ਓਟਵਾ/ਬਿਊਰੋ ਨਿਊਜ਼ : ਬੀਸੀਈ ਇਨਕਾਰਪੋਰੇਸ਼ਨ ਵੱਲੋਂ ਲੰਘੇ ਦਿਨੀਂ ਆਪਣੇ 1300 ਮੁਲਾਜ਼ਮਾਂ ਦੀ ਛਾਂਗੀ ਕਰਨ ਦਾ ਐਲਾਨ ਕੀਤਾ ਗਿਆ। ਕੁੱਲ ਮਿਲਾ ਕੇ ਇਹ ਛਾਂਗੀਆਂ ਕੰਪਨੀ ਦੀ ਵਰਕਫੋਰਸ ਦਾ ਤਿੰਨ ਫੀਸਦੀ ਬਣਦੀਆਂ ਹਨ। ਇਸ ਤੋਂ ਇਲਾਵਾ ਕੰਪਨੀ ਨੇ ਨੌਂ ਰੇਡੀਓ ਸਟੇਸ਼ਨ ਬੰਦ ਕਰਨ ਜਾਂ ਵੇਚਣ ਦਾ ਐਲਾਨ ਵੀ ਕੀਤਾ ਹੈ। ਇਨ੍ਹਾਂ ਛਾਂਗੀ ਕੀਤੇ ਮੁਲਾਜ਼ਮਾਂ ਵਿੱਚ ਬੈੱਲ ਮੀਡੀਆ ਦੇ ਛੇ ਫੀਸਦੀ ਮੁਲਾਜ਼ਮ ਵੀ ਹਨ। ਬੈੱਲ ਦੇ ਕੁੱਝ ਆਲ੍ਹਾ ਦਰਜੇ ਦੇ ਪੱਤਰਕਾਰਾਂ ਸਮੇਤ ਜਿਨ੍ਹਾਂ ਮੁਲਾਜ਼ਮਾਂ ਦੀ ਛਾਂਗੀ ਕੀਤੀ ਗਈ ਹੈ ਉਨ੍ਹਾਂ ਵੱਲੋਂ ਦਿਨ ਭਰ ਸੋਸ਼ਲ ਮੀਡੀਆ ਉੱਤੇ ਇਹ ਖਬਰ ਸਾਂਝੀ ਕੀਤੀ ਜਾਂਦੀ ਰਹੀ। ਸੀਟੀਵੀ ਨੈਸ਼ਨਲ ਨਿਊਜ਼ ਦੀ ਐਗਜ਼ੈਕਟਿਵ ਪ੍ਰੋਡਿਊਸਰ ਰੋਜ਼ਾ ਹਵਾਂਗ ਸਮੇਤ ਕੰਪਨੀ ਨੇ ਕਈ ਉੱਘੇ ਪੱਤਰਕਾਰਾਂ ਦੀ ਪ੍ਰੋਫਾਈਲ ਅਪਡੇਟ ਕਰਕੇ ਆਖਿਆ ਕਿ ਹੁਣ ਉਹ ਕੰਪਨੀ ਨਾਲ ਕੰਮ ਨਹੀਂ ਕਰ ਰਹੇ।
ਇਨ੍ਹਾਂ ਵਿੱਚ ਸੀਟੀਵੀ ਨੈਸ਼ਨਲ ਨਿਊਜ਼ ਦੇ ਓਟਵਾ ਬਿਊਰੋ ਚੀਫ ਜੌਇਸ ਨੇਪੀਅਰ, ਸੀਨੀਅਰ ਪੁਲੀਟੀਕਲ ਕਾਰੈਸਪਾਂਡੈਂਟ ਗਲੈਨ ਮੈਕਗ੍ਰੈਗਰ, ਚੀਫ ਇੰਟਰਨੈਸ਼ਨਲ ਕਾਰੈਸਪਾਂਡੈਂਟ ਪਾਲ ਵਰਕਮੈਨ, ਲੰਡਨ ਨਿਊਜ਼ ਬਿਊਰੋ ਕਾਰੈਸਪਾਂਡੈਂਟ ਡੈਨੀਅਲ ਹਮਾਮਦਜੀਆਨ ਤੇ ਲਾਸ ਏਂਜਲਸ ਬਿਊਰੋ ਚੀਫ ਟੌਮ ਵਾਲਟਰਜ਼ ਵੀ ਸ਼ਾਮਲ ਹਨ। ਅਮਰੀਕਾ ਵਿੱਚ ਮੀਡੀਆ ਇੰਡਸਟਰੀ ਵੱਲੋਂ ਇਸ ਸਾਲ 17,000 ਤੋਂ ਵੱਧ ਪੱਤਰਕਾਰਾਂ ਦੀ ਛਾਂਗੀ ਕੀਤੀ ਜਾ ਚੁੱਕੀ ਹੈ। ਇਹ ਖੁਲਾਸਾ ਅਜਿਹੀਆਂ ਛਾਂਗੀਆਂ ਦਾ ਰਿਕਾਰਡ ਰੱਖਣ ਵਾਲੀ ਮੇਅ 2023 ਚੈਲੈਂਜਰ ਰਿਪੋਰਟ ਵਿੱਚ ਕੀਤਾ ਗਿਆ।
ਸੀਟੀਵੀ ਦੇ ਲੰਡਨ, ਯੂਕੇ ਤੇ ਲਾਸ ਏਂਜਲਸ ਫੌਰਨ ਬਿਊਰੋਜ਼ ਨੂੰ ਕੰਪਨੀ ਵੱਲੋਂ ਬੰਦ ਕੀਤਾ ਜਾ ਰਿਹਾ ਹੈ ਜਦਕਿ ਵਾਸ਼ਿੰਗਟਨ, ਡੀਸੀ ਦੇ ਅਮਲੇ ਨੂੰ ਘਟਾਇਆ ਜਾ ਰਿਹਾ ਹੈ। ਕੰਪਨੀ ਨੇ ਇਹ ਵੀ ਆਖਿਆ ਕਿ ਉਸ ਵੱਲੋਂ ਵਿੰਨੀਪੈਗ ਦੇ ਫੰਨੀ 1290, ਕੈਲਗਰੀ ਦੇ ਫੰਨੀ 1060, ਐਡਮੰਟਨ ਦੇ ਟੀਐਸਐਨ 1260 ਰੇਡੀਓ, ਵੈਨਕੂਵਰ ਦੇ ਬੀਐਨਐਨ ਬਲੂਮਬਰਗ ਰੇਡੀਓ 1410 ਤੇ ਫੰਨੀ 1040 ਦੇ ਨਾਲ ਨਾਲ ਲੰਡਨ ਦੇ ਨਿਊਜ਼ ਟਾਕ 1290 ਨੂੰ ਬੰਦ ਕੀਤਾ ਜਾ ਰਿਹਾ ਹੈ।
ਇਸ ਤੋਂ ਇਲਾਵਾ ਕੰਪਨੀ ਹੈਮਿਲਟਨ ਦੇ ਏਐਮ ਰੇਡੀਓ 1150 ਤੇ ਏਐਮ 820 ਦੇ ਨਾਲ ਨਾਲ ਵਿੰਡਸਰ ਦੇ ਏਐਮ 580 ਨੂੰ ਵੇਚਣ ਜਾ ਰਹੀ ਹੈ। ਇਹ ਕਿਸ ਕੰਪਨੀ ਨੂੰ ਵੇਚੇ ਜਾ ਰਹੇ ਹਨ ਇਸ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਤੇ ਇਹ ਸੀਆਰਟੀਸੀ ਦੀ ਮਨਜੂਰੀ ਉੱਤੇ ਨਿਰਭਰ ਕਰਦੇ ਹਨ।