ਕੈਨੇਡਾ ਦੇ ਸਟੱਡੀ ਅਤੇ ਵਰਕ ਪਰਮਿਟ ‘ਚ ਫ਼ਰਕ ਸਮਝਣ ਦੀ ਲੋੜ
ਟੋਰਾਂਟੋ/ਸਤਪਾਲ ਸਿੰਘ ਜੌਹਲ : ਕੈਨੇਡਾ ਵਿਖੇ ਇਜਾਜ਼ਤ ਤੋਂ ਵੱਧ ਕੰਮ ਕਰਨ ਕਾਰਨ ਵਾਪਸ ਪੰਜਾਬ ਮੋੜੇ ਜਾਣ ਦੀ ਕਗਾਰ ‘ਤੇ ਖੜ੍ਹੇ ਜੋਬਨਦੀਪ ਸਿੰਘ ਸੰਧੂ (22) ਬਾਰੇ ਕਈ ਦਿਨਾਂ ਤੋਂ ਖ਼ਬਰਾਂ ਲਗਾਤਾਰਤਾ ਨਾਲ ਚਰਚਾ ਹਨ ਜਿਸ ਦੀ ਗੂੰਜ ਕੈਨੇਡਾ ਦੀ ਪਾਰਲੀਮੈਂਟ ਵਿਚ ਵੀ ਪੈ ਚੁੱਕੀ ਹੈ ਅਤੇ ਇਮੀਗ੍ਰੇਸ਼ਨ ਮੰਤਰੀ ਅਹਿਮਦ ਹੁਸੈਨ ਨੂੰ ਇਸ ਬਾਰੇ ਸਵਾਲ ਦਾ ਜਵਾਬ ਦੇਣਾ ਪਿਆ। ਜੋਬਨਦੀਪ 26 ਅਗਸਤ 2015 ਨੂੰ ਵਿਦਿਆਰਥੀ ਵਜੋਂ ਮਕੈਨੀਕਲ ਇੰਜ. ਟੈਕਨੀਸ਼ੀਅਨ ਕੋਰਸ ਕਰਨ ਕੈਨੇਡਾ ਪੁੱਜਾ ਸੀ। ਉਸ ਦਾ ਸੁਪਨਾ ਕੈਨੇਡਾ ਵਿਚ ਸੈੱਟ ਹੋਣ ਦਾ ਸੀ ਪਰ ਉਹ ਕਮਾਈ ਕੀਤੇ ਬਿਨਾ ਆਪਣੀ ਫ਼ੀਸ ਦੇਣ ਦੇ ਸਮਰੱਥ ਨਹੀਂ ਸੀ। ਇਸ ਕਰਕੇ ਉਸ ਨੇ ਜੀਅ-ਜਾਨ ਲਗਾ ਕੇ ਸਟੱਡੀ ਪਰਮਿਟ ਵਿਚ ਕੰਮ ਕਰਨ ਦੀ ਮਿਲੀ ਇਜਾਜ਼ਤ (ਹਫ਼ਤੇ ‘ਚ 20 ਘੰਟੇ) ਤੋਂ ਕਿਤੇ ਵੱਧ ਕੰਮ ਕਰਨਾ ਸ਼ੁਰੂ ਕਰ ਦਿੱਤਾ। ਟਰੱਕ ਚਲਾਉਣ ਲੱਗ ਪਿਆ। 13 ਦਸੰਬਰ 2017 ਨੂੰ ਹਾਈਵੇ 401 ਉੱਪਰ ਮਾਂਟਰੀਅਲ ਤੋਂ ਟੋਰਾਂਟੋ ਵੱਲ ਟਰੱਕ ਲਿਜਾ ਰਿਹਾ ਸੀ ਤਾਂ ਪੁਲਿਸ ਨੇ ਰਾਹ ਵਿਚ ਰੋਕ ਕੇ ਉਸ ਦੇ ਪੇਪਰ ਚੈੱਕ ਕੀਤੇ। ਡਰਾਈਵਰ ਵਜੋਂ ਉਸ ਦੀ ਲਾਗ ਬੁੱਕ ਵਿਚ ਊਣਤਾਈਆਂ ਅਤੇ ਨਤੀਜੇ ਵਜੋਂ ਕੈਨੇਡਾ ਵਿਚ ਕੰਮ ਕਰਨ ਦਾ ਢੁਕਵਾਂ ਵਰਕ ਪਰਮਿਟ ਨਾ ਹੋਣ ਕਾਰਨ ਉਹ ਕਾਨੂੰਨੀ ਅੜਚਣਾਂ ਵਿਚ ਉਲਝ ਗਿਆ। ਇਮੀਗ੍ਰੇਸ਼ਨ ਐਂਡ ਰਫ਼ਿਊਜੀ ਬੋਰਡ ਨੇ ਉਸ ਦੀ ਅਪੀਲ ਵੀ ਠੁਕਰਾ ਦਿੱਤੀ ਸੀ ਅਤੇ ਉਸ ਕੋਲ 31 ਮਈ ਤੱਕ ਆਪਣੇ ਆਪ ਕੈਨੇਡਾ ਵਿਚੋਂ ਬਾਹਰ ਚਲੇ ਜਾਣ ਦੀ ਮੁਹਲਤ ਸੀ ਜਿਸ ਨੂੰ ਵਧਾ ਕੇ 15 ਜੂਨ ਕਰ ਦਿੱਤਾ ਗਿਆ ਹੈ। ਜੇਕਰ ਉਹ ਆਪ ਨਹੀਂ ਜਾਵੇਗਾ ਜਾਂ ਢੁਕਵਾਂ ਵੀਜ਼ਾ ਪ੍ਰਾਪਤ ਨਹੀਂ ਕਰ ਸਕੇਗਾ ਤਾਂ ਉਸ ਨੂੰ ਡਿਪੋਰਟ ਕੀਤਾ ਜਾ ਸਕਦਾ ਹੈ। ਜਿਸ ਦਿਨ ਜੋਬਨਦੀਪ ਹਾਈਵੇ 401 ਉੱਪਰ ਗ੍ਰਿਫ਼ਤਾਰ ਕੀਤਾ ਗਿਆ ਸੀ ਉਸ ਤੋਂ ਡੇਢ ਕੁ ਹਫ਼ਤੇ ਬਾਅਦ ਉਸ ਦੀ ਪੜ੍ਹਾਈ ਖ਼ਤਮ ਹੋ ਜਾਣੀ ਸੀ।ઠ
ਕੈਨੇਡਾ ਵਿਚ ਹੱਦੋਂ ਵੱਧ ਜਾਂ ਢੁਕਵੇਂ ਵਰਕ ਪਰਮਿਟ ਤੋਂ ਬਿਨਾ ਕੰਮ ਕਰਨ ਵਾਲਾ ਜੋਬਨਦੀਪ ਕੋਈ ਇੱਕੋ ਇਕ ਜਾਂ ਪਹਿਲਾ ਕੇਸ ਨਹੀਂ ਹੈ। ਖ਼ਰਚੇ ਪੂਰੇ ਕਰਨ ਲਈ ਅਕਸਰ ਵਿਦਿਆਰਥੀਆਂ ਨੂੰ ਕੰਮ ਕਰਨਾ ਪੈਂਦਾ ਹੈ। ਜੋਬਨਦੀਪ ਨੇ ਹੁਣ ਇਮੀਗ੍ਰੇਸ਼ਨ ਮੰਤਰੀ ਹੁਸੈਨ ਨੂੰ ਲਿਖਤੀ ਅਪੀਲ ਕਰਨ ਵਾਸਤੇ ਪਟੀਸ਼ਨ ਤਿਆਰ ਕੀਤੀ ਹੈ ਜਿਸ ਵਿਚ ਉਸ ਨੇ ਮੰਤਰੀ ਨੂੰ ਡਿਪੋਰਟੇਸ਼ਨ ਰੋਕਣ ਅਤੇ ਵੀਜ਼ਾ (ਟੈਂਪਰੇਰੀ ਰੈਜ਼ੀਡੈਂਟ ਪਰਮਿਟ) ਦੇਣ ਦੀ ਅਪੀਲ ਕੀਤੀ ਹੈ। ਆਪਣੀ ਅਪੀਲ ‘ਚ ਉਸ ਨੇ ਬਹੁਤਾ ਕੰਮ ਕਰਨ ਦੀ ਆਪਣੀ ਮਜਬੂਰੀ ਦੱਸੀ ਹੈ ਅਤੇ ਕਿਰਤ ਕਾਨੂੰਨਾਂ ਵਿਚ ਕਮੀ ਕੱਢੀ ਹੈ। ਇਹ ਵੀ ਕਿ ਬਹੁਤਾ ਕੰਮ ਕਰਨ ਕਰਕੇ ਵਿਦੇਸ਼ੀ ਵਿਦਿਆਰਥੀ ਕੈਨੇਡਾ ਵਿਚੋਂ ਕੱਢੇ ਨਹੀਂ ਜਾਣੇ ਚਾਹੀਦੇ ਸਗੋਂ ਉਨ੍ਹਾਂ ਨੂੰ ਆਉਂਦੇ ਸਾਰੇ ਪੱਕੇ ਕੀਤਾ ਜਾਣਾ ਚਾਹੀਦਾ ਤਾਂ ਕਿ ਉਹ ਖੁੱਲ੍ਹ ਕੇ ਕੰਮ ਕਰ ਸਕਣ।ઠ
ਅਜਿਹੇ ਵਿਚ ਸਟੱਡੀ ਪਰਮਿਟ ਅਤੇ ਵਰਕ ਪਰਮਿਟ ‘ਚ ਫ਼ਰਕ ਸਮਝਣਾ ਅਤੇ ਉਨ੍ਹਾਂ ਦੇ ਦਾਇਰੇ ਵਿਚ ਰਹਿਣਾ ਅਤਿ ਜ਼ਰੂਰੀ ਹੈ। ਸਟੱਡੀ ਪਰਮਿਟ ਦੀ ਸਭ ਤੋਂ ਪਹਿਲੀ (ਸਖ਼ਤ) ਸ਼ਰਤ ਹੈ ਕਿ ਧਾਰਕ ਦੀ ਇੱਛਾ ਕੈਨੇਡਾ ਵਿਚ ਪੜ੍ਹਾਈ ਕਰਨਾ ਹੋਣੀ ਚਾਹੀਦੀ ਹੈ। ਲਗਨ ਨਾਲ ਪੜ੍ਹਨਾ ਲਾਜ਼ਮੀ ਹੈ। ਪੜ੍ਹਾਈ ਦੌਰਾਨ ਹਫ਼ਤੇ ਵਿਚ 20 ਘੰਟੇ ਕੰਮ ਕਰਨ ਦੀ ਜੋ ਖੁੱਲ੍ਹ ਮਿਲਦੀ ਹੈ ਉਸ ਦਾ ਪ੍ਰਮੁੱਖ ਮਕਸਦ ਵਿਦੇਸ਼ੀ ਸਟੂਡੈਂਟ ਨੂੰ ਕੈਨੇਡੀਅਨ ਵਰਕ ਐਕਸਪੀਰੀਐਾਸ ਹਾਸਿਲ ਕਰਨ ਤੇ ਕੁਝ ਜੇਬ ਖ਼ਰਚ ਕਮਾਉਣ ਦਾ ਮੌਕਾ ਦੇਣਾ ਹੈ। ਇਸ ਤੋਂ ਜ਼ਿਆਦਾ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਢੁੱਕਵਾਂ ਕੈਨੇਡੀਅਨ ਵਰਕ ਪਰਮਿਟ ਲੈਣਾ ਜ਼ਰੂਰੀ ਹੈ। ਜੇਕਰ ਡਾਲਰਾਂ ਦੀ ਕਮਾਈ ਵਾਸਤੇ ਬਹੁਤਾ ਕੰਮ ਕੀਤਾ ਜਾਵੇ ਤਾਂ ਸਟੱਡੀ ਪਰਮਿਟ ਆਪਣੇ ਆਪ ਕੈਂਸਲ ਸਮਝਿਆ ਜਾਂਦਾ ਹੈ। ਪ੍ਰੇਸ਼ਾਨੀਆਂ ਵਿਚ ਘਿਰੇ ਜੋਬਨਦੀਪ ਨੇ ਟਰੱਕ ਚਲਾ ਕੇ ਕੈਨੇਡੀਅਨ ਵਰਕ ਐਕਸਪੀਰੀਐਂਸ ਹਾਸਿਲ ਕਰਦਿਆਂ ਅਤੇ ਡਾਲਰ ਕਮਾਉਂਦਿਆਂ ਆਪਣੀ ਪੜ੍ਹਾਈ ਨਾਲ ਹਫ਼ਤੇ ਵਿਚ ਵੱਧ ਤੋਂ ਵੱਧ 20 ਘੰਟੇ ਕੰਮ ਕਰਨ ਵਾਲੀ ਮਿਲੀ ਖੁੱਲ੍ਹ ਦੀ ਅਵੱਗਿਆ ਕੀਤੀ ਹੋਈ ਹੈ ਜਿਸ ਨੂੰ ਕੈਨੇਡਾ ਵਿਚ ਕਾਨੂੰਨੀ ਦੀ ਭਾਸ਼ਾ ‘ਚ ਕਦਾਚਿਤ ਪ੍ਰਵਾਨ ਨਹੀਂ ਕੀਤਾ ਜਾਂਦਾ ਕਿਉਂਕਿ ਸਟੱਡੀ ਪਰਮਿਟ ਕੋਈ ਆਮ ਵਰਕ ਪਰਮਿਟ ਨਹੀਂ ਹੈ।
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …