ਟੋਰਾਂਟੋ/ਬਿਊਰੋ ਨਿਊਜ਼ : ਟੋਰਾਂਟੋ ਦੀ ਡਿਪਟੀ ਮੇਅਰ ਦਾ ਕਹਿਣਾ ਹੈ ਕਿ ਜੌਹਨ ਟੋਰੀ ਦੀ ਥਾਂ ਲੈਣ ਲਈ ਮੇਅਰ ਦੇ ਅਹੁਦੇ ਵਾਸਤੇ ਜ਼ਿਮਨੀ ਚੋਣਾਂ ਜਲਦੀ ਕਰਵਾਉਣ ਦਾ ਉਨ੍ਹਾਂ ਦਾ ਕੋਈ ਇਰਾਦਾ ਨਹੀਂ ਹੈ। ਉਨ੍ਹਾਂ ਆਖਿਆ ਕਿ ਇਸ ਲਈ ਉਹ ਸਿਟੀ ਕੌਂਸਲ ਦੀ ਮੀਟਿੰਗ ਜਲਦ ਨਹੀਂ ਸੱਦਣ ਜਾ ਰਹੀ।
ਜੈਨੀਫਰ ਮੈਕੈਲਵੀ ਨੇ ਆਖਿਆ ਕਿ ਉਹ ਚਾਹੁੰਦੇ ਹਨ ਕਿ ਜ਼ਿਮਨੀ ਚੋਣਾਂ ਜਲਦ ਤੋਂ ਜਲਦ ਕਰਵਾਈਆਂ ਜਾਣ ਕਿਉਂਕਿ ਟੋਰਾਂਟੋ ਵਾਸੀ ਆਪਣੇ ਨਵੇਂ ਮੇਅਰ ਨੂੰ ਮਿਲਣ ਲਈ ਕਾਹਲੇ ਹਨ। ਪਰ ਸਿਟੀ ਸਟਾਫ ਨੂੰ ਸਭ ਤੋਂ ਵੱਡੀਆਂ ਜ਼ਿਮਨੀ ਚੋਣਾਂ ਲਈ ਤਿਆਰੀ ਕਰਨ ਵਾਸਤੇ ਵੀ ਸਮਾਂ ਚਾਹੀਦਾ ਹੈ। ਮੈਕੈਲਵੀ ਨੇ ਆਖਿਆ ਕਿ ਉਹ ਸਿਟੀ ਕੌਂਸਲ ਦੀ ਮੀਟਿੰਗ ਨਿਰਧਾਰਤ ਸਮੇਂ, ਜੋ ਕਿ 29 ਮਾਰਚ ਬਣਦਾ ਹੈ, ਉੱਤੇ ਹੀ ਕਰਵਾਏਗੀ। ਜ਼ਿਕਰਯੋਗ ਹੈ ਕਿ ਇਸ ਮੀਟਿੰਗ ਵਿੱਚ ਜੇ ਕੌਂਸਲਰਜ਼ ਇਸ ਪ੍ਰਕਿਰਿਆ ਨੂੰ ਸ਼ੁਰੂ ਕਰਨ ਲਈ ਬਾਇਲਾਅ ਪਾਸ ਕਰਦੇ ਹਨ ਤਾਂ ਇਹ ਜ਼ਿਮਨੀ ਚੋਣਾਂ ਜੂਨ ਜਾਂ ਜੁਲਾਈ ਵਿੱਚ ਹੋ ਸਕਦੀਆਂ ਹਨ।
ਜੈਨੀਫਰ ਮੈਕੈਲਵੀ ਨੇ ਆਖਿਆ ਕਿ ਇਸ ਲਈ ਉਹ ਸਿਟੀ ਕਲਰਕ ਦੀ ਸਲਾਹ ਮੰਨਣਗੇ ਕਿ ਵੋਟਾਂ ਕਦੋਂ ਕਰਵਾਈਆਂ ਜਾਣ, ਜਦਕਿ ਉਨ੍ਹਾਂ ਦੇ ਕੁੱਝ ਕੌਂਸਲ ਕੁਲੀਗਜ ਦਾ ਮੰਨਣਾ ਹੈ ਕਿ ਜੂਨ ਮਹੀਨੇ ‘ਚ ਗਰਮੀ ਵਿੱਚ ਹੋਣ ਵਾਲੀਆਂ ਜ਼ਿਮਨੀ ਚੋਣਾਂ ਕਾਰਨ ਵੋਟਰਾਂ ਦੀ ਗਿਣਤੀ ਘੱਟ ਸਕਦੀ ਹੈ।