ਅਚਾਨਕ ਦਿਲ ਦਾ ਦੌਰਾ ਪਿਆ, ਸਾਥੀ ਐਮ.ਪੀਜ਼ ਨੇ ਸ਼ੋਕ ਸਭਾ ‘ਚ ਕੀਤਾ ਬਰਾਊਨ ਨੂੰ ਯਾਦ
ਓਟਵਾ/ ਬਿਊਰੋ ਨਿਊਜ਼ : ਕੰਸਰਵੇਟਿਵ ਪਾਰਟੀ ਦੇ ਐਮ.ਪੀ. ਗੋਰਡ ਬਰਾਊਨ ਦੀ ਲੰਘੇ ਬੁੱਧਵਾਰ ਨੂੰ ਪਾਰਲੀਮੈਂਟ ਹਿਲ ਆਫਿਸ ਵਿਚ ਅਚਾਨਕ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। 57 ਸਾਲਾ ਬਰਾਊਨ ਸਾਲ 2004 ਤੋਂ ਹੀ ਐਮ.ਪੀ. ਹਨ ਅਤੇ ਉਹ ਓਨਟਾਰੀਓ ਤੋਂ ਲੀਡਜ ਗਰੇਨਵਿਲੋ ਥਾਊਸੈਂਡ ਆਈਲੈਂਡਸ ਅਤੇ ਰਿਡਿਊ ਲੇਕਜ ਖੇਤਰ ਦੀ ਪ੍ਰਤੀਨਿਧਤਾ ਕਰਦੇ ਹਨ। ਉਹ ਸੰਸਦ ਮੈਂਬਰਾਂ ‘ਚ ਕਾਫ਼ੀ ਹਰਮਨਪਿਆਰੇ ਸਨ ਅਤੇ ਉਨ੍ਹਾਂ ਦਾ ਸਾਰਿਆਂ ਨਾਲ ਬਹੁਤ ਸਨੇਹ ਭਰਿਆ ਵਤੀਰਾ ਸੀ। ਬੁੱਧਵਾਰ ਦੀ ਸਵੇਰੇ ਨੂੰ ਉਨ੍ਹਾਂ ਕੰਜਰਵੇਟਿਵ ਕਾਕਸ ਦੇ ਮੈਂਬਰਾਂ ਦੇ ਨਾਲ ਬੈਠਕ ਤੋਂ ਬਾਅਦ ਆਖਰੀ ਸਾਹ ਲਿਆ। ਦੱਸਿਆ ਜਾ ਰਿਹਾ ਹੈ ਕਿ ਉਹ ਆਪਣੇ ਆਫਿਸ ‘ਚ ਮ੍ਰਿਤਕ ਪਾਏ ਗਏ। ਮੰਨਿਆ ਜਾ ਰਿਹਾ ਹੈ ਕਿ ਉਨ੍ਹਾਂ ਦੀ ਮੌਤ ਦਿਲ ਦਾ ਦੌਰਾ ਪੈਣ ਨਾਲ ਹੋਈ। ਮੈਡੀਕਲ ਟੀਮ ਨੇ ਉਨ੍ਹਾਂ ਨੂੰ ਆਕਸੀਜਨ ਦੇ ਕੇ ਹਸਪਤਾਲ ਲੈ ਕੇ ਜਾਣ ਦਾ ਯਤਨ ਵੀ ਕੀਤਾ ਪਰ ਉਨ੍ਹਾਂ ਨੂੰ ਬਚਾਇਆ ਨਹੀਂ ਜਾ ਸਕਿਆ। ਬਰਾਊਨ ਦੇ ਪਰਿਵਾਰ ‘ਚ ਉਨ੍ਹਾਂ ਦੀ ਪਤਨੀ ਕਲੋਡੀਨ ਅਤੇ ਉਨ੍ਹਾਂ ਦੇ ਦੋ ਪੁੱਤਰ ਚਾਂਸ ਅਤੇ ਟ੍ਰਿਸਟਨ ਹਨ। ਬਰਾਊਨ ਪਹਿਲੇ ਕੰਜਰਵੇਟਿਵ ਪਾਰਟੀ ਦੇ ਵ੍ਹਿਪ ਵਜੋਂ ਵੀ ਸੇਵਾਵਾਂ ਨਿਭਾਅ ਚੁੱਕੇ ਹਨ ਅਤੇ ਉਹ ਕਈ ਪਾਰਲੀਮੈਂਟ ਐਸੋਸੀਏਸ਼ਨ ਔਰਰ ਇੰਟਰਪਾਰਲੀਮੈਂਟਰੀ ਗਰੁੱਪਾਂ ਦੇ ਵੀ ਮੈਂਬਰ ਰਹੇ ਹਨ। ਫੈਡਰਲ ਰਾਜਨੀਤੀ ‘ਚ ਪ੍ਰਵੇਸ਼ ਕਰਨ ਤੋਂ ਪਹਿਲਾਂ ਉਹ ਗੈਨਾਨਾਕ ਓਨਟਾਰੀਓ ਟਰਾਊਨ ‘ਚ ਕੌਂਸਲਰ ਸਨ। ਉਨ੍ਹਾਂ ਦੀ ਵੈੱਬਸਾਈਟ ਅਨੁਸਾਰ ਬਰਾਊਨ ਕਾਇਕਿੰਗ ਦੇ ਵੀ ਸ਼ੌਕੀਨ ਸਨ ਅਤੇ ਉਹ ਕੰਜਰਵੇਟਿਵ ਪਾਰਟੀ ਦੀ ਹਿਲ ਹਾਕੀ ਟੀਮ ਦੇ ਵੀ ਕਪਤਾਨ ਸਨ। ਉਨ੍ਹਾਂ ਦੀ ਮੌਤ ਤੋਂ ਬਾਅਦ ਐਮ.ਪੀ. ਨੇ ਦੁਪਹਿਰ ਨੂੰ ਹਾਊਸ ਆਫ ਕਾਮਨਸ ‘ਚ ਇਕੱਤਰ ਹੋ ਕੇ ਬਰਾਊਨ ਨੂੰ ਸ਼ਰਧਾਂਜਲੀ ਦਿੱਤੀ। ਇਸ ਮੌਕੇ ਦੋ ਮਿੰਟ ਦਾ ਮੌਨ ਵੀ ਰੱਖਿਆ ਗਿਆ ਅਤੇ ਸੰਸਦ ਵਿਚ ਬਾਕੀ ਦਿਨ ਦੀ ਕਾਰਵਾਈ ਨੂੰ ਮੁਲਤਵੀ ਕਰ ਦਿੱਤਾ ਗਿਆ।
ਓਨਟਾਰੀਓ ਤੋਂ ਐਮ.ਪੀ. ਟੋਨੀ ਕਲੇਮੇਂਟ ਨੇ ਕਿਹਾ ਕਿ ਉਹ ਬਰਾਊਨ ਨੂੰ 1981 ਤੋਂ ਜਾਣਦੇ ਹਨ, ਜਦੋਂ ਉਹ ਦੋਵੇਂ ਨੌਜਵਾਨ ਪ੍ਰੋਗਰੈਸਿਵ ਕੰਜਰਵੇਟਿਵ ਆਗੂ ਸਨ। ਉਨ੍ਹਾਂ ਨੇ ਦਿਲੋਂ ਬਰਾਊਨ ਨੂੰ ਯਾਦ ਕੀਤਾ। ਉਨ੍ਹਾਂ ਨੇ ਕਿਹਾ ਕਿ ਉਹ ਨਾ-ਸਿਰਫ਼ ਇਕ ਚੰਗੇ ਆਦਮੀ ਸਨ, ਸਗੋਂ ਉਹ ਹਮੇਸ਼ਾ ਸਾਡੇ ਲਈ ਖੜ੍ਹੇ ਰਹਿੰਦੇ ਸਨ। ਅੱਜ ਮੇਰੇ ਕੋਲ ਉਨ੍ਹਾਂ ਨੂੰ ਯਾਦ ਕਰਨ ਲਈ ਸ਼ਬਦ ਨਹੀਂ ਹਨ।
ਸੰਸਦ ਦੇ ਵਿਸ਼ੇਸ਼ ਸੈਸ਼ਨ ‘ਚ ਕੀਤਾ ਗਿਆ ਯਾਦ
ਇਸ ਤੋਂ ਪਹਿਲਾਂ ਸੰਸਦ ਵਿਚ ਇਕ ਵਿਸ਼ੇਸ਼ ਸੈਸ਼ਨ ‘ਚ ਉਨ੍ਹਾਂ ਨੂੰ ਯਾਦ ਕੀਤਾ ਗਿਆ, ਜਿਸ ਵਿਚ ਸਾਰੀਆਂ ਪਾਰਟੀਆਂ ਦੇ ਪ੍ਰਮੁੱਖ ਆਗੂਆਂ ਨੇ ਹਿੱਸਾ ਲਿਆ ਅਤੇ ਉਨ੍ਹਾਂ ਨੂੰ ਯਾਦ ਕੀਤਾ। ਕੰਜਰਵੇਟਿਵ ਆਗੂ ਐਂਡਰਿਊ ਸ਼ੀਅਰ ਨੇ ਬਰਾਊਨ ਦੀ ਮੌਤ ‘ਤੇ ਦੁੱਖ ਪ੍ਰਗਟ ਕੀਤਾ। ਉਨ੍ਹਾਂ ਨੇ ਕਿਹਾ ਕਿ ਬਰਾਊਨ ਹਮੇਸ਼ਾ ਤੋਂ ਹੀ ਆਪਣੇ ਸੰਸਦੀ ਖੇਤਰ ‘ਚ ਵੀ ਕਾਫ਼ੀ ਹਰਮਨਪਿਆਰੇ ਰਹੇ ਹਨ ਅਤੇ ਉਹ ਲਗਾਤਾਰ ਲੋਕਾਂ ਦੀ ਸੇਵਾ ਵਿਚ ਸਰਗਰਮ ਰਹਿੰਦੇ ਸਨ। ਉਥੇ ਹੀ ਲਿਬਰਲ ਐਮ.ਪੀ. ਵੇਅਰ ਈਸਟਰ ਨੇ ਹਾਊਸ ‘ਚ ਆਪਣੀ ਪਾਰਟੀ ਵਲੋਂ ਬਰਾਊਨ ਦੀ ਮੌਤ ‘ਤੇ ਸੋਗ ਪ੍ਰਗਟ ਕੀਤਾ। ਐਨ.ਡੀ.ਪੀ. ਐਮ.ਪੀ. ਬਰਾਊਨ ਮੈਸ ਨੇ ਵੀ ਆਪਣੀ ਪਾਰਟੀ ਵਲੋਂ ਬਰਾਊਨ ਦੀ ਮੌਤ ‘ਤੇ ਦੁੱਖ ਪ੍ਰਗਟਾਇਆ।
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …