨਿਊਜ਼ : ਪ੍ਰੋਵਿੰਸ਼ੀਅਲ ਤੇ ਟੈਰੇਟੋਰੀਅਲ ਮੰਤਰੀਆਂ ਨਾਲ ਫੈਡਰਲ ਅਧਿਕਾਰੀਆਂ ਦੀ ਦੋ ਰੋਜ਼ਾ ਗੱਲਬਾਤ ਬਿਨਾਂ ਕਿਸੇ ਸਮਝੌਤੇ ਦੇ ਮੁੱਕ ਗਈ। ਇਸ ਮਗਰੋਂ ਫੈਡਰਲ ਸਰਕਾਰ ਨੇ ਵੀ ਕਿਸੇ ਕਿਸਮ ਦਾ ਐਲਾਨ ਕਰਨ ਤੋਂ ਖੁਦ ਨੂੰ ਪਾਸੇ ਕਰ ਲਿਆ।
ਫੈਡਰਲ ਸਿਹਤ ਮੰਤਰੀ ਜੀਨ ਯਵੇਸ ਡਕਲਸ ਨੇ ਆਖਿਆ ਕਿ ਉਹ ਚੰਗਾਂ ਇਰਾਦਾ ਤੇ ਸੋਚ ਲੈ ਕੇ ਮੀਟਿੰਗਜ਼ ਵਿੱਚ ਗਏ ਸਨ ਪਰ ਪ੍ਰੋਵਿੰਸ਼ੀਅਲ ਤੇ ਟੈਰੇਟੋਰੀਅਲ ਅਧਿਕਾਰੀਆਂ ਕਾਰਨ ਗੱਲਬਾਤ ਕਿਸੇ ਸਿਰੇ ਨਹੀਂ ਲੱਗ ਸਕੀ।
ਡਕਲਸ ਨੇ ਪ੍ਰੀਮੀਅਰਜ਼ ਉੱਤੇ ਦੋਸ਼ ਲਾਉਂਦਿਆਂ ਆਖਿਆ ਕਿ ਉਨ੍ਹਾਂ ਵੱਲੋਂ ਹੀ ਆਪਣੇ ਸਿਹਤ ਮੰਤਰੀਆਂ ਨੂੰ ਸਿਰਫ ਤੇ ਸਿਰਫ ਪੈਸੇ ਉੱਤੇ ਧਿਆਨ ਕੇਂਦਰਿਤ ਕਰਨ ਲਈ ਆਖਿਆ ਗਿਆ ਸੀ। ਉਨ੍ਹਾਂ ਇਹ ਵੀ ਆਖਿਆ ਕਿ ਆਪਣੇ ਸਿਹਤ ਮੰਤਰੀਆਂ ਨੂੰ ਆਪਣਾ ਕੰਮ ਨਾ ਕਰਨ ਦੇਣ ਲਈ ਸਿਰਫ ਤੇ ਸਿਰਫ ਪ੍ਰੀਮੀਅਰਜ਼ ਜ਼ਿੰਮੇਵਾਰ ਹਨ।
ਇਸ ਦੌਰਾਨ ਬ੍ਰਿਟਿਸ਼ ਕੋਲੰਬੀਆ ਦੇ ਸਿਹਤ ਮੰਤਰੀ ਆਡਰੀਅਨ ਡਿਕਸ ਨੇ ਆਖਿਆ ਕਿ ਮੀਟਿੰਗਜ਼ ਨੂੰ ਇਸ ਤਰ੍ਹਾਂ ਖ਼ਤਮ ਕਰਨਾ ਕਾਫੀ ਨਿਰਾਸ਼ਾਜਨਕ ਹੈ। ਇਸ ਤੋਂ ਪਹਿਲਾਂ ਉਨ੍ਹਾਂ ਆਖਿਆ ਸੀ ਕਿ ਫੈਡਰਲ ਫੰਡਿੰਗ ਨੂੰ 22 ਫੀਸਦੀ ਤੋਂ 35 ਫੀ ਸਦੀ ਕਰਵਾਉਣ ਲਈ ਪ੍ਰੋਵਿੰਸ਼ੀਅਲ ਤੇ ਟੈਰੇਟੋਰੀਅਲ ਮੰਤਰੀ ਇੱਕਜੁੱਟ ਹਨ। ਡਿਕਸ ਨੇ ਆਖਿਆ ਕਿ ਇਨ੍ਹਾਂ ਮੀਟਿੰਗਾਂ ਦੇ ਨਤੀਜੇ ਉਹ ਨਹੀਂ ਸਨ ਜਿਨ੍ਹਾਂ ਦੀ ਕੈਨੇਡੀਅਨਜ਼ ਨੇ ਆਸ ਕੀਤੀ ਸੀ। ਇਸ ਤੋਂ ਪਹਿਲਾਂ ਡਕਲਸ ਨੇ ਸੋਮਵਾਰ ਨੂੰ ਇਹ ਆਖਿਆ ਸੀ ਕਿ ਸਰਕਾਰ ਹੈਲਥ ਟਰਾਂਸਫਰ ਵਧਾਉਣ ਲਈ ਤਿਆਰ ਹੈ ਪਰ ਕੁੱਝ ਸ਼ਰਤਾਂ ਵੀ ਪੂਰੀਆਂ ਕਰਨੀਆਂ ਹੋਣਗੀਆਂ। ਕੁੱਝ ਹੈਲਥ ਮਾਪਦੰਡ ਪੂਰੇ ਕਰਨੇ ਹੋਣਗੇ ਤੇ ਡਾਟਾ ਸ਼ੇਅਰਿੰਗ ਕਰਨੀ ਹੋਵੇਗੀ। ਡਿਕਸ ਨੇ ਆਖਿਆ ਕਿ ਉਹ ਫੈਡਰਲ ਸਰਕਾਰ ਦੇ ਇਸ ਤਰ੍ਹਾਂ ਦੇ ਵਿਵਹਾਰ ਤੋਂ ਨਿਰਾਸ਼ ਹਨ ਤੇ ਗੱਲਬਾਤ ਉਸ ਲਿਹਾਜ ਨਾਲ ਸਿਰੇ ਨਹੀਂ ਚੜ੍ਹ ਸਕੀ ਜਿਸ ਤਰ੍ਹਾਂ ਦੀ ਉਹ ਸਾਰੇ ਉਮੀਦ ਕਰ ਰਹੇ ਸਨ।