ਟੋਰਾਂਟੋ/ਬਿਊਰੋ ਨਿਊਜ਼ : ਦੇਸ਼ ਵਿੱਚ ਮਹਿੰਗਾਈ ਹੱਦੋਂ ਵੱਧ ਚੁੱਕੀ ਹੈ, ਖਾਣ-ਪੀਣ ਦੀਆਂ ਵਸਤਾਂ, ਘਰਾਂ ਤੇ ਫਿਊਲ ਦੀਆਂ ਕੀਮਤਾਂ ਅਸਮਾਨ ਛੂਹ ਰਹੀਆਂ ਹਨ। ਇੰਜ ਲੱਗਦਾ ਹੈ ਕਿ ਇਸ ਸਮੇਂ ਦੇਸ਼ ਵਿੱਚ ਸਾਰਾ ਸਿਸਟਮ ਟੁੱਟ ਭੱਜ ਚੁੱਕਿਆ ਹੈ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਕੰਸਰਵੇਟਿਵ ਆਗੂ ਪਇਏਰ ਪੌਲੀਏਵਰ ਨੇ ਮੀਡੀਆ ਸਾਹਮਣੇ ਆਖੀਆਂ।
ਉਨ੍ਹਾਂ ਆਖਿਆ ਕਿ ਇਸ ਸਮੇਂ ਦੇਸ਼ ਵਿੱਚ 40 ਸਾਲਾਂ ਵਿੱਚ ਸਭ ਤੋਂ ਜ਼ਿਆਦਾ ਮਹਿੰਗਾਈ ਹੈ। 35 ਸਾਲਾਂ ਦੇ ਵਿਅਕਤੀਆਂ ਨੂੰ ਆਪਣੇ ਮਾਪਿਆਂ ਦੇ ਘਰ ਦੀ ਬੇਸਮੈਂਟ ਵਿੱਚ ਰਹਿਣ ਲਈ ਮਜਬੂਰ ਹੋਣਾ ਪੈ ਰਿਹਾ ਹੈ ਤੇ ਫਿਊਲ ਦੀਆਂ ਕੀਮਤਾਂ ਵਿੱਚ 100 ਫੀਸਦੀ ਵਾਧਾ ਹੋ ਚੁੱਕਿਆ ਹੈ। ਉਨ੍ਹਾਂ ਆਖਿਆ ਕਿ ਇਸ ਸਭ ਕਾਸੇ ਲਈ ਲਿਬਰਲ ਸਰਕਾਰ ਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਜ਼ਿੰਮੇਵਾਰ ਹਨ। ਉਨ੍ਹਾਂ ਇਹ ਸੁਝਾਅ ਵੀ ਦਿੱਤਾ ਕਿ ਜੇ ਕੰਸਰਵੇਟਿਵ ਸਰਕਾਰ ਸੱਤਾ ਵਿੱਚ ਆਉਂਦੀ ਹੈ ਤਾਂ ਇਨ੍ਹਾਂ ਸਾਰੀਆਂ ਮੁਸੀਬਤਾਂ ਤੋਂ ਛੁਟਕਾਰਾ ਮਿਲ ਸਕਦਾ ਹੈ।
ਬੁੱਧਵਾਰ ਨੂੰ ਵੈਨਕੂਵਰ ਦੀ ਸੁਪਰਮਾਰਕਿਟ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੌਲੀਏਵਰ ਨੇ ਨਸ਼ਿਆਂ ਵਿੱਚ ਹੋਏ ਵਾਧੇ, ਜੁਰਮ ਤੇ ਬੇਘਰੇ ਲੋਕਾਂ ਦੀ ਵਧ ਰਹੀ ਤਾਦਾਦ ਉੱਤੇ ਵੀ ਸਵਾਲ ਉਠਾਏ। ਉਨ੍ਹਾਂ ਆਖਿਆ ਕਿ ਅਸੀਂ ਇਹ ਸਭ ਕੁੱਝ ਹੱਥ ਉੱਤੇ ਹੱਥ ਧਰ ਕੇ ਬੈਠੇ ਰਹਿ ਕੇ ਤਾਂ ਦੇਖ ਨਹੀਂ ਸਕਦੇ।
ਸਾਨੂੰ ਦੇਸ਼ ਨੂੰ ਮੁੜ ਲੀਹ ਉੱਤੇ ਲਿਆਉਣਾ ਹੋਵੇਗਾ। ਇਸ ਲਈ ਸਾਨੂੰ ਸਰਕਾਰ ਵੱਲੋਂ ਕੀਤੀ ਜਾ ਰਹੀ ਸ਼ਾਹ ਖਰਚੀ ਉੱਤੇ ਕਾਬੂ ਕਰਨਾ ਹੋਵੇਗਾ ਤੇ ਮਹਿੰਗਾਈ ਨੂੰ ਵੀ ਨਕੇਲ ਪਾਉਣੀ ਹੋਵੇਗੀ।
ਉਨ੍ਹਾਂ ਇਹ ਵੀ ਆਖਿਆ ਕਿ ਇਹ ਸਭ ਫੈਡਰਲ ਪਾਲਿਸੀ ਵਿੱਚ ਤਬਦੀਲੀਆਂ ਕਰਕੇ ਕੀਤਾ ਜਾ ਸਕਦਾ ਹੈ ਤੇ ਇਹ ਉਦੋਂ ਹੀ ਸੰਭਵ ਹੈ ਜਦੋਂ ਸੱਤਾ ਦੀ ਵਾਗਡੋਰ ਕੰਸਰਵੇਟਿਵਾਂ ਹੱਥ ਆਵੇਗੀ।
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …